
'ਹਮ ਹਿੰਦੂ ਨਹੀਂ' ਵਰਗੀਆਂ ਲਿਖਤਾਂ ਦੇ ਲੇਖਕ ਭਾਈ ਨਾਭਾ ਦੀ ਸਿੱਖ ਵਿਚਾਰਧਾਰਾ ਨੂੰ ਰਲ-ਗੱਡ ਕਰਨਾ ਸੰਘ ਦੀ ਇਕ ਸੋਚੀ ਸਮਝੀ ਚਾਲ: ਲੱਖਾ ਸਿਧਾਣਾ
ਚੰਡੀਗੜ੍ਹ : 'ਹਮ ਹਿੰਦੂ ਨਹੀਂ' ਵਰਗੀਆਂ ਲਿਖ਼ਤਾਂ ਤੇ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ ਸਿੰਘ ਨਾਭਾ ਦੀ ਸਿੱਖ ਵਿਚਾਰਧਾਰਾ ਨੂੰ ਹਿੰਦੂਤਵ ਵਿਚ ਰਲ ਗੱਡ ਕਰਨਾ ਹਿੰਦੂਤਵ ਰਾਸ਼ਟਰਵਾਦ ਦੀ ਇਕ ਸੋਚੀ ਸਮਝੀ ਸਾਜ਼ਸ਼ ਹੈ।' ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਪੰਜਾਬੀ ਮਾਂ ਬੋਲੀ ਦੇ ਸੰਘਰਸ਼ਸ਼ੀਲ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਕਹੇ।
ਉਨ੍ਹਾਂ ਕਿਹਾ ਕਿ ਇਹ ਵੀ ਇਕ ਸਾਜ਼ਸ਼ ਦਾ ਹਿੱਸਾ ਹੈ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸਥਾਪਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਿੱਖ ਲੇਖਕਾਂ ਦੀਆਂ ਲਿਖਤਾਂ ਵਿਚ ਨਾ ਕੇਵਲ ਮਿਲਾਵਟ ਕੀਤੀ ਜਾ ਰਹੀ ਹੈ ਸਗੋਂ ਭਾਈ ਕਾਨ੍ਹ ਸਿੰਘ ਨਾਭਾ ਨਾਲ ਸਬੰਧਤ ਦਿਵਸ 'ਤੇ ਪ੍ਰੋਗਰਾਮ ਅੰਗਰੇਜ਼ੀ ਵਿੱਚ ਕਰਵਾਇਆ ਜਾ ਰਿਹਾ ਹੈ। ਲੱਖਾ ਸਿਧਾਣਾ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਮੂਲ ਰੂਪ ਪੰਜਾਬੀ ਤੇ ਹਿੰਦੀ ਵਿੱਚ ਮਹਾਨ ਕੋਸ਼ ਦੇ ਤਰਜਮੇ ਦੀਆਂ ਗੰਭੀਰ ਗਲਤੀਆਂ 'ਤੇ ਉਂਗਲ ਉਠਾਉਦਿਆ ਕਿਹਾ ਕਿ ਸਿੱਖ ਫ਼ਲਸਫ਼ੇ ਦੀ ਵਖਰੀ ਹੋਂਦ ਨੂੰ ਹਿੰਦੂਤਵ ਰਾਸ਼ਟਰਵਾਦ ਦੀਆਂ ਜੜ੍ਹਾਂ ਮਜਬੂਤ ਕਰਨ ਲਈ ਬਲੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਪੰਜਾਬ ਹਕੂਮਤ, ਜ਼ਿਲ੍ਹਾ ਪ੍ਰਸ਼ਾਸਨ ਤੇ ਯੂਨੀਵਰਸਿਟੀ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਉਹ ਲਿਖਤਾਂ ਜਿਨ੍ਹਾਂ ਵਿਚ ਪੰਜਾਬੀ ਮੂਲ ਵਿਚ ਮਹਾਨ ਕੋਸ਼ ਤੇ ਹਿੰਦੀ ਅਨੁਵਾਦ ਵਿਚ ਗੰਭੀਰ ਗਲਤੀਆਂ ਵਾਲੀਆਂ ਕਾਪੀਆਂ ਲਿਆ ਕੇ ਜਨਤਕ ਰੂਪ ਵਿਚ ਨਸ਼ਟ ਨਾ ਕੀਤੀਆਂ ਗਈਆਂ ਤਾਂ ਉਹ ਯੂਨੀਵਰਸਿਟੀ ਦਾ ਘਿਰਾਉ ਕਰਨ ਤੋਂ ਵੀ ਪਿੱਛੇ ਨਹੀਂ ਹੱਟਣਗੇ ਜਿਸ ਵਿਚ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਵੀ ਉਨ੍ਹਾਂ ਦਾ ਸਾਥ ਦੇਣਗੀਆਂ।
ਪੰਜਾਬੀ ਯੂਨੀਵਰਸਿਟੀ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਮੂਲ ਰੂਪ 'ਚ ਪੰਜਾਬੀ ਵਿਚ ਤੇ ਇਸ ਦਾ ਉਲੱਥਾ ਕਰ ਕੇ ਹਿੰਦੀ ਵਿਚ ਇਕ ਸਾਜ਼ਸ਼ ਤਹਿਤ ਤੋੜ ਮਰੋੜ ਕੇ ਛਾਪਣ ਤੇ ਉਸ ਵਿੱਚ ਭਾਈ ਨਾਭਾ ਨੂੰ ਦੁਰਗਾ ਦਾ ਪੁਜਾਰੀ ਸਾਬਤ ਕਰਨ ਆਦਿ ਹਿੰਦੂਤਵ ਚਾਲਾਂ ਦਾ ਲੱਖਾ ਸਿਧਾਣਾ ਨੇ ਸਖ਼ਤ ਨੋਟਿਸ ਲੈਂਦਿਆ ਕਿਹਾ ਕਿ ਅਜਿਹਾ ਕੁੱਝ ਕਿਸੇ ਅਣਗਹਿਲੀ ਜਾਂ ਗ਼ਲਤੀ ਕਾਰਨ ਨਹੀਂ ਹੋਇਆ ਸਗੋਂ ਸਿੱਖ ਕੌਮ ਦੇ ਨਿਆਰੇ ਤੇ ਵਖਰੇਪਣ ਦੀ ਦੁਸ਼ਮਣ ਜਮਾਤ ਸੰਘ ਦੀ ਇਕ ਖ਼ਤਰਨਾਕ ਸਕੀਮ ਤਹਿਤ ਕੀਤਾ ਗਿਆ।
Bhai Kahn Singh Nabha
ਉਨ੍ਹਾਂ ਕਿਹਾ ਕਿ ਮਹਾਨ ਕੋਸ਼ ਦੇ ਮੂਲ ਰੁਪ ਦੀ ਭੰਨ ਤੋੜ ਕਰਕੇ ਇਸ ਨੂੰ ਹਿੰਦੂਤਵ ਦਾ ਰੂਪ ਦੇਣਾ ਵਿਦਿਆਰਥੀਆਂ, ਖੋਜਰਥੀਆਂ, ਆਮ ਪਾਠਕਾਂ ਨਾਲ ਵੀ ਇੱਕ ਧੱਕਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੱਖਾ ਸਿਧਾਣਾ ਨੇ ਮਹਾਨ ਕੋਸ਼ ਦੇ ਹਿੰਦੀ ਅਨੁਵਾਦ ਦੀਆਂ ਗੰਭੀਰ ਗਲਤੀਆਂ ਵਾਲੀਆਂ ਲਿਖਤਾਂ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦਿਖਾਉਂਦਿਆ ਦਸਿਆ ਕਿ ਪੰਡਤ ਤਾਰਾ ਸਿੰਘ ਵਲੋਂ ਰਚਿਤ ਇਕ ਰਚਨਾ ਨੂੰ 'ਗੁਰੂ ਗਰੰਥ ਕੋਸ਼' ਕਰ ਦਿਤਾ ਗਿਆ ਜਦੋਂ ਕਿ ਉਨ੍ਹਾਂ ਅਜਿਹੀ ਲਿਖਤ ਕਦੇ ਲਿਖੀ ਨਹੀਂ ਸੀ। ਉਨ੍ਹਾਂ ਦਸਿਆ ਕਿ ਇਸ ਨੂੰ ਛਾਪਣ ਲਈ ਬਣੀ ਕਮੇਟੀ ਵਿੱਚ ਡਾ. ਧੰਨਵਾਦ ਕੌਰ ਤੇ ਇਕ ਟੀਮ ਦੀ ਸਮੂਲੀਅਤ ਸੀ।
ਸਿਧਾਣਾ ਨੇ ਕਿਹਾ ਕਿ ਮਹਾਨ ਲੇਖਕ ਭਾਈ ਨਾਭਾ ਨੇ ਆਪਣੀ ਸਾਰੀ ਉਮਰ ਦਾ ਵੱਡਾ ਹਿੱਸਾ ਗੁਰਮਤਿ ਫਲਫ਼ਸੇ ਅਧਾਰਤ ਆਪਣੀਆਂ ਲਿਖਤਾਂ ਸਿੱਖ ਕੌਮ ਦੀ ਝੋਲੀ ਪਾਈਆਂ ਪਰ ਉਹਨਾਂ ਨੂੰ ਹਿੰਦੀ ਤਰਜਮੇ ਵਾਲੇ 'ਮਹਾਨ ਕੋਸ਼' ਵਿਚ ਦੁਰਗਾ ਦਾ ਪੁਜਾਰੀ ਵਿਖਾ ਕੇ ਉਨ੍ਹਾਂ ਨੂੰ ਹਿੰਦੂ ਧਰਮ ਵਿਚ ਮਿਲਾਉਣ ਦੀ ਨਾ ਬਰਦਾਸਤ ਯੋਗ ਸਾਜ਼ਸ਼ ਕੀਤੀ ਹੈ। ਸਿਧਾਣਾ ਨੇ ਦੱਸਿਆ ਕਿ ਮਹਾਨ ਕੋਸ਼ ਨੂੰ ਹਿੰਦੀ ਵਿੱਚ ਉਲੱਥੇ ਲਈ ਡਾ. ਧਨਵੰਤ ਕੌਰ ਤੇ ਕਮੇਟੀ ਦੇ ਬਾਕੀ ਮੈਂਬਰ ਪੰਜਾਬੀ ਪਾਠਕਾਂ ਸਾਹਮਣੇ
ਇਹਨਾਂ ਨਾ ਬਰਦਾਸਤ ਕਰਨ ਯੋਗ ਗਲਤੀਆਂ ਸਬੰਧੀ ਸਪੱਸਟੀਕਰਨ ਦੇਣ, ਪੰਜਾਬੀ ਯੂਨੀਵਰਸਿਟੀ ਵਿੱਚ ਗੰਭੀਰ ਸਾਜਿਸ ਲਈ ਮਾਫ਼ੀ ਮੰਗੇ ਤੇ ਤੋੜ ਮਰੋੜ ਕੇ ਛਾਪੀਆਂ ਲਿਖਤਾਂ ਨੂੰ ਵਾਪਸ ਇਕੱਠੀਆਂ ਕਰ ਕੇ ਜਨਤਕ ਰੂਪ ਵਿਚ ਨਸ਼ਟ ਕਰੇ, ਅਜਿਹਾ ਨਾ ਕਰਨ 'ਤੇ ਉਹ ਪੰਜਾਬ, ਪੰਜਾਬੀ ਹਿਤੈਸੀ ਜਥੇਬੰਦੀਆਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਦਾ ਘਿਰਾਓ ਕਰਨ ਤੋਂ ਵੀ ਪਿੱਛੇ ਨਹੀਂ ਹੱਟਣਗੇ। ਇਸ ਮੌਕੇ ਹਾਲ ਹੀ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਦਿਆਰਥੀ ਕਾਉਂਸਿਲ ਦੀ ਪ੍ਰਧਾਨ ਚੁਣੀ ਗਈ ਕਨੂੰਪ੍ਰਿਆ ਵੀ ਇਥੇ ਆਈ। ਉਨ੍ਹਾਂ ਨੇ ਵੀ ਲੱਖਾ ਸਿਧਾਣਾ ਨੂੰ ਇਸ ਵਿਸ਼ੇ ਤੇ ਸਮਰਥਨ ਦੇਣ ਦਾ ਐਲਾਨ ਕੀਤਾ।