
'ਹਰਨੇਕ ਸਿੰਘ ਨੇਕੀ ਵਿਰੁਧ ਹੋਵੇ ਸਖ਼ਤ ਕਾਰਵਾਈ'
ਤਰਨਤਾਰਨ, 7 ਜੂਨ (ਚਰਨਜੀਤ ਸਿੰਘ): ਉਤਰ ਪ੍ਰਦੇਸ਼ ਦੇ ਲਖਨਊ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਖੋਲ੍ਹੇ ਜਾ ਰਹੇ ਸਬ ਆਫ਼ਿਸ ਨੂੰ ਲੈ ਕੇ ਲਖਨਊ ਦੀ ਸੰਗਤ ਨੇ ਆਪਣਾ ਰੋਸ ਕਮੇਟੀ ਨੂੰ ਲਿਖ ਭੇਜਿਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਜਿਥੇ ਕਮੇਟੀ ਦੇ ਅਧਿਕਾਰੀ ਸਬ ਆਫਿਸ ਖੋਲਣ ਦੀ ਇੱਛਾ ਰੱਖਦੇ ਹਨ ਉਹ ਕੋਈ ਇਤਿਹਾਸਕ ਅਸਥਾਨ ਨਹੀਂ ਹੈ ਬਲਕਿ ਇਕ ਮੁਹੱਲੇ ਦਾ ਗੁਰਦਵਾਰਾ ਹੈ।
ਦੱਸਣਯੋਗ ਹੈ ਕਿ ਕਮੇਟੀ ਦੇ ਕੁਝ ਅਧਿਕਾਰੀ ਆਲਮ ਬਾਗ਼ ਦੇ ਗੁਰਦਵਾਰੇ ਵਿਚ ਸਬ ਆਫਿਸ ਖੋਲ੍ਹਣਾ ਚਾਹੁੰਦੇ ਹਨ। ਪੱਤਰ ਵਿਚ ਕਿਹਾ ਗਿਆ ਹੈ ਕਿ ਲਖਨਊ ਵਿਚ 30 ਗੁਰਦਵਾਰੇ ਤੇ ਸਿੰਘ ਸਭਾਵਾਂ ਹਨ। ਸ੍ਰੀ ਗੁਰੂ ਸਿੰਘ ਸਭਾ ਨਾਕਾ ਹਿੰਡੋਲਾ ਸਭ ਤੋਂ ਪੁਰਾਣੀ ਸੰਸਥਾ ਹੈ ਜੋ ਕਰੀਬ 120 ਸਾਲ ਪੁਰਾਣੀ ਹੈ। ਪੱਤਰ ਚ ਦੋਸ਼ ਲਗਾਇਆ ਕਿ ਆਲਮ ਬਾਗ਼ ਗੁਰਦਵਾਰੇ ਦੇ ਪ੍ਰਬੰਧਕ ਕਥਿਤ ਤੌਰ ਤੇ ਸ਼ਰਾਬ ਦੀ ਵਰਤੋਂ ਕਰਦੇ ਹਨ ਜਿਸ ਦੀਆਂ ਤਸਵੀਰਾਂ ਵੀ ਭੇਜੀਆਂ ਹਨ, ਤੇ ਕੁਝ ਮੈਂਬਰਾਂ ਤੇ ਵੱਖ ਵੱਖ ਅਦਾਲਤਾਂ ਵਿੱਚ ਕੇਸ ਵੀ ਚਲ ਰਹੇ ਹਨ।
ਪੱਤਰ ਵਿਚ ਦੋਸ਼ ਲਗਾਇਆ ਗਿਆ ਕਿ ਆਲਮ ਬਾਗ਼ ਕਮੇਟੀ ਦਾ ਮੌਜੂਦਾ ਪ੍ਰਧਾਨ ਗੁਰੂ ਦੀ ਗੋਲਕ ਨੂੰ ਨਿੱਜੀ ਸਵਾਰਥ ਲਈ ਵਰਤ ਰਿਹਾ ਹੈ। ਪੱਤਰ ਵਿਚ ਮੰਗ ਕੀਤੀ ਗਈ ਕਿ ਸਬ ਆਫਿਸ ਕਿਧਰੇ ਹੋਰ ਖੋਲ੍ਹ ਲਿਆ ਜਾਵੇ। ਪੱਤਰ ਤੇ ਜੇ ਪੀ ਐਸ ਭਾਟੀਆ ਤੇ ਦਲੀਪ ਸਿੰਘ ਛਾਬੜਾ ਦੇ ਦਸਤਖ਼ਤ ਹਨ।