ਢਾਡੀਆਂ ਦੇ ਮਸਲੇ 'ਤੇ ਜਥੇਦਾਰ ਨੂੰ ਮਿਲਾਂਗਾ: ਲੌਂਗੋਵਾਲ
ਅੰਮ੍ਰਿਤਸਰ, 7 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐਮ ਏ ਨੇ ਕਿਹਾ ਕਿ ਸਾਨੂੰ ਛੇਵੇਂ ਪਾਤਸ਼ਾਹ ਨੇ ਅਕਾਲ ਤਖ਼ਤ 'ਤੇ ਲਿਆ ਕੇ ਬੁਲਾਇਆ ਹੈ, ਏਥੇ ਹੀ ਬੋਲਾਂਗੇ, ਅਕਾਲ ਤਖ਼ਤ ਸਾਡੀ ਜਿੰਦ-ਜਾਨ ਹੈ। ਅਸੀਂ ਗ਼ਲਤ ਪਰੰਪਰਾ ਦੇ ਵਿਰੁਧ ਹਾਂ। ਉਨ੍ਹਾਂ ਕਿਹਾ ਸਾਡੀ ਗੈਰਤ ਨੂੰ ਚੈਲੰਜ ਕੀਤਾ ਗਿਆ ਹੈ, ਅਸੀਂ ਆਪਣੇ ਹੱਕ ਲਈ ਲੜ ਰਹੇ ਹਾਂ। ਇਹ ਕਹਿਣਾ ਬਿਲਕੁਲ ਗਲਤ ਹੈ ਕਿ ਢਾਡੀ ਸਭਾਵਾਂ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਪੀ.ਈ ਸਤਿੰਦਰਪਾਲ ਸਿੰਘ ਸੋਨੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਡੂੰਘੀ ਚਾਲ ਨਾਲ ਇੱਕ ਧਿਰ ਉਤਸ਼ਾਹ ਕਰਕੇ ਸਾਡੇ ਵਿਰੁੱਧ ਖੜਾ ਕੀਤਾ ਗਿਆ ਹੈ, ਝੂਠਾ ਪੱਖ ਪੂਰਿਆ ਗਿਆ ਹੈ, ਜਿਸ ਨਾਲ ਕੁੜੱਤਨ ਪੈਦਾ ਹੋਈ ਅਤੇ ਜਥੇਦਾਰ ਦੇ ਪੀ.ਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੀਵਾਨ ਬੰਦ ਕਰਕੇ ਮਰਿਯਾਦਾ ਭੰਗ ਕੀਤੀ। ਉਨ੍ਹਾਂ ਕਿਹ ਮੈਂ ਵਾਰ-ਵਾਰ ਸਿੰਘ ਸਾਹਿਬ ਨੂੰ ਬੇਨਤੀਆਂ ਕੀਤੀਆਂ ਕਿ 41 ਜਥੇ ਧਰਮ ਪ੍ਰਚਾਰ ਕਮੇਟੀ ਵੱਲੋਂ ਟੈਸਟ ਪਾਸ ਹਨ, ਤੁਸੀ ਇਹ ਨਾ ਕਹੋ ਕਿ ਸਾਡੀ ਸਭਾ ਵਿਚ ਕਿੰਨੇ ਹਨ ਤੇ ਦੂਸਰੀ ਸਭਾ ਵਿਚ ਕਿੰਨੇ ਹਨ, ਇਹ ਸਾਰੇ ਪਾਸ ਜਥਿਆਂ ਦੀ ਲਿਸਟ ਲੈ ਕੇ ਰੋਜ਼ਾਨਾ 4 ਜਥੇ ਰੋਟੇਸ਼ਨ ਨਾਲ ਬੁਲਾਉ, ਇਹ ਨਾ ਵੇਖਿਆ ਜਾਵੇ ਕਿ ਕਿਹੜਾ ਢਾਡੀ ਕਿਹੜੀ ਸਭਾ ਨਾਲ ਸਬੰਧਤ ਹੈ, ਸਾਨੂੰ ਪ੍ਰਵਾਨ ਹੋਵੇਗਾ। ਪਰ ਦਫ਼ਤਰ ਸ੍ਰੀ ਅਕਾਲ ਤਖ਼ਤ ਸਾਹਿਬ ਇਹ ਫੈਸਲਾ ਦੇਣ ਨੂੰ ਤਿਆਰ ਨਹੀਂ।
ਉਨ੍ਹਾਂ ਕਿਹਾ ਅਸੀਂ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਪੂਰਨਿਆਂ 'ਤੇ ਚੱਲ ਕੇ ਹੈਰੀਟੇਜ ਪਲਾਜਾ ਵਿਚ ਦੀਵਾਨ ਸਜਾ ਰਹੇ ਹਾਂ। ਜਿਵੇਂ ਗੁਰੂ ਜੀ ਦਰਸ਼ਨੀ ਡਿਊਟੀ ਅੱਗੋਂ ਮੱਥਾ ਟੇਕ ਕੇ ਵੱਲੇ ਨੂੰ ਚਲੇ ਸਨ, ਅਸੀਂ ਵੀ ਅਕਾਲ ਤਖ਼ਤ ਵਿਖੇ ਜਾਪ ਕਰ ਕੇ ਸ਼ਾਂਤਮਈ ਤਰੀਕੇ ਨਾਲ ਹੈਰੀਟੇਜ਼ ਪਲਾਜ਼ਾ ਵਿਚ ਦੀਵਾਨ ਸਜਾ ਰਹੇ ਹਾਂ ਅਤੇ ਇਹ ਰੋਸ ਕਰਨ ਦਾ ਤਰੀਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਦੀਵਾਨ ਸਜਾਈਏ ਤੇ ਕੋਈ ਸ਼ਰਾਰਤੀ ਅਨਸਾਰ ਛੇੜਖਾਨੀ ਕਰਕੇ ਸ਼੍ਰੋਮਣੀ ਕਮੇਟੀ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਹੋਵੇ। ਇਸ ਦੌਰਾਨ ਗਿਆਨੀ ਕੇਵਲ ਸਿੰਘ ਸਾਬਕਾ ਅਤੇ ਗਿਆਨੀ ਭਗਵਾਨ ਸਿੰਘ ਨੇ ਗਿਆਨੀ ਬਲਦੇਵ ਸਿੰਘ ਐਮ ਨੇ ਨਾਲ ਫ਼ੋਨ 'ਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਇਸ ਧਾਰਮਕ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਪੰਥ ਵਿਰੋਧੀ ਤਾਕਤਾਂ ਨੂੰ ਮੌਕਾ ਨਾ ਮਿਲ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਕਿ ਢਾਡੀਆਂ ਦੇ ਮਸਲੇ ਸਬੰਧੀ ਉਹ ਜਲਦੀ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਮਿਲਣਗੇ