
ਤਖ਼ਤਾਂ ਦੇ ਜਥੇਦਾਰਾਂ ਨੇ ਬੁੱਧੀਜੀਵੀਆਂ ਦੀ ਮੀਟਿੰਗ ਦਾ ਰਚਿਆ ਢੌਂਗ: ਪ੍ਰੋ.ਘੱਗਾ
ਕੋਟਕਪੂਰਾ : ਤਖ਼ਤਾਂ ਦੇ ਜਥੇਦਾਰਾਂ ਵਲੋਂ ਬੀਤੇ ਕਲ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਸਮੇਤ ਹੋਰ ਪੰਥਕ ਮੁੱਦਿਆਂ ’ਤੇ ਸਿੱਖ ਬੁੱਧੀਜੀਵੀਆਂ ਦੀ ਸੱਦੀ ਮੀਟਿੰਗ ਦਾ ਵੱਖ ਵੱਖ ਕਿਸਮ ਦਾ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ। ਜਥੇਦਾਰਾਂ ਵਲੋਂ ਅਗਲੀ ਮੀਟਿੰਗ ਵਿਚ ਵੱਖ ਵੱਖ ਸੰਪਰਦਾਵਾਂ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਸੱਦਾ ਦੇਣ ਦੇ ਕੀਤੇ ਐਲਾਨ ਦੇ ਪ੍ਰਤੀਕਰਮ ਵਜੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ, ਵਿਚਾਰਧਾਰਾ, ਮਰਿਆਦਾ ਅਤੇ ਪ੍ਰੰਪਰਾਵਾਂ ਨੂੰ ਮੰਨਣ ਵਾਲੀਆਂ ਸੰਪਰਦਾਵਾਂ ਦੇ ਨੁਮਾਇੰਦਿਆਂ ਨੂੰ ਹੀ ਇਸ ਮੀਟਿੰਗ ਲਈ ਸੱਦਾ ਦਿਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਸਿੱਖ ਰਹਿਤ ਮਰਿਆਦਾ ਅਤੇ ਪੰਥਕ ਵਿਚਾਰਧਾਰਾ ਤੋਂ ਮੁਨਕਰ ਸੰਪਰਦਾਵਾਂ ਜਾਂ ਸੰਸਥਾਵਾਂ ਨੂੰ ਅਜਿਹੀਆਂ ਪੰਥਕ ਮੁੱਦਿਆਂ ਵਾਲੀਆਂ ਮੀਟਿੰਗਾਂ ਲਈ ਸੱਦਾ ਨਹੀਂ ਦੇਣਾ ਚਾਹੀਦਾ। ਦੋ ਦਰਜਨ ਤੋਂ ਜ਼ਿਆਦਾ ਚਰਚਿਤ ਪੁਸਤਕਾਂ ਦੇ ਰਚੇਤਾ ਪ੍ਰੋ. ਇੰਦਰ ਸਿੰਘ ਘੱਗਾ ਨੇ ਜਥੇਦਾਰਾਂ ਦੀ ਮੀਟਿੰਗ ਨੂੰ ਖ਼ਾਨਾਪੂਰਤੀ ਅਤੇ ਸੰਗਤਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੀ ਕਾਰਵਾਈ ਦਸਦਿਆਂ ਆਖਿਆ ਕਿ ਉਹ ਸਾਲ 1993 ਵਿਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਪੋ੍ਰ. ਮਨਜੀਤ ਸਿੰਘ ਦੇ ਪੀ.ਏ. ਵਜੋਂ ਜਥੇਦਾਰਾਂ ਦੀ ਕਾਰਗੁਜ਼ਾਰੀ ਨੂੰ ਬਹੁਤ ਨੇੜਿਉਂ ਦੇਖ ਚੁੱਕੇ ਹਨ, ਉਕਤ ਜਥੇਦਾਰ ਅਪਣੇ ਸਿਆਸੀ ਆਕਾਵਾਂ ਦੀ ਕਠਪੁਤਲੀ ਵਜੋਂ ਵਿਚਰ ਰਹੇ ਹਨ।
ਉਨ੍ਹਾਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਪ੍ਰੰਪਰਾ ਬਾਰੇ ਵੱਖ ਵੱਖ ਉਦਾਹਰਣਾਂ ਅਤੇ ਦਲੀਲਾਂ ਦਿੰਦਿਆਂ ਆਖਿਆ ਕਿ ਜਦੋਂ ਤਕ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਪ੍ਰਭਾਵ ਤੋਂ ਆਜ਼ਾਦ ਨਹੀਂ ਹੁੰਦੇ, ਉਦੋਂ ਤਕ ਪੰਥ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ।
ਪੋ੍ਰ. ਇੰਦਰ ਸਿੰਘ ਘੱਗਾ ਨੇ ਤਖ਼ਤਾਂ ਦੇ ਜਥੇਦਾਰਾਂ ਵਲੋਂ ਸਮੇਂ ਸਮੇਂ ਬਿਨਾਂ ਕਸੂਰੋਂ ਪੰਥ ਵਿਚੋਂ ਛੇਕ ਦਿਤੇ ਗਏ ਜਾਂ ਅਛੂਤ ਸਮਝ ਕੇ ਨਜ਼ਰ-ਅੰਦਾਜ਼ ਕੀਤੇ ਗਏ ਸੇਵਾਮੁਕਤ ਜਥੇਦਾਰਾਂ ਨਾਲ ਪਹਿਲਾਂ ਮੀਟਿੰਗ ਕਰਨੀ ਚਾਹੀਦੀ ਸੀ ਤੇ ਉਸ ਤੋਂ ਬਾਅਦ ਜ਼ਿਲ੍ਹਾ ਪਧਰੀ ਜਾਂ ਮਾਝਾ-ਮਾਲਵਾ-ਦੁਆਬਾ ਦੇ ਵਿਦਵਾਨਾਂ ਦੀਆਂ ਮੀਟਿੰਗਾਂ ਸੱਦ ਕੇ ਕੋਈ ਨਿਰਣਾ ਲੈਣਾ ਚਾਹੀਦਾ ਸੀ ਪਰ ਮਹਿਜ 8 ਸਿੱਖ ਬੁੱਧੀਜੀਵੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਵਲੋਂ ਮਿਲੇ ਲਿਖਤੀ ਸੁਝਾਅ ਵੀ ਜਨਤਕ ਨਾ ਕਰ ਕੇ ਜਥੇਦਾਰਾਂ ਦੀ ਸੰਗਤਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਗਿਆ ਹੈ।