
Panthak News: ਕਿਹਾ- ਸੁਧਾਰ ਲਹਿਰ ਦੇ ਆਗੂਆਂ ਨੂੰ ਮਰਿਆਦਾ ਦਾ ਪਾਠ ਪੜ੍ਹਾਉਣ ਦੀ ਬਜਾਏ ਖ਼ੁਦ ਆਪਣੇ ਕਹੇ ’ਤੇ ਅਮਲ ਕਰੋ
Panthak News: ਬਾਗ਼ੀ ਅਕਾਲੀ ਧੜੇ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਤੇ ਅੇਸਜੀਪੀਸੀ ਦੇ ਮੈਂਬਰਾਂ ਇੰਦਰਮੋਹਨ ਸਿੰਘ ਲਖਮੀਰਵਾਲਾ, ਜਸਵੰਤ ਸਿੰਘ ਪੂੜੈਣ,ਮਲਕੀਤ ਕੌਰ ਐਗਜ਼ੈਕਟਿਵ ਮੈਂਬਰ, ਸੀਨੀਅਰ ਆਗੂ ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਲਾਡਰਾਂ, ਅਮਰੀਕ ਸਿੰਘ ਸਾਹਪੁੱਰ, ਮਿੱਠੂ ਸਿੰਘ ਕਾਹਨੇਕੇ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਮਹਿੰਦਰ ਸਿੰਘ ਹੁਸੈਨਪੁੱਰ ਅਤੇ ਮਲਕੀਤ ਸਿੰਘ ਚੰਗਾਲ ਨੇ ਵਿਰਸਾ ਸਿੰਘ ਵਲਟੋਹਾ ਤੇ ਪਲਟਵਾਰ ਕਰਦੇ ਹੋਏ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ, ਵਿਰਸਾ ਸਿੰਘ ਵਲਟੋਹਾ ਸੁਧਾਰ ਲਹਿਰ ਦੇ ਆਗੂਆਂ ਨੂੰ ਮਰਿਯਾਦਾ ਦਾ ਪਾਠ ਪੜਾਉਣ ਦੀ ਬਜਾਏ ਖੁਦ ਅਮਲ ਕਰਨ ਜਿਸ ਤੋਂ ਉਹ ਸਾਬਤ ਸੂਰਤ ਸਿੱਖ ਹੋ ਕੇ ਵੀ ਸੱਖਣੇ ਹਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਰੋਧੀ ਕੰਮਾਂ ਅਤੇ ਗੁਨਾਹਾਂ ਕਰ ਕੇ ਪੰਜ ਸਿੰਘ ਸਾਹਿਬਾਨਾਂ ਨੇ ਤਨਖ਼ਾਹੀਆ ਕਰਾਰ ਦਿਤਾ ਸੀ, ਜਿਸ ਤੋਂ ਤੁਰਤ ਬਾਅਦ ਕਿਸੇ ਹੋਰ ਪੰਥਕ ਲੀਡਰ ਤਨਖ਼ਾਹੀਆ ਸ਼ਬਦ ਦੀ ਵਿਆਖਿਆ ਤੇ ਬਿਆਨ ਆਉਂਦਾ ਖੁਦ ਵਿਰਸਾ ਸਿੰਘ ਵਲਟੋਹਾ ਨੇ ਇਸ ਦੀ ਵਿਆਖਿਆ ਵੀ ਕੀਤੀ ਤੇ ਅਪਣੇ ਆਪ ਨੂੰ ਮਰਿਯਾਦਾ ਦੇ ਬੰਧਨ ਵਿਚ ਬੱਝੇ ਹੋਣ ਦਾ ਡਰਾਮਾ ਕਰਦਿਆਂ ਕਿਹਾ ਸੀ ਕਿ ਹੁਣ ਸੁਖਬੀਰ ਸਿੰਘ ਬਾਦਲ ਨਾਲ ਉਸ ਤਰੀਕੇ ਦਾ ਨਾਤਾ ਰੱਖਣਗੇ ਜਿਸ ਤਰੀਕੇ ਦਾ ਵਰਤਾਰਾ ਇਕ ਤਨਖ਼ਾਹੀਆ ਸਿੱਖ ਨਾਲ ਹੋਣਾ ਚਾਹੀਦਾ ਹੈ ਪਰ ਅੱਜ ਅਫ਼ਸੋਸ ਹੈ ਕਿ ਵਿਰਸਾ ਸਿੰਘ ਵਲਟੋਹਾ ਖੁਦ ਸੁਖਬੀਰ ਸਿੰਘ ਬਾਦਲ ਦੇ ਵਕੀਲ ਬਣੇ ਜਿਹੜਾ ਸਵਾਲ ਸੁਖਬੀਰ ਸਿੰਘ ਬਾਦਲ ਤੋਂ ਸੁਧਾਰ ਲਹਿਰ ਦੇ ਆਗੂਆਂ ਨੇ ਕੀਤਾ, ਉਸ ਦਾ ਜਵਾਬ ਆਪੇ ਬਣੇ ਵਕੀਲ ਵਿਰਸਾ ਸਿੰਘ ਵਲਟੋਹਾ ਦੇ ਰਹੇ ਹਨ ਅਤੇ ਉਹ ਵੀ ਪੰਥਕ ਮਰਿਯਾਦਾ ਨੂੰ ਛਿੱਕੇ ਟੰਗ ਅਤੇ ਹਾਊਮੈ ਨਾਲ ਭਰਪੂਰ ਹੈ।
ਸੁਧਾਰ ਲਹਿਰ ਦੇ ਆਗੂਆਂ ਸਵਾਲ ਕੀਤਾ ਕੇ ਜੇਕਰ ਤਨਖ਼ਾਹੀਏ ਦਾ ਦੋਸ਼ ਅਕਾਲ ਤਖ਼ਤ ਸਾਹਿਬ ਤੇ ਪੱਤਰ ਦੇਣ ਨਾਲ ਹੀ ਖ਼ਤਮ ਹੋ ਗਿਅ ਸੀ ਤਾਂ ਇਕ ਮਹੀਨੇ ਤੋਂ ਸੁਖਬੀਰ ਸਿੰਘ ਬਾਦਲ ਅੰਦਰ ਕਿਉਂ ਬੈਠੇ ਸਨ?
ਦੂਸਰਾ ਜੇਕਰ ਤਨਖ਼ਾਹੀਆਂ ਸਰ੍ਹੇਆਮ ਪਬਲਿਕ ਵਿਚ ਵਿਚਰ ਸਕਦਾ ਸੀ ਤਾਂ ਦੋ ਦਿਨ ਪਹਿਲਾਂ ਜੋ ਤੁਸੀ ਅਪਣੀ ਫ਼ੇਸਬੁੱਕ ਤੇ ਪੋਸਟ ਪਾਈ ਸੀ ਕਿ ਇਕ ਲੋਕ ਨੁਮਾਇੰਦੇ ਨੂੰ ਇੰਨੀ ਦੇਰ ਅੰਦਰ ਨਹੀਂ ਡੱਕਿਆ ਜਾ ਸਕਦਾ ਤੇ ਜਥੇਦਾਰ ਸਹਿਬਾਨਾ ਤੇ ਹੀ ਸਵਾਲ ਖੜੇ ਕਰ ਦਿਤੇ ਸਨ ਕਿ ਜਲਦੀ ਫ਼ੈਸਲਾ ਕਰੋ। ਫਿਰ ਇਹ ਸਾਰਾ ਕੁੱਝ ਕੀ ਸੀ।
ਸੁਧਾਰ ਲਹਿਰ ਦੇ ਆਗੂਆਂ ਨੇ ਵਿਰਸਾ ਸਿੰਘ ਵਲਟੋਹਾ ਨੂੰ ਉਨ੍ਹਾਂ ਦਾ ਇਕ ਨਿਜੀ ਚੈਨਲ ਤੇ ਦਿਤਾ ਬਿਆਨ ਵੀ ਯਾਦ ਕਰਵਾਇਆ ਜਿਸ ਵਿਚ ਵਿਰਸਾ ਸਿੰਘ ਵਲਟੋਹਾ ਦੇ ਸੁਖਬੀਰ ਬਾਰੇ ਬੋਲ ਸਨ ਕਿ ਅੱਜ ਉਹ ਤਨਖ਼ਾਹੀਆ ਕਰਾਰ ਦਿਤੇ ਗਏ ਨੇ ਤੇ ਤਨਖ਼ਾਹੀਆ ਸਿੱਖ ਦੇ ਨਾਲ ਆ, ਜਿਹੜਾ ਆ, ਇਕ ਸਿੱਖ ਨੂੰ ਜਦੋਂ ਤਨਖ਼ਾਹੀਆ ਕਰਾਰ ਦਿਤਾ ਜਾਂਦਾ ਹੈ, ਫਿਰ ਜਿਹੜਾ ਆ, ਸੰਪਰਕ ਜਿਹੜਾ ਆ, ਉਨ੍ਹਾਂ ਕਾ ਹੀ ਰਖਿਆ ਜਾਂਦਾ, ਤੇ ਮੇਰੇ ਵਾਸਤੇ ਵੀ ਉਹ ਅੱਜ ਤਨਖ਼ਾਹੀਆ ਨੇ, ਮੈਂ ਉਨ੍ਹਾਂ ਨੂੰ ਤਨਖ਼ਾਹੀਆ ਦੀ ਨਜ਼ਰ ਨਾਲ ਹੀ ਵੇਖੂੰਗਾ, ਤਨਖ਼ਾਹੀਆ ਦੀ ਗਿਣਤੀ ਵਿਚ ਰੱਖ ਕੇ ਚਲੂੰਗਾ, ਹਾਂ ਜਦੋਂ ਉਹ ਸਾਰੀ ਪ੍ਰਕਿਰਿਆ ਵਿਚੋਂ ਲੰਘ ਕੇ, ਜਿਹੜੀ ਪੰਥਕ ਪ੍ਰੰਪਰਾਵਾਂ ਨੇ, ਰਿਵਾਇਤਾਂ ਨੇ, ਜਦੋਂ ਉਹ ਸੁਰਖਰੂ ਹੋ ਕੇ ਆਉਣਗੇ, ਫਿਰ ਵਿਰਸਾ ਸਿੰਘ ਵਲਟੋਹਾ ਵਾਸਤੇ ਉਹ ਸੁਖਬੀਰ ਸਿੰਘ ਬਾਦਲ ਨੇ।
ਵਿਰਸਾ ਸਿੰਘ ਵਲਟੋਹਾ ਦੇ ਜੁਬਾਨੀ ਸ਼ਬਦਾਂ ਨੂੰ ਲਿਖਤੀ ਸ਼ਬਦ ਦਾ ਰੂਪ ਦੇਕੇ ਸੁਧਾਰ ਲਹਿਰ ਦੇ ਆਗੂਆਂ ਨੇ ਮੁੜ ਸਵਾਲ ਕੀਤਾ ਕਿ, ਵਲਟੋਹਾ ਸਾਹਿਬ ਤੁਹਾਨੂੰ ਚੇਤੇ ਵੀ ਹਨ ਅਪਣੇ ਬੋਲ ਜਾਂ ਭੁੱਲ ਚੁੱਕੇ ਹੋ, ਜਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਅੰਨ੍ਹੀ ਸਿਆਸੀ ਭਗਤੀ ਸਾਹਮਣੇ ਪੰਥਕ ਮਰਿਆਦਾ ਨੂੰ ਤਾਰ ਤਾਰ ਕਰ ਦਿਤਾ ਹੈ।