
Panthak News: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਲਿਆ ਜਾ ਸਕਦੈ ਫ਼ੈਸਲਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਐਸਜੀਪੀਸੀ ਦੀ ਅੰਤ੍ਰਿਗ ਕਮੇਟੀ ਦੀ ਅਹਿਮ ਬੈਠਕ ਅੱਜ ਮੁੱਖ ਦਫ਼ਤਰ ਹੋਣ ਦੌਰਾਨ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਸਬੰਧ ਵਿਚ ਫ਼ੈਸਲਾ ਹੋਣ ਦੀਆਂ ਚਰਚਾਵਾਂ ਹਨ। ਇਸ ਵਿਵਾਦਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿਰੁਧ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਵੀ ਸਪੱਸ਼ਟ ਕੀਤਾ ਸੀ ਕਿ ਇਹ ਮਾਮਲਾ, ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ।
ਇਹ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਹੇਠ ਆਉਂਦਾ ਹੈ ਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਜਥੇਦਾਰ ਸਾਹਿਬ ਵਿਰੁਧ ਜਾਂਚ ਪੜਤਾਲ ਕਰ ਸਕਦੇ ਹਨ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ, ਇਸ ਵੇਲੇ ਵਿਦੇਸ਼ ਵਿਚ ਹਨ ਤੇ ਇਹ ਮੀਟਿੰਗ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਹੋ ਰਹੀ ਹੈ।
ਸਿੱਖ ਪੰਥ ਦੇ ਮਾਹਰਾਂ ਅਨੁਸਾਰ ਜੇਕਰ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਗਿ. ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੰਦੀ ਹੈ ਤਾਂ ਵੱਡੇ ਜਥੇਦਾਰ ਸਾਹਿਬ ਗਿ. ਰਘਬੀਰ ਸਿੰਘ ਦੇ ਆਦੇਸ਼ ਦੀ ਉਲੰਘਣਾ ਹੋਵੇਗੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਤਖ਼ਤ ਸਾਹਿਬ ’ਤੇ ਪੰਜ ੍ਹਪਿਆਰਿਆਂ ਦੀ ਮੌਜੂਦਗੀ ਵਿਚ ਅਰਦਾਸ ਕਰ ਦਿਤੀ ਹੈ ਤੇ ਹੁਣ ਹੋਰ ਕਿਸੇ ਜਾਂਚ ਦੀ ਲੋੜ ਨਹੀਂ। ਵਿਵਾਦਤ ਤਿੰਨ ਮੈਂਬਰੀ ਕਮੇਟੀ ਗਿ. ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਉਨ੍ਹਾਂ ਦਾ ਪੱਖ ਸੁਣਨ ਗਈ ਸੀ ਪਰ ਉਹ ਨਹੀਂ ਮਿਲੇ।
ਦਸਣਯੋਗ ਹੈ ਕਿ ਦੋ ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਨੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਇਤਿਹਾਸਕ ਫ਼ੈਸਲਾ ਸੁਣਾਇਆ ਸੀ ਜੋ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਸਮਝਦੀ ਹੈ ਕਿ ਸੁਣਾਏ ਗਏ ਸਖ਼ਤ ਫ਼ੈਸਲੇ ਵਿਚ ਅਸਲ ਦਿਮਾਗ ਤੇ ਜੁਰਅੱਤ ਗਿ. ਹਰਪ੍ਰੀਤ ਸਿੰਘ ਦੀ ਹੈ ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਨੂੰ ਦਿਤਾ ਗਿਆ ਪੰਥ ਰਤਨ ਫ਼ਖ਼ਰ-ਏ-ਕੌਮ ਲੱਖਾਂ ਦੁਨੀਆਂ ਦੇ ਸਾਹਮਣੇ ਵਾਪਸ ਲਿਆ ਗਿਆ। ਇਹ ਪੁਰਸਕਾਰ ਮਨਸੂਖ ਕਰਵਾਉਣ ਲਈ ਸੁਖਬੀਰ ਨੇ ਮਾਘੀ ਰੈਲੀ ਵਿਚ ਮਤਾ ਵੀ ਪਾਸ ਕਰਵਾਇਆ ਹੈ। ਇਹ ਮਤਾ ਲਾਗੂ ਕਰਵਾਉਣ ਲਈ ਗਿ. ਹਰਪ੍ਰੀਤ ਸਿੰਘ ਨੂੰ ਹਟਾਉਣਾ ਜ਼ਰੂਰੀ ਹੈ। ਇਸ ਮੀਟਿੰਗ ਵਿਚ ਹੋਰ ਭੱਖਦੇ ਮਸਲਿਆਂ ਬਾਰੇ ਵੀ ਫ਼ੈਸਲੇ ਲਏ ਜਾਣੇ ਹਨ।