
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਇਹ ਮੰਦਭਾਗਾ ਫ਼ੈਸਲਾ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੁਆਰਾ ਜਥੇਦਾਰ ਸਾਹਿਬਾਨ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਬਿਨਾ ਕਾਰਨ ਦੱਸੇ ਬਰਖ਼ਾਸਤ ਕਰਨਾ, ਜਥੇਦਾਰ ਸਾਹਿਬਾਨ ਦੇ ਸਨਮਾਨਤ ਅਹੁਦਿਆਂ ਲਈ ਹੀ ਨਹੀਂ ਪੂਰੀ ਕੌਮ ਲਈ ਬਹੁਤ ਹੀ ਬੇਇਜ਼ਤੀ ਭਰਿਆ ਹੈ। ਸਿੱਖ ਕੌਮ ਦੇ ਪੁਰਾਣੇ ਸੰਘਰਸ਼ੀਲ ਕਾਰਜ ਕਰਤਾ ਅਤੇ ਵਿਦਵਾਨ ਡਾਕਟਰ ਭਗਵਾਨ ਸਿੰਘ, ਸਰਬਜੀਤ ਸਿੰਘ ਸੋਹਲ, ਭਾਈ ਹਰਸਿਮਰਨ ਸਿੰਘ ਅਨੰਦਪੁਰ, ਹਰਵਿੰਦਰ ਸਿੰਘ ਬਠਿੰਡਾ, ਸਵਰਨ ਸਿੰਘ ਖ਼ਾਲਸਾ, ਅਵਤਾਰ ਸਿੰਘ ਬੋਪਾਰਾਏ ਨੇ ਇਕ ਲਿਖਤ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਇਹ ਮੰਦਭਾਗਾ ਫ਼ੈਸਲਾ ਉਸ ਵੇਲੇ ਲਿਆ ਹੈ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਹੁਦੇ ’ਤੇ ਨਹੀਂ ਹੈ ਅਤੇ ਅੰਤਰਿੰਗ ਕਮੇਟੀ ਦੇ ਵੀ ਤਿੰਨ ਮੈਂਬਰ ਇਸ ਫ਼ੈਸਲੇ ਦੇ ਵਿਰੋਧ ਵਿਚ ਸਨ। ਵਿਦਵਾਨਾ ਨੇ ਕਿਹਾ ਕਿ ਸਿੰਘ ਸਾਹਿਬਾਨ ਨੇ ਕੌਮ ਦੀ ਸ਼ਾਨ ਦੇ ਖ਼ਿਲਾਫ਼ ਕੋਈ ਅਜਿਹਾ ਗੁਨਾਹ ਨਹੀਂ ਸੀ ਕੀਤਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਜਲੀਲ ਕਰ ਕੇ ਲਾਹ ਦਿਤਾ ਜਾਵੇ। ਇਸ ਤੋਂ ਪਹਿਲਾਂ ਇਸੇ ਅੰਤਰਿੰਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖ਼ਿਲਾਫ਼ ਭੁਗਤਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਕੇ ਘਰ ਨੂੰ ਤੋਰ ਦਿਤਾ ਸੀ।
ਅੱਜ ਫਿਰ ਅਜਿਹੇ ਹੀ ਬੇਸਿਰ ਪੈਰ ਦੇ ਦੋਸ਼ ਲਾ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਾਹਿਆ ਗਿਆ ਜਦਕਿ ਗਿਆਨੀ ਸੁਲਤਾਨ ਸਿੰਘ ਉਪਰ ਤਾਂ ਲਾਉਣ ਲਈ ਕੋਈ ਦੋਸ਼ ਵੀ ਨਹੀ ਲੱਭਿਆ। ਇਸ ਤੋਂ ਵੀ ਮਾੜੀ ਗੱਲ ਇਹ ਹੋਈ ਕਿ ਇਨ੍ਹਾਂ ਨੂੰ ਜਥੇਦਾਰੀ ਦੇ ਅਹੁਦਿਆਂ ਲਈ ਤਿੰਨ ਬੰਦੇ ਵੀ ਨਹੀਂ ਲੱਭੇ। ਇਕ ਹੀ ਆਦਮੀ ਨੂੰ ਦੋ ਤਖ਼ਤਾਂ ਦਾ ਇੰਚਾਰਜ ਬਣਾਇਆ ਗਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਦਾ ਇਹ ਦੋਸ਼ ਬਿਲਕੁਲ ਦਰੁੱਸਤ ਹੈ ਕਿ ਇਹ ਸਾਰੀ ਕਵਾਇਦ ਦੋ ਦਸੰਬਰ ਦੇ ਇਤਿਹਾਸਕ ਹੁਕਮਨਾਮੇ ਨੂੰ ਉਲਟਾਉਣ ਅਤੇ ਸਿੰਘ ਸਾਹਿਬਾਨ ਨੂੰ ਸਬਕ ਸਿਖਾਉਣ ਲਈ ਕੀਤੀ ਗਈ ਹੈ। ਪੰਥਕ ਵਿਦਵਾਨਾਂ ਨੇ ਅਪਣੇ ਬਿਆਨ ਵਿਚ ਕਿਹਾ ਕਿ ਜੇ ਪਿਛਲੇ ਕੁੱਝ ਮਹੀਨਿਆਂ ਦੀਆਂ ਕਾਰਵਾਈਆਂ ’ਤੇ ਨਜ਼ਰ ਮਾਰੀਏ ਤਾਂ ਇਹ ਬਹੁਤ ਹੀ ਸੰਤੁਸ਼ਟੀਜਨਕ ਨਜ਼ਰ ਆਉਂਦਾ ਹੈ ਕਿ ਬਹੁਤ ਸਾਲਾਂ ਬਾਅਦ ਇਤਿਹਾਸ ਵਿਚ ਜਥੇਦਾਰ ਸਾਹਿਬਾਨ ਨੇ ਅਪਣਾ ਰੋਲ ਸੂਝ ਅਤੇ ਦਲੇਰੀ ਭਰੇ ਢੰਗ ਨਾਲ ਨਿਭਾਇਆ ਹੈ ਜਿਸ ਨਾਲ ਪੰਥ ਦਾ ਮਾਣ ਵਧਿਆ ਅਤੇ ਦੋਖੀ ਪੂਰੀ ਤਰ੍ਹਾਂ ਅਲੱਗ ਥਲੱਗ ਪੈ ਗਏ ਹਨ। ਹੁਣ ਇਹ ਜ਼ਿੰਮੇਵਾਰੀ ਪੰਥ ਦੇ ਸਿਰ ਆ ਪਈ ਹੈ ਕਿ ਉਹ ਸਿੰਘ ਸਾਹਿਬਾਨ ਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਮੈਦਾਨ ਵਿਚ ਨਿੱਤਰਦੇ ਹਨ ਜਾਂ ਨਹੀਂ। ਪੰਥਕ ਵਿਦਵਾਨਾਂ ਨੇ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਰਾਜਸੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਬੱਤ ਸੰਗਤਾਂ ਦਾ ਇਕੱਠ ਸੱਦ ਕੇ ਸਾਂਝਾ ਫ਼ੈਸਲਾ ਲੈਣ ਜਿਸ ਨਾਲ ਇਨ੍ਹਾਂ ਅਪੰਥਕ ਲੋਕਾਂ ਤੋਂ ਸਿੱਖ ਸੰਸਥਾਵਾਂ ਨੂੰ ਛੇਤੀ ਤੋਂ ਛੇਤੀ ਆਜ਼ਾਦ ਕਰਾਇਆ ਜਾ ਸਕੇ ਤਾਂ ਜੋ ਇਹ ਪੰਥ ਨੂੰ ਜਲੀਲ ਕਰਨ ਵਾਲੇ ਹੋਰ ਅਜਿਹੇ ਫ਼ੈਸਲੇ ਨਾ ਲੈ ਸਕਣ।