
Panthak News: ਸਿੱਖ ਸੰਮੇਲਨ ਵਿਚ ਪੂਰੇ ਸੂਬੇ ਤੋਂ ਲੱਖਾਂ ਦੀ ਗਿਣਤੀ ’ਚ ਸੰਗਤ ਨੇ ਕੀਤੀ ਸ਼ਮੂਲੀਅਤ
Panthak News: ਸਿੱਖਾਂ ਦੇ ਲੰਮੇ ਦਾੜ੍ਹੇ ਅਤੇ ਦਸਤਾਰ ਤੋਂ ਨਫ਼ਰਤ ਕਰਨ ਵਾਲਿਆਂ ਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਜੇਕਰ ਇਹ ਲੰਮੇ ਦਾੜ੍ਹੇ ਤੇ ਦਸਤਾਰਾਂ ਵਾਲੇ ਸਿੱਖ ਨਾ ਹੁੰਦੇ ਤਾਂ 1947 ਵਿਚ ਪਾਕਿਸਤਾਨ ਦੀ ਹੱਦ ਦਿੱਲੀ ਤਕ ਹੁੰਦੀ ਅਤੇ ਮੇਰਠ, ਸਹਾਰਨਪੁਰ ਦਾ ਖੇਤਰ ਅੱਜ ਭਾਰਤ ਵਿਚ ਨਹੀਂ ਸਗੋਂ ਪਾਕਿਸਤਾਨ ਵਿਚ ਹੁੰਦਾ। ਇਹ ਗੱਲ ਅੱਜ ਤਖ਼ਤ ਸ੍ਰੀ ਦਮਾਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਦੇ ਕਰਨਾਲ ਵਿਚ ਹੋਏ ਸਿੱਖ ਸੰਮੇਲਨ ਵਿਚ ਕਹੀ।
ਹਰਿਆਣਾ ਸਿੱਖ ਏਕਤਾ ਦਲ ਵਲੋਂ ਕਰਵਾਏ ਗਏ ਹਰਿਆਣਾ ਸਿੱਖ ਸੰਮੇਲਨ ਵਿਚ ਬੋਲਦੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਸਿੱਖਾਂ ਦੇ ਵੋਟਾਂ ਤੇ ਨੋਟਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਜਦੋਂ ਸਿੱਖਾਂ ਦੇ ਹੱਕ ਦੇਣ ਲਈ ਗੱਲ ਆਉਂਦੀ ਹੈ ਤਾਂ ਸਾਰਿਆਂ ਪਾਰਟੀਆਂ ਸਿੱਖਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਉਨ੍ਹਾਂ ਨੇ ਗੁਰਦੁਆਰਿਆਂ ਵਿਚ ਸਰਕਾਰੀ ਦਖ਼ਲ ਨੂੰ ਸਰਕਾਰਾਂ ਦੀ ਡੂੰਘੀ ਸਾਜ਼ਸ਼ ਦਸਿਆ।
ਉਨ੍ਹਾਂ ਨੇ ਹਰਿਆਣਾ ਸਿੱਖ ਏਕਤਾ ਦਲ ਵਲੋਂ ਸੂਬੇ ਦੇ ਸਿੱਖਾਂ ਨੂੰ ਇਕਜੁਟ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਬਾਬਾ ਗੁਰਦਿੰਦਰ ਸਿੰਘ ਮਾਂਡੀ, ਬਾਬਾ ਗੁਰਮੀਤ ਸਿੰਘ ਗੁਰਦੁਆਰਾ ਰਾਜ ਕਰੇਗਾ ਖ਼ਾਲਸਾ ਅਤੇ ਬਾਬਾ ਮੇਹਰ ਸਿੰਘ ਨੇ ਵੀ ਸਿੱਖ ਕੌਮ ਦੀ ਚੜਦੀਕਲਾ ਲਈ ਕੌਮੀ ਏਕਤਾ ਨੂੰ ਸਮੇਂ ਦੀ ਲੋੜ ਦਸਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਟੇਜ ’ਤੇ ਮੌਜੂਦ ਸੰਤ ਸਮਾਜ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ।
ਹਰਿਆਣੇ ਸਿੱਖ ਏਕਤਾ ਦਲ ਵਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਿੱਖ ਸ਼ਖ਼ਸੀਅਤਾਂ ਨੂੰ ਸਿਰੋਪਾ ਤੇ ਸ਼ਾਲ ਦੇ ਕੇ ਸਨਮਾਨਤ ਕੀਤਾ ਗਿਆ। ਸੰਮੇਲਨ ਵਿਚ ਦੋ ਵੱਡੇ ਐਲਾਨ ਕੀਤੇ ਗਏ। ਪਹਿਲਾ ਹਰਿਆਣਾ ਦੇ ਗੁਰੂ ਘਰਾਂ ਵਿਚ ਸਰਕਾਰੀ ਦਖ਼ਲ ਖ਼ਤਮ ਕਰਨਾ ਤੇ ਦੂਜਾ ਹਰਿਆਣਾ ਦੇ ਸਿੱਖ 13 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਆਂ ਦੇ ਡੀਸੀ ਜ਼ਰੀਏ ਸਰਕਾਰ ਨੂੰ ਮੰਗ ਪੱਤਰ ਦੇਣਗੇ। ਜੇਕਰ ਸਿੱਖਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 13 ਦਸੰਬਰ ਨੂੰ ਹਰਿਆਣਾ ਦੇ ਸਿੱਖ ਮੁੱਖ ਮੰਤਰੀ ਦੇ ਘਰ ਦਾ ਘਿਰਾਉ ਕਰਨਗੇ।
ਹਰਿਆਣਾ ਸਿੱਖ ਸੰਮੇਲਨ ਵਿਚ ਗੁਰਤੇਜ ਸਿੰਘ ਖ਼ਾਲਸਾ, ਅਮਰਜੀਤ ਸਿੰਘ ਮੋਹੜੀ, ਅੰਮ੍ਰਿਤ ਪਾਲ ਬੁੱਗਾ, ਗੱਜਣ ਸਿੰਘ ਕੈਥਲ, ਸੁਖਵਿੰਦਰ ਸਿੰਘ ਝੱਬਰ, ਸਰਬਜੀਤ ਸਿੰਘ ਬਤਰਾ, ਸੁਖਦੀਪ ਸਿੰਘ, ਐਡਵੋਕੇਟ ਗੁਰਤੇਜ ਸਿੰਘ ਸੇਖੋ, ਲਖਵਿੰਦਰ ਸਿੰਘ, ਗੁਰਭੇਜ ਸਿੰਘ ਸਿਰਸਾ, ਧਰਵਿੰਦਰ ਸਿੰਘ, ਜਸਕਵਰ ਸਿੰਘ, ਕੁਲਵੰਤ ਸਿੰਘ, ਬੀਬੀ ਭੁਪਿੰਦਰ ਕੌਰ, ਪਾਲ ਸਿੰਘ ਆਦਿ ਨੇ ਮੁੱਖ ਤੌਰ ’ਤੇ ਅਪਣੇ ਵਿਚਾਰ ਰੱਖੇ।