
Panthak News: ਅਕਾਲ ਤਖ਼ਤ ਦੇ ਜਥੇਦਾਰ ਤੋਂ ਕਾਰਵਾਈ ਦੀ ਮੰਗ ਕੀਤੀ
Panthak News: ਖ਼ਾਲਸਾ ਪੰਥ ਦੀ ਸਥਾਪਨਾ ਦੇ 300 ਸਾਲਾ ਪ੍ਰੋਗਰਾਮ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਕ ਵਿਵਾਦਤ ਕਿਤਾਬ ਛਾਪੀ ਸੀ, ਜਿਸ ਵਿਚ ਸਿੱਖ ਗੁਰੂਆਂ ਲਈ ਅਪਮਾਨਜਨਕ ਸ਼ਬਦ ਵਰਤੇ ਗਏ ਹਨ। ਕਿਸਾਨ ਅਤੇ ਪੰਥਕ ਨੇਤਾ ਬਲਦੇਵ ਸਿੰਘ ਸਿਰਸਾ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ’ਚ ਦੋਸ਼ ਲਾਇਆ ਕਿ ਐਸਜੀਪੀਸੀ ਨੇ ਸਿੱਖ ਗੁਰੂਆਂ ਲਈ ਅਪਮਾਨਜਨਕ ਸ਼ਬਦਾਂ ਵਾਲੀ ਕਿਤਾਬ ਪ੍ਰਕਾਸ਼ਿਤ ਕਰ ਕੇ ਵੰਡਣਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਬਰਾਬਰ ਹੈ।
ਉਨ੍ਹਾਂ ਦਸਿਆ ਕਿ ਕਿਤਾਬ ਪੜ੍ਹਨ ਮਗਰੋਂ ਉਨ੍ਹਾਂ ਨੇ ਇਹ ਮਾਮਲਾ ਐਸਜੀਪੀਸੀ ਦੇ ਸਾਹਮਣੇ ਉਠਾਇਆ ਸੀ ਤਾਂ ਉਨ੍ਹਾਂ ਨੂੰ ਗ਼ਲਤੀ ਦਾ ਅਹਸਾਸ ਹੋਇਆ ਅਤੇ ਸਾਲ 2007 ਵਿਚ ਇਸ ਕਿਤਾਬ ਨੂੰ ਵਾਪਸ ਕਰਨ ਦੀ ਅਪੀਲ ਕੀਤੀ, ਪਰ ਪ੍ਰਕਾਸ਼ਿਤ ਕੀਤੀਆਂ ਕਾਪੀਆਂ ਵਿਚੋਂ ਅੱਜ ਤਕ ਸਿਰਫ਼ ਪੰਜ ਕਾਪੀਆਂ ਹੀ ਵਾਪਸ ਆਈਆਂ ਹਨ। ਸਿਰਸਾ ਨੇ ਦਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ, ਇਹ ਕਾਪੀਆਂ ਦੀ ਕਈ ਲੋਕਾਂ ਨੇ ਫ਼ੋਟੋ ਕਾਪੀਆਂ ਕਰਵਾਈਆਂ ਹਨ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ।
ਸਿਰਸਾ ਨੇ ਕਿਹਾ ਕਿ ਅੱਜ ਕਲ ਸ਼੍ਰੋਮਣੀ ਅਕਾਲੀ ਦਲ ਦੇ ਦੋਹਾਂ ਧੜਿਆਂ ਨੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਅਪਣੀਆਂ ਪੁਰਾਣੀਆਂ ਗ਼ਲਤੀਆਂ ਦੀ ਮਾਫ਼ੀ ਮੰਗਣ ਦੀ ਦੌੜ ਲੱਗੀ ਹੈ, ਪਰ ਸਿੱਖ ਗੁਰੂਆਂ ਨੂੰ ਥੱਲੇ ਦਿਖਾਉਣ ਵਾਲੀ ਇਸ ਕਿਤਾਬ ਬਾਰੇ ਕੋਈ ਵੀ ਇਕ ਸ਼ਬਦ ਨਹੀਂ ਬੋਲ ਰਿਹ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਪੀੜਾ ਦੇਣ ਵਾਲੀ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਵਾਲੇ ਦੋਸ਼ੀਆਂ ਨੂੰ ਤਲਬ ਕਰ ਕੇ ਜਲਦ ਤੋਂ ਜਲਦ ਸਜ਼ਾ ਦਿਤੀ ਜਾਣੀ ਬਹੁਤ ਜ਼ਰੂਰੀ ਹੈ।