
ਮੋਟਰਸਾਈਕਲ ਰੈਲੀ ਵਿਭਿੰਨ ਕਸਬਿਆਂ ਅਤੇ ਸ਼ਹਿਰਾਂ ਤੋਂ ਹੁੰਦੇ ਹੋਏ 10 ਤੋਂ 12 ਘੰਟੇ ਦੀ ਯਾਤਰਾ ਤੋਂ ਬਾਅਦ ਅਪਣੇ ਸਥਾਨ 'ਤੇ ਪਹੁੰਚੇਗੀ।
ਨਵੀਂ ਦਿੱਲੀ : ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ 'ਤੇ ਸਮਾਜ ਨੂੰ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਲਈ ਆਗਾਮੀ 6 ਅਕਤੂਬਰ ਨੂੰ ਦਿੱਲੀ ਤੋਂ ਪੰਜਾਬ ਵਿਚਕਾਰ 250 ਕਿਲੋਮੀਟਰ ਲੰਬੀ 'ਸਰਬੱਤ ਦਾ ਭਲਾ ਬਾਈਕ ਰੈਲੀ' ਦਾ ਆਯੋਜਨ ਕੀਤਾ ਜਾਵੇਗਾ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲਗਭਗ 1500 ਮੋਟਰਸਾਈਕਲ ਸਵਾਰਾਂ ਦੀ ਇਹ ਰੈਲੀ ਦਿੱਲੀ ਦੇ ਗੁਰਦਵਾਰਾ ਰਕਾਬ ਗੰਜ ਸਾਹਿਬ ਤੋਂ ਸ਼ੁਰੂ ਹੋਵੇਗੀ ਅਤੇ ਪੰਜਾਬ ਦੇ ਗੁਰਦਵਾਰਾ ਫ਼ਤਿਹਗੜ੍ਹ ਸਾਹਿਬ ਤਕ ਜਾਵੇਗੀ।
Manjinder Sirsa
ਉਨ੍ਹਾਂ ਦਸਿਆ ਕਿ 250 ਕਿਲੋਮੀਟਰ ਲੰਬੀ ਇਸ ਮੋਟਰਸਾਈਕਲ ਰੈਲੀ ਵਿਚ ਭਾਗ ਲੈਣ ਵਾਲੇ ਮੋਟਰਸਾਈਕਲ ਸਵਾਰ ਵਿਭਿੰਨ ਕਸਬਿਆਂ ਅਤੇ ਸ਼ਹਿਰਾਂ ਤੋਂ ਹੁੰਦੇ ਹੋਏ 10 ਤੋਂ 12 ਘੰਟੇ ਦੀ ਯਾਤਰਾ ਤੋਂ ਬਾਅਦ ਅਪਣੇ ਸਥਾਨ 'ਤੇ ਪਹੁੰਚੇਗੀ। ਇਹ ਰੈਲੀ ਜਿਹੜੀਆਂ ਥਾਵਾਂ ਤੋਂ ਨਿਕਲੇਗੀ ਉਥੋਂ ਦੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਸ ਦੀ ਮਨਜ਼ੂਰੀ ਲੈ ਲਈ ਗਈ ਹੈ। ਉਨ੍ਹਾਂ ਦਸਿਆ ਕਿ ਹੁਣ ਤਕ 1,000 ਤੋਂ ਜ਼ਿਆਦਾ ਮੋਟਰਸਾਈਕਲ ਨੌਜਵਾਨਾਂ ਨੇ ਇਸ ਰੈਲੀ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਦਿਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਪ੍ਰਮੁੱਖ 20 ਬਾਈਕਰ ਕਲੱਬ ਇਸ ਰੈਲੀ ਵਿਚ ਭਾਗ ਲੈਣ ਦੀ ਪੁਸ਼ਟੀ ਕਰ ਚੁਕੇ ਹਨ। ਸਿਰਸਾ ਨੇ ਕਿਹਾ ਕਿ ਰੈਲੀ ਵਿਚ ਭਾਗ ਲੈਣ ਦੇ ਇੱਛੁਕ ਮੋਟਰਸਾਈਕਲ ਸਵਾਰ 30 ਸਤੰਬਰ ਤਕ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।