
Panthak News: ਸ.ਜੋਗਿੰਦਰ ਸਿੰਘ ਦੇ ਪੰਥ ਦੀ ਚੜ੍ਹਦੀ ਕਲਾ ਲਈ ਪਾਏ ਯੋਗਦਾਨ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦੈ: ਪੰਨਵਾਂ/ਧੁੰਦਾ
Two big missionary colleges. Tribute to Joginder Singh Ji Panthak News: ਜਿਸ ਤਰ੍ਹਾਂ ਪੁਜਾਰੀਆਂ ਨੇ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਦੇ ਪੰਥ ਦੀ ਚੜ੍ਹਦੀ ਕਲਾ ਲਈ ਪਾਏ ਯੋਗਦਾਨ ਨੂੰ ਦਰਕਿਨਾਰ ਕਰ ਕੇ ਪੰਥ ਵਿਚੋਂ ਛੇਕਣ ਦੀ ਹਰਕਤ ਕੀਤੀ ਪਰ ਉਨ੍ਹਾਂ ਦਾ ਨਾਮ ਅੱਜ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਸ. ਜੋਗਿੰਦਰ ਸਿੰਘ ਸਪੋਕਸਮੈਨ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੀ ਗੁਰੂ ਨਾਨਕ ਨਾਮਲੇਵਾ ਸੰਗਤ ਸਤਿਕਾਰ ਨਾਲ ਲੈਂਦੀ ਹੈ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪਿ੍ਰੰਸੀਪਲ ਗੁਰਬਚਨ ਸਿੰਘ ਪੰਨਵਾ ਅਤੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਸਮੇਤ ਪੋ੍ਰ. ਸਰਬਜੀਤ ਸਿੰਘ ਧੁੰਦਾ, ਸੁਖਵਿੰਦਰ ਸਿੰਘ ਦਦੇਹਰ, ਗੁਰਜੰਟ ਸਿੰਘ ਰੂਪੋਵਾਲੀ ਆਦਿ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਾਵੇਂ ਸ. ਜੋਗਿੰਦਰ ਸਿੰਘ ਜੀ ਦੇ ਅਚਾਨਕ ਵਿਛੋੜੇ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ ਤੇ ਪੁਜਾਰੀਵਾਦ ਵਿਰੁਧ ਡਟਵਾਂ ਸਟੈਂਡ ਲੈਣ ਬਦਲੇ ਸ. ਜੋਗਿੰਦਰ ਸਿੰਘ ਨੂੰ ਇਕ ਯੁੱਗ ਪੁਰਸ਼ ਮੰਨਿਆ ਜਾਵੇਗਾ ਪਰ ਪੁਜਾਰੀਵਾਦ ਦੀ ਧੱਕੇਸ਼ਾਹੀ ਅਤੇ ਜ਼ਿਆਦਤੀਆਂ ਬਾਰੇ ਵੀ ਨਵੀਂ ਪੀੜ੍ਹੀ ਉਨ੍ਹਾਂ ਪੁਜਾਰੀਆਂ ਨੂੰ ਲਾਹਨਤਾਂ ਪਾਉਣ ਤੋਂ ਗੁਰੇਜ਼ ਨਹੀਂ ਕਰੇਗੀ, ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਪਲ ਪਲ ਚਿੰਤਕ ਰਹਿਣ ਵਾਲੇ ਸੱਜਣ ਨਾਲ ਬੇਗਾਨਗੀ ਵਾਲਾ ਰਵਈਆ ਅਖ਼ਤਿਆਰ ਕਰੀ ਰਖਿਆ। ਪਿ੍ਰੰਸੀਪਲ ਗੁਰਬਚਨ ਸਿੰਘ ਪੰਨਵਾਂ ਨੇ ਦਸਿਆ ਕਿ ਜਨਵਰੀ 1994 ਤੋਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਸਪੋਕਸਮੈਨ ਦੇ ਨਾਮ ਵਾਲੇ ਦੋ ਰਸਾਲੇ ਕੱਢ ਕੇ ਸ. ਜੋਗਿੰਦਰ ਸਿੰਘ ਨੇ ਪੰਥਕ ਹਲਕਿਆਂ ਵਿਚ ਅਜਿਹੀ ਰੂਹ ਫੂਕੀ ਜਿਸ ਨੇ ਪੱਤਰਕਾਰਤਾ ਵਿਚ ਨਵੇਂ ਮੀਲ ਪੱਥਰ ਗੱਡੇ, ਜਿਨ੍ਹਾਂ ਦੀ ਚਰਚਾ ਅੱਜ ਤਕ ਵੀ ਪੱਤਰਕਾਰਤਾ ਦੇ ਖੇਤਰ ਵਿਚ ਗੂੰਜ਼ਦੀ ਸੁਣਾਈ ਦਿੰਦੀ ਹੈ।
ਰਾਣਾ ਇੰਦਰਜੀਤ ਸਿੰਘ ਅਤੇ ਪ੍ਰੋ. ਸਰਬਜੀਤ ਸਿੰੰਘ ਧੁੰਦਾ ਨੇ ਆਖਿਆ ਕਿ ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਵਲੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਾਲੀ ਪੁਸਤਕ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਦੇ ਰਿਲੀਜ਼ ਕਰਨ ਦਾ ਵਿਰੋਧ ਕੀਤਾ ਤਾਂ ਤਖ਼ਤਾਂ ਦੇ ਜਥੇਦਾਰਾਂ ਨੇ ਉਸ ਨੂੰ ਪੰਥ ਵਿਚੋਂ ਛੇਕ ਦਿਤਾ, ਜੇਕਰ ਸ. ਜੋਗਿੰਦਰ ਸਿੰਘ ਨੇ ਇਸ ਨੂੰ ਗ਼ਲਤ ਪਿਰਤ ਆਖਿਆ ਤਾਂ ਜਥੇਦਾਰਾਂ ਵਲੋਂ ਸ. ਜੋਗਿੰਦਰ ਸਿੰਘ ਵਿਰੁਧ ਹੁਕਮਨਾਮਾ ਜਾਰੀ ਕਰਨ ਵਾਲੀ ਜੱਗੋ ਤੇਹਰਵੀਂ ਕਰ ਦਿਤੀ।
ਸਾਹਿਬਜਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾਂ ਕਲਾਂ ਰੋਪੜ ਦੇ ਚੇਅਰਮੈਨ ਜੋਗਿੰਦਰ ਸਿੰਘ, ਵਾਈਸ ਚੇਅਰਮੈਨ ਅਮਰਜੀਤ ਸਿੰਘ ਅਤੇ ਪਿ੍ਰੰਸੀਪਲ ਬਲਜੀਤ ਸਿੰਘ ਨੇ ਆਖਿਆ ਕਿ ਅਮੀਰ ਪਿਤਾ ਦੇ ਕਾਰੋਬਾਰ ਨੂੰ ਤਿਲਾਂਜਲੀ ਦੇ ਕੇ ਕੌਮ ਦੀ ਚਿੰਤਾ ਲਈ ਅਪਣੀ ਪਤਨੀ ਦੇ ਗਹਿਣੇ ਵੇਚ ਕੇ ਯੰਗ ਸਿੱਖ ਮੈਗਜ਼ੀਨ ਸ਼ੁਰੂ ਕਰਨ ਵਾਲੇ ਸ. ਜੋਗਿੰਦਰ ਸਿੰਘ ਨੇ 50 ਸਾਲ ਪਹਿਲਾਂ ਜਿਹੜੀ ਗੱਲ ਆਖੀ, ਲੱਖਾਂ ਚੁਨੌਤੀਆਂ ਦੇ ਬਾਵਜੂਦ ਵੀ ਉਸ ’ਤੇ ਅਖ਼ੀਰ ਤਕ ਅਡੋਲ ਰਹੇ। ਉਨ੍ਹਾਂ ਆਖਿਆ ਕਿ ‘ਉੱਚਾ ਦਰ ਬਾਬੇ ਨਾਨਕ ਦਾ’ 100 ਕਰੋੜੀ ਪ੍ਰਾਜੈਕਟ ਸੰਗਤਾਂ ਦੇ ਅਰਪਣ ਕਰਨ ਦੇ ਬਾਵਜੂਦ ਖ਼ੁਦ ਦਾ ਪ੍ਰਵਾਰ ਸਮੇਤ ਕਿਰਾਏ ਦੇ ਮਕਾਨ ਵਿਚ ਰਹਿ ਕੇ ਜੀਵਨ ਬਤੀਤ ਕਰਨ ਵਾਲਾ ਅਧਿਆਏ ਨਵੀਂ ਪੀੜ੍ਹੀ ਲਈ ਪ੍ਰੇਰਨਾਸਰੋਤ ਬਣੇਗਾ।