
SGPC News : ਲੁਧਿਆਣਾ ਜ਼ਿਲ੍ਹੇ ਵਿਚ ਸੱਭ ਤੋਂ ਵੱਧ 3,12,379 ਤੇ ਨਵਾਂਸ਼ਹਿਰ ਜ਼ਿਲ੍ਹੇ ਵਿਚ ਸੱਭ ਤੋਂ ਘੱਟ 25090 ਵੋਟਰ
SGPC News: ਤਿੰਨ ਸਾਲ ਪਹਿਲਾਂ, 1 ਜੁਲਾਈ 2021 ਨੂੰ ਬਤੌਰ ਚੀਫ ਕਮਿਸ਼ਨਰ, ਗੁਰਦੁਆਰਾ ਚੋਣਾਂ ਦੇ ਅਹੁਦੇ ਦਾ ਚਾਰਜ ਸੰਭਾਲਣ ਵਾਲੇ ਸੇਵਾ ਮੁਕਤ ਜੱਜ, ਜਸਟਿਸ ਐਸ. ਐਸ. ਸਾਰੋਂ ਨੇ, ਪੰਜਾਬ ਯੂਟੀ ਚੰਡੀਗੜ੍ਹ ਤੇ ਹਿਮਾਚਲ ਦੇ ਸਿੱਖ ਵੋਟਰਾਂ ਲਈ ਭਾਵੇਂ ਵੋਟਰ ਫ਼ਾਰਮ ਭਰਨ ਦੀ ਤਰੀਕ 2 ਵਾਰ ਵਧਾ ਕੇ, ਜੁਲਾਈ 31 ਤਕ ਕਰ ਦਿਤੀ ਹੋਈ ਹੈ, ਪਰ ਸਿੱਖ ਵੋਟਰਾਂ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਲਈ ਮੈਂਬਰ ਚੁਣਨ ਦੀ ਦਿਲਚਸਪੀ, ਦਿਨੋਂ-ਦਿਨ ਘੱਟ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਨੂੰ ਚੋਣਾਂ ਵਾਲੇ ਸੂਤਰਾਂ ਤੋਂ ਮਿਲੀ ਸੂਚਨਾ ਮੁਤਾਬਕ, ਹੁਣ ਤਕ ਵੋਟਰ ਲਿਸਟਾਂ ਤਿਆਰ ਕਰਨ ਵਾਸਤੇ, ਫ਼ੋਟੋ ਸਹਿਤ, ਕੇਸਾਧਾਰੀ ਸਿੱਖ ਮਰਦਾਂ ਤੇ ਸਿੱਖ ਬੀਬੀਆਂ ਵਲੋਂ ਦਿਤੇ ਬਿਨੈ ਫ਼ਾਰਮਾਂ ਦੀ ਕੁਲ ਗਿਣਤੀ ਕੇਵਲ 27,80,000 ਦੇ ਕਰੀਬ ਹੋਈ ਸੀ, ਜੋ 13 ਸਾਲ ਪਹਿਲਾਂ, ਸਤੰਬਰ, 2011 ਵਿਚ ਹੋਈਆਂ ਚੋਣਾਂ ਵਿਚ ਵੋਟਰ ਗਿਣਤੀ 55 ਲੱਖ ਤੋਂ ਘੱਟ ਕੇ ਅੱਧੀ ਰਹਿ ਗਈ ਹੈ। ਚੋਣਾਂ ਵਾਲੇ ਦਫ਼ਤਰ ਤੋਂ ਮਿਲੀ ਸੂਚਨਾ ਅਨੁਸਾਰ ਕੁਲ 27,80,000 ਵੋਟਰ ਫ਼ਾਰਮ, ਪੰਜਾਬ ਦੇ 23 ਜ਼ਿਲ੍ਹਿਆਂ ਵਿਚ ਪੈਂਦੀਆਂ 110 ਸੀਟਾਂ ਵਿਚ ਰਹਿੰਦੇ ਕੇਸਾਧਾਰੀ ਸਿੱਖ ਮਰਦਾਂ ਤੇ ਸਿੱਖ ਬੀਬੀਆਂ ਵਲੋਂ ਜ਼ਰੂਰੀ ਦਸਤਾਵੇਜ਼ਾਂ ਨਾਲ ਉਮਰ 21 ਸਾਲ ਤੋਂ ਵੱਧ ਵਾਲਿਆਂ ਦੇ ਹੀ ਭਰੇ ਗਏ ਹਨ।
ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ 13 ਹਲਕਿਆਂ, ਖੰਨਾ-ਪਾਇਲ ਦੋਰਾਹਾ, ਪੱਖੋਵਾਲ, ਰਾਏਕੋਟ, ਜਗਰਾਉਂ, ਸਿੱਧਵਾਂ ਬੇਟ, ਮੁੱਲਾਂਪੁਰ ਦਾਖਾ, ਲੁਧਿਆਣਾ ਦਖਣੀ, ਪਛਮੀ, ਉੱਤਰੀ, ਦਿਹਾਤੀ ਤੇ ਸਮਰਾਲਾ ਤੋਂ ਕੁਲ ਮਿਲਾ ਕੇ 3,12, 379 ਵੋਟਰ ਫ਼ਾਰਮ, ਸੱਭ ਤੋਂ ਵੱਧ ਅਤੇ ਨਵਾਂਸ਼ਹਿਰ ਜ਼ਿਲ੍ਹੇ ਤੋਂ ਸੱਭ ਤੋਂ ਘੱਟ 25,090 ਫ਼ਾਰਮ ਭਰੇ ਗਏ ।
ਸੂਚਨਾ ਇਹ ਵੀ ਮਿਲੀ ਹੈ ਕਿ 31 ਜੁਲਾਈ ਤੋਂ ਬਾਅਦ ਹੋਰ ਵਾਧਾ ਕਰਨਾ ਸੰਭਵ ਨਹੀਂ । ਪੰਜਾਬ ਵਿਚ ਆਉਂਦੇ ਦਿਨਾਂ ਵਿਚ, ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਤੇ ਗਿੱਦੜਬਾਹਾ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਹਨ, ਮਗਰੋਂ 13240 ਪਿੰਡਾਂ ਵਿਚ ਪੰਚਾਇਤ ਚੋਣਾਂ ਉਸ ਉਪਰੰਤ ਕਾਰਪੋਰੇਸ਼ਨ ਤੇ ਮਿਉਂਸਪਲ ਕਮੇਟੀ ਚੋਣਾਂ ਵੀ ਜ਼ਰੂਰੀ ਹੋਣੀਆਂ ਹਨ ਤੇ ਸਿੱਖਾਂ ਦੀ ਸਿਰਮੌਰ ਧਾਰਮਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 159 ਮੈਂਬਰੀ ਹਾਊਸ ਵਾਸਤੇ ਚੋਣਾਂ, ਨਵੰਬਰ–ਦਸੰਬਰ ਜਾਂ ਫਿਰ 2025 ਦੇ ਸ਼ੁਰੂ ਵਿਚ ਹੀ ਕਰਵਾਉਣ ਦੀ ਸੰਭਾਵਨਾ ਹੈ।
ਹਰਿਆਣਾ ਦੀ ਵਖਰੀ ਗੁਰਦੁਆਰਾ ਕਮੇਟੀ ਦੇ ਬਣਨ ਕਾਰਨ ਕੁਲ 120 ਸੀਟਾਂ ਵਿਚੋਂ 8 ਸੀਟਾਂ, ਹਰਿਆਣੇ ਦੀਆਂ ਨਿਕਲ ਗਈਆਂ ਤੇ ਪੰਜਾਬ ਵਿਚੋਂ ਹੁਣ 110 ਸੀਟਾਂ ਤੋਂ 157 ਮੈਂਬਰ ਚੁਣੇ ਜਾਂਦੇ ਹਨ। ਇਕ-ਇਕ ਮੈਂਬਰ ਹਿਮਾਚਲ ਤੇ ਯੂ.ਟੀ ਚੰਡੀਗੜ੍ਹ ਤੋਂ ਆਉਂਦਾ ਹੈ। ਪੰਜਾਬ ਦੀਆਂ 110 ਸੀਟਾਂ ਵਿਚੋਂ 47 ਸੀਟਾਂ ਦੋਹਰੀ ਮੈਂਬਰਸ਼ਿਪ ਵਾਲੀਆਂ ਹਨ।