
ਕਿਹਾ, ਜਾਂਚ ਤੋਂ ਬਾਅਦ ਦੋਖੀਆਂ ਵਿਰੁਧ ਸਖ਼ਤ ਕਾਨੂੰਨ ਕਾਰਵਾਈ ਕੀਤੀ ਜਾਵੇ
Panthak News: ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਕ ਚਿੱਠੀ ਲਿਖ ਕਿ ਮੰਗ ਕੀਤੀ ਹੈ ਕਿ ਪਿਛਲੇ 29 ਅਪ੍ਰੈਲ ਨੂੰ ਅੰਬਾਲੇ ਜ਼ਿਲ੍ਹੇ ਦੇ ਹਲਕਾ ਨਰਾਇਣਗੜ੍ਹ ਦੇ ਪਿੰਡ ਰਾਤਗੜ੍ਹ ਸਾਹਿਬ ਤੇ ਧਾਰਮਕ ਸਮਾਗਮ ਚਲ ਰਹੇ ਸਨ ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਸ਼ਾਮਲ ਹੋਣਾ ਸੀ ਇਸ ਲਈ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਬਿਆ ਬੈਠੇ ਗ੍ਰੰਥੀ ਨੂੰ ਉਠਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਲਾਸ਼ੀ ਲਈ ਗਈ।
ਇਥੋਂ ਤਕ ਕਿ ਸੁਰੱਖਿਆ ਕਰਮੀਆਂ ਨੇ ਸਿਰ ’ਤੇ ਟੋਪੀਆਂ ਪਾਈਆਂ ਹਨ ਅਤੇ ਟੋਪੀਆਂ ਨੂੰ ਉਲਟਾ ਕੀਤਾ ਹੋਇਆ ਸੀ ਅਤੇ ਸੁਰੱਖਿਆਕਰਮੀਆਂ ਨੇ ਜੁਰਾਬਾਂ ਸਮੇਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਚੁਕ ਚਾਰੋਂ ਤਰਫ਼ ਤਲਾਸ਼ੀ ਲਈ ਗਈ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਭੰਗ ਹੋਈ ਹੈ। ਇਸ ਘਟਨਾ ਕਾਰਨ ਸਿੱਖਾਂ ਦੇ ਦੇਸ਼ ਵਿਦੇਸ਼ ਵਿਚ ਹਿਰਦੇ ਵਲੂੰਦਰੇ ਗਏ ਹਨ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਰਖ਼ਾਸਤ ਲਿਖ ਕੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਜਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆਪ ਕਰੇ ਅਤੇ ਜਾਂਚ ਤੋਂ ਬਾਅਦ ਜੋ ਵੀ ਇਸ ਘਟਨਾ ਲਈ ਦੋਖੀ ਪਾਇਆ ਜਾਂਦਾ ਹੈ ਉਨ੍ਹਾਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ।
ਇਸ ਬਾਰੇ ਗੱਲਬਾਤ ਕਰਦੇ ਹੋਏ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਲਾਸ਼ੀ ਲਈ ਹੈ, ਨਹੀਂ ਤਾਂ ਇਸ ਤੋਂ ਪਹਿਲੋਂ ਕਈ ਮੰਤਰੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਵਿਦੇਸ਼ਾਂ ਦੇ ਪ੍ਰਧਾਨ ਮੰਤਰੀ , ਗੁਰਦੁਆਰਿਆਂ ਸਾਹਿਬ ਵਿਚ ਮੱਥਾ ਟੇਕਣ ਲਈ ਆਏ ਹਨ ਪਰ ਕਿਸੇ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਂਚ ਨਹੀਂ ਕੀਤੀ ਪਰ ਹੰਕਾਰ ਦੇ ਘੋੜੇ ’ਤੇ ਚੜੇ ਹੋਏ ਭਾਜਪਾ ਦੇ ਲੀਡਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਲਾਸ਼ੀ ਲੈ ਕੇ ਘੋਰ ਬੇਅਦਬੀ ਕੀਤੀ ਗਈ ਹੈ ਜਿਸ ਦੀ ਅਸੀਂ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਜਾਂਚ ਕਰਵਾ ਕੇ ਜੋ ਵੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਖੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।
ਉਨ੍ਹਾਂ ਮੁੱਖ ਮੰਤਰੀ ਨਾਇਬ ਸੈਣੀ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਨਾਇਬ ਸੈਣੀ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਅਪਣੀ ਗ਼ਲਤੀ ਦੀ ਭੁੱਲ ਬਖ਼ਸ਼ਾਉਣ ਅਤੇ ਸਿੱਖ ਸੰਗਤ ਤੋਂ ਹੱਥ ਜੋੜ ਕੇ ਮਾਫ਼ੀ ਮੰਗਣ ਅਤੇ ਇਸ ਹਰਕਤ ਦੇ ਦੋਸ਼ੀ ਸੁਰੱਖਿਆ ਕਰਮੀਆਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਤਾਕਿ ਅੱਗੇ ਤੋਂ ਕੋਈ ਵੀ ਸੁਰੱਖਿਆ ਕਰਮੀ ਇਹੋ ਜਿਹੀ ਗ਼ਲਤ ਹਰਕਤ ਨਾ ਕਰ ਸਕੇ।