Punjab News: ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੰਭਾਲੀ ਸੇਵਾ
Published : Mar 10, 2025, 7:23 am IST
Updated : Mar 10, 2025, 7:23 am IST
SHARE ARTICLE
Giani Kuldeep Singh Gargajj assumed office as Jathedar of Takht Sri Keshgarh Sahib
Giani Kuldeep Singh Gargajj assumed office as Jathedar of Takht Sri Keshgarh Sahib

ਤਖ਼ਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ।

 

Punjab News: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੀ ਹਾਜ਼ਰੀ ਵਿੱਚ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਜਿਸ ਉਪਰੰਤ ਉਹ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ।

ਉਨ੍ਹਾਂ ਦੇ ਸੇਵਾ ਸੰਭਾਲ ਤੋ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਉਪਰੰਤ ਪੰਜ ਪਿਆਰੇ ਸਾਹਿਬਾਨ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਦਸਤਾਰ ਭੇਟ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਸ. ਪ੍ਰਤਾਪ ਸਿੰਘ ਅਤੇ ਤਖ਼ਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਵੀ ਦਸਤਾਰਾਂ ਭੇਟ ਕੀਤੀਆਂ। ਇਸ ਦੌਰਾਨ ਤਖ਼ਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ।

ਇਸ ਦੌਰਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੇ ਮੌਜੂਦਾ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪੰਥ ਵੱਲੋਂ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਮਾਣ ਬਖਸ਼ਣ ’ਤੇ ਦਸਾਂ ਪਾਤਸ਼ਾਹੀਆਂ ਅਤੇ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਵੱਡੇ ਭਾਗ ਹਨ ਕਿ ਇੱਕ ਸਧਾਰਨ ਸਿੱਖ ਪਰਿਵਾਰ ਵਿੱਚ ਪੈਦਾ ਹੋ ਕੇ ਉਨ੍ਹਾਂ ਨੂੰ ਇੰਨੀ ਵੱਡੀ ਸੇਵਾ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਪਾਠੀ ਸਿੰਘ ਵਜੋਂ ਸ਼ੁਰੂ ਕਰਕੇ ਫਿਰ ਧਰਮ ਪ੍ਰਚਾਰ ਦੀ ਸੇਵਾ ਨੂੰ ਚੁਣਿਆ ਸੀ ਤੇ ਗੁਰੂ ਪੰਥ ਦੀ ਸੇਵਾ ਦੇ ਵਿੱਚ ਇੱਕ ਪ੍ਰਚਾਰਕ ਵਜੋਂ ਹੀ ਵਿਚਰਦੇ ਰਹਿਣਗੇ। 

ਪੰਥ ਨੂੰ ਦਰਪੇਸ਼ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਗੱਲ ਕਰਦਿਆਂ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਬਹੁਤੇ ਮਸਲੇ ਗੁਰੂ ਦਰ ਨਾਲੋਂ ਟੁੱਟਣ ਕਾਰਨ ਪੈਦਾ ਹੋਏ ਹਨ। ਇਹ ਫਿਕਰਮੰਦੀ ਦੀ ਗੱਲ ਹੈ ਕਿ ਅੱਜ ਧਾਰਮਿਕ ਤੌਰ ’ਤੇ ਸਿੱਖਾਂ ਵਿੱਚ ਬੇਇਤਫਾਕੀ ਵਾਲਾ ਮਾਹੌਲ ਹੈ। ਸਾਡੇ ਵਿੱਚ ਧੜੇਬੰਦੀਆਂ ਤੇ ਵਿਚਾਰਧਾਰਕ ਵਖਰੇਵਿਆਂ ਨੇ ਵੱਡੇ ਮੁਫਾਦ ਪੈਦਾ ਕੀਤੇ ਹੋਏ ਹਨ। ਧਾਰਮਿਕ ਤੇ ਸਿਆਸੀ ਤੌਰ ਤੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਪ੍ਰਪਾਟੀ ਚੱਲ ਰਹੀ ਹੈ । ਅਜਿਹੇ ਬਿਖਮ ਸਮੇਂ ਵਿੱਚ ਗੁਰੂ ’ਤੇ ਵਿਸ਼ਵਾਸ ਰੱਖ ਕੇ ਮਿਲ ਬੈਠਣ ਦੇ ਵਸੀਲੇ ਬਣਾਉਣ ਦੀ ਲੋੜ ਹੈ । 

ਉਨ੍ਹਾਂ ਕਿਹਾ ਕਿ ਸਿਆਸੀ ਤੌਰ ’ਤੇ ਸਿੱਖ ਪੰਥ ਵੱਡੇ ਹਮਲਿਆਂ ਦਾ ਸ਼ਿਕਾਰ ਹੈ ਜਿੱਥੇ ਇੱਕ ਪਾਸੇ ਦੇਸ਼ ਵਿੱਚ ਘੱਟ ਗਿਣਤੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਹੈ ਉੱਥੇ ਹੀ ਰਾਜਸੀ ਤਾਕਤ ਨੂੰ ਵਰਤਦਿਆਂ ਸਿੱਖਾਂ ਦੇ ਖਿਲਾਫ ਕਾਲੇ ਕਾਨੂੰਨ ਅਤੇ ਯੂਏਪੀਏ, ਐੱਨਐੱਸਏ ਵਰਗੀਆਂ ਧਾਰਾਵਾਂ ਲਾ ਕੇ ਨੌਜਵਾਨੀ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਦੇਸ਼ ਦੇ ਹੁਕਮਰਾਨ 1984 ਦੇ ਸਿੱਖ ਕਤਲੇਆਮ ਦਾ 40 ਸਾਲ ਬੀਤ ਜਾਣ ਮਗਰੋਂ ਵੀ ਇਨਸਾਫ਼ ਦਵਾਉਣ ਵਿੱਚ ਵੀ ਨਕਾਮ ਰਹੇ ਹਨ। ਸਿੱਖਾਂ ਦੀ ਰਾਜਸੀ ਤਾਕਤ ਖਿੰਡੀ ਹੋਣ ਕਰਕੇ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਨੂੰ ਤਾਂ ਕੋਈ ਜਮਾਨਤ ਨਹੀਂ ਮਿਲਦੀ ਪਰ ਕਿਸੇ ਸਿੱਖ ਵਿਰੋਧੀ ਝੂਠੇ ਡੇਰੇਦਾਰਾਂ ਨੂੰ ਨਿੱਤ ਦਿਹਾੜੇ ਲੰਮੀਆਂ ਛੁਟੀਆਂ ਦੇ ਕੇ ਸਿੱਖਾਂ ਨੂੰ ਤਪਾਇਆ ਜਾਂਦਾ ਹੈ। 

ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਿੱਖ ਅਬਾਦੀ ਨੂੰ ਇਥੋਂ ਭੱਜ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਬਦਲੇ ਵਿੱਚ ਗੈਰ ਪੰਜਾਬੀ ਅਬਾਦੀ ਨੂੰ ਧੜਾਧੜ ਵਸਾ ਕੇ ਸਿੱਖਾਂ ਨੂੰ ਪੰਜਾਬ ਵਿੱਚ ਘੱਟ ਗਿਣਤੀ ਬਣਾਉਣ ਦੀ ਗਹਿਰੀ ਸਾਜ਼ਸ਼ ਚੱਲ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਸਿਆਸਤਦਾਨਾਂ ਨੂੰ ਕਿਸੇ ਡੇਰੇ ਦੀਆਂ ਜਾਂ ਪ੍ਰਵਾਸੀਆਂ ਦੀਆਂ ਕੁਝ ਹਜਾਰ ਵੋਟਾਂ ਦੀ ਤਾਂ ਫਿਕਰ ਹੈ ਪਰ ਇੱਥੇ ਵੱਸਦੇ ਲੱਖਾਂ ਸਿੱਖਾਂ ਦੀਆਂ ਵੋਟ ਨੂੰ ਉਹ ਕਿਸੇ ਖਾਤੇ ਨਹੀਂ ਗਿਣਦੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਬਹੁਤ ਹੀ ਬੁਰੀ ਤਰ੍ਹਾਂ ਵੰਡੇ ਹੋਏ ਹਾਂ। 
ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਮਾਜਿਕ ਤੌਰ ਤੇ ਅੱਜ ਸਿੱਖ ਸਮਾਜ ਕਈ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਚੁੱਕਾ ਹੈ ਜਿਸ ਵਿੱਚ ਸਾਡੀ ਨੌਜਵਾਨੀ ਨਸ਼ਿਆਂ ਦੇ ਆਪਾਘਾਤੀ ਰਾਹ ਪੈ ਕੇ ਮਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਈ ਸਰਕਾਰਾਂ ਬਦਲ ਗਈਆਂ ਹਨ ਪਰ ਨਸ਼ੇ ਦਾ ਵਹਿਣ ਰੁਕਣ ਦੀ ਥਾਂ ਤੇ ਲਗਾਤਾਰ ਵੱਧ ਰਿਹਾ ਹੈ ਤੇ ਹਜ਼ਾਰਾਂ ਨੌਜਵਾਨ ਬੱਚੇ ਤੇ ਬੱਚੀਆਂ ਮੌਤ ਦੇ ਮੂੰਹ ਜਾ ਪਏ ਹਨ। ਪਦਾਰਥਵਾਦ ਤੇ ਧਰਮ ਤੋਂ ਟੁੱਟੇ ਹੋਏ ਸਮਾਜ ਵਿੱਚ ਅਜਿਹੇ ਔਗੁਣ ਪਨਪਣ ਲੱਗ ਪੈਂਦੇ ਹਨ ਜਿਨ੍ਹਾਂ ਦਾ ਇਲਾਜ ਕੇਵਲ ਧਰਮ ਹੈ। ਗਿਆਨੀ ਕੁਲਦੀਪ ਸਿੰਘ ਨੇ ਧਰਮ ਪਰਿਵਰਤਨ ਉੱਤੇ ਵੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਮੀਨੀ ਪੱਧਰ ਉੱਤੇ ਅਸਰਦਾਰ ਧਰਮ ਪ੍ਰਚਾਰ ਲਹਿਰ ਦੀ ਜ਼ਰੂਰਤ ਹੈ, ਜਿਸ ਨੂੰ ਉਹ ਸਿੱਖ ਸੰਤਾਂ, ਮਹਾਂਪੁਰਖਾਂ, ਸੰਪਰਦਾਵਾਂ, ਗਿਆਨੀਆਂ ਅਤੇ ਵਿਦਵਾਨਾਂ ਦੀ ਮਦਦ ਨਾਲ ਪਹਿਲ ਦੇ ਅਧਾਰ ’ਤੇ ਸ਼ੁਰੂ ਕਰਨਗੇ। 

ਉਨ੍ਹਾਂ ਕਿਹਾ ਕਿ ਸਾਨੂੰ ਅਠਾਰਵੀਂ ਸਦੀ ਦੇ ਬਿਖਮ ਪੈਂਡਿਆਂ ਵਿਚ ਸਿੱਖੀ ਨੂੰ ਆਪਣੇ ਮਨ ਬਚਨ ਤੇ ਕਰਮ ਨਾਲ ਨਿਭਾਉਣ ਵਾਲੇ ਮਹਾਨ ਗੁਰਸਿੱਖਾਂ ਤੋਂ ਸੇਧ ਲੈ ਕੇ ਉਨ੍ਹਾਂ ਵਰਗਾ ਜੀਵਨ ਧਾਰਨ ਕਰਨਾ ਪਵੇਗਾ। ਉਨ੍ਹਾਂ ਸਿੱਖ ਕਿਰਦਾਰ ਦੇ ਉਸਰਈਏ ਵੱਡੇ ਮਹਾਂਪੁਰਖਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਸਾਨੂੰ ਬਾਬਾ ਸਾਹਿਬ ਸਿੰਘ ਬੇਦੀ, ਅਕਾਲੀ ਜਥੇਦਾਰ ਫੂਲਾ ਸਿੰਘ, ਬਾਬਾ ਰਾਮ ਸਿੰਘ, ਸੰਤ ਅਤਰ ਸਿੰਘ ਮਸਤੂਆਣੇ ਵਾਲੇ, ਬਾਬਾ ਨੰਦ ਸਿੰਘ ਜੀ, ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ,  ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ, ਭਾਈ ਵੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਜਹੇ ਮਹਾਂਪੁਰਖਾਂ ਵਾਲਾ ਜੀਵਨ ਅਤੇ ਨਿਸ਼ਚਾ ਰੱਖ ਕੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਨਿਤਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਸਿੱਖ ਸਿਆਸਤਦਾਨਾਂ ਤੋਂ ਵੀ 20ਵੀਂ ਸਦੀ ਦੇ ਅਕਾਲੀ ਲਹਿਰ ਦੇ ਆਗੂਆਂ ਵਾਲੇ ਜੀਵਨ ਅਤੇ ਕਿਰਦਾਰ ਦੀ ਤਵੱਕੋ ਕਰਦੇ ਹਾਂ।

ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਸਬੰਧ ਵਿੱਚ 2 ਦਸੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਲਏ ਫੈਸਲੇ ਬਾਰੇ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਗੁਰਮਤਿ ਦੀ ਰੋਸ਼ਨੀ ਵਿੱਚ ਨਿਕਲੇ ਹੁਕਮਨਾਮਿਆਂ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਅਤੇ ਇਹੀ ਗੱਲ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਿਆਂ ’ਤੇ ਇੰਨ ਬਿੰਨ ਲਾਗੂ ਹੁੰਦੀ ਹੈ। ਸੋ ਅਜਿਹੇ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਭਰਤੀ ਕਮੇਟੀ ਦੇ ਸਬੰਧ ਵਿੱਚ ਮੁੜ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਸਬੰਧਤ ਧਿਰਾਂ ਦੇ ਇਤਰਾਜ਼ ਦੂਰ ਕਰਨ ਹਿੱਤ ਫੈਸਲਾ ਲਿਆ ਜਾਵੇਗਾ।

ਸਬੰਧਤ ਧਿਰਾਂ ਨੂੰ ਤਕੀਦ ਕੀਤੀ ਜਾਂਦੀ ਹੈ ਕਿ ਉਹ ਇਸ ਸਬੰਧ ਵਿੱਚ ਇੱਕ ਦੂਜੇ ਪ੍ਰਤੀ ਕੁੜੱਤਣ ਭਰੀ ਬਿਆਨਬਾਜੀ ਤੋਂ ਗ਼ੁਰੇਜ਼ ਕਰਨ। ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਫੈਸਲਿਆਂ ਵਿੱਚ ਇੱਕ ਅਹਿਮ ਫੈਸਲਾ ਪੰਥਕ ਏਕਤਾ ਦਾ ਵੀ ਕੀਤਾ ਗਿਆ ਸੀ ਜਿਸ ਸੰਬੰਧ ਵਿੱਚ ਦੋਵਾਂ ਧਿਰਾਂ ਵੱਲੋਂ ਹੁਣ ਤੱਕ ਕੋਈ ਉਦਮ ਨਹੀਂ ਕੀਤਾ ਗਿਆ । ਇਸ ਫੈਸਲੇ ਨੂੰ ਲਾਗੂ ਕਰਾਉਣ ਲਈ ਵੀ ਸਬੰਧਤ ਧਿਰਾਂ ਦੇ ਦਾਵਿਆਂ ਦੀ ਮੁੜ ਨਜ਼ਰਸਾਨੀ ਕੀਤੀ ਜਾਵੇਗੀ।

ਅੰਤ ਵਿੱਚ ਸਿੱਖ ਪੰਥ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੂਹ ’ਚੋਂ ਪ੍ਰਗਟ ਹੋਏ ਵਿਲੱਖਣ ਤਿਉਹਾਰ ਹੋਲੇ ਮਹੱਲੇ ਦੀ ਵਧਾਈ ਦਿੰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਗੁਰੂ ਪ੍ਰੇਮ ਵਿੱਚ ਭਿੱਜ ਕੇ ਹੋਲੇ ਮਹੱਲੇ ਦੀਆਂ ਰੌਣਕਾਂ ਵਿੱਚ ਵਾਧਾ ਕਰਨ ਤੇ ਇਸ ਤਿਉਹਾਰ ਨੂੰ ਸੇਵਾ ਸਿਮਰਨ ਸਿੱਖੀ ਦੇ ਜੋਸ਼ ਤੇ ਜਜ਼ਬੇ ਨਾਲ ਖਾਲਸੇ ਦੀ ਪਾਵਨ ਧਰਤੀ ਤੇ ਆ ਕੇ ਮਨਾਉਣ। ਉਨ੍ਹਾਂ ਪਤਿਤ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਇਸ ਖਾਸ ਮੌਕੇ ਤੇ ਸਿਰਾਂ ’ਤੇ ਰੁਮਾਲ ਆਦਿ ਬੰਨ੍ਹਣ ਦੀ ਥਾਂ ਦਸਤਾਰਾਂ ਸਜਾ ਕੇ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਰਾਹ ਤੁਰਨ। ਗਿਆਨੀ ਕੁਲਦੀਪ ਸਿੰਘ ਨੇ ਸਮੂਹ ਜਥੇਬੰਦੀਆਂ, ਦਲ ਪੰਥ, ਟਕਸਾਲਾਂ ਤੇ ਸਿੱਖ ਆਗੂਆਂ ਤੋਂ ਸਹਿਯੋਗ ਦੀ ਆਸ ਕੀਤੀ। 

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਗੁਰਚਰਨ ਸਿੰਘ ਕੁਹਾਲਾ, ਚੀਫ਼ ਗੁਰਦੁਆਰਾ ਇੰਸਪੈਕਟਰ ਸ. ਜਗਦੀਸ਼ ਸਿੰਘ ਬੁੱਟਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਸ. ਹਰਦੇਵ ਸਿੰਘ ਆਦਿ ਮੌਜੂਦ ਸਨ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement