
ਵਿਵਾਦਾਂ ਵਿਚ ਫਸੇ ਸਾਧ ਸਤਨਾਮ ਸਿੰਘ ਪਿਪਲੀ ਵਾਲੇ ਦੀ ਹਮਾਇਤ 'ਤੇ ਪੰਥ ਦੇ ਕੀਰਤਨੀਏ ਅਖਵਾਉਣ ਵਾਲੇ ਭਾਈ ਸਤਿੰਦਰ ਸਿੰਘ ਅਤੇ
ਅੰਮ੍ਰਿਤਸਰ : ਵਿਵਾਦਾਂ ਵਿਚ ਫਸੇ ਸਾਧ ਸਤਨਾਮ ਸਿੰਘ ਪਿਪਲੀ ਵਾਲੇ ਦੀ ਹਮਾਇਤ 'ਤੇ ਪੰਥ ਦੇ ਕੀਰਤਨੀਏ ਅਖਵਾਉਣ ਵਾਲੇ ਭਾਈ ਸਤਿੰਦਰ ਸਿੰਘ ਅਤੇ ਭਾਈ ਗੁਰ੍ਰਪੀਤ ਸਿੰੰਘ ਸ਼ਿਮਲੇ ਵਾਲੇ ਉਤਰ ਆਏ ਹਨ। ਇਨ੍ਹਾਂ ਦੋਹਾਂ 'ਪੰਥਕ ਰਾਗੀਆਂ' ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਨ ਵਾਲੇ ਸਾਧ ਵਲੋਂ ਕੀਤੀ ਬੇਅਦਬੀ ਨੂੰ ਅੱਖੋ ਪਰੋਖੇ ਕਰਦਿਆਂ ਸਾਧ ਦੀ ਡੱਟ ਕੇ ਹਮਾਇਤ ਕੀਤੀ ਹੈ। ਰਾਗੀਆਂ ਨੇ ਅਪਣੇ ਵਲੋਂ ਜਾਰੀ ਵੀਡੀਉ ਵਿਚ ਕਿਹਾ ਹੈ ਕਿ ''ਬਾਬਾ ਜੀ ਹਰ ਸਾਲ 2 ਫ਼ਰਵਰੀ ਨੂੰ ਗੁਰਮਤਿ ਸਮਾਗਮ ਕਰਵਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹਨ।''
ਗੁਰਦਵਾਰਾ ਸਾਹਿਬ ਵਿਚ ਫ਼ਿਲਮ ਬਾਹੂਬਲੀ ਦੇ ਗੀਤ 'ਤੇ ਨੱਚ ਰਹੇ ਸਾਧ ਦੇ ਚੇਲਿਆਂ ਬਾਰੇ ਰਾਗੀ ਸਿੰਘਾਂ ਨੇ ਢੀਠਤਾ ਨਾਲ ਸਾਧ ਦੀ ਹਮਾਇਤ ਕਰਦਿਆਂ ਕਿਹਾ ਕਿ ਅੰਮ੍ਰਿਤਧਾਰੀ ਸਿੰਘਾਂ ਦੇ ਘਰਾਂ ਵਿਚ ਜਦ ਕੋਈ ਖ਼ੁਸ਼ੀ ਦਾ ਸਮਾਗਮ ਹੁੰਦਾ ਹੈ ਤਾਂ ਕੀ ਉਨ੍ਹਾਂ ਘਰਾਂ ਵਿਚ ਨਾਚ ਗਾਣਾ ਨਹੀਂ ਹੁੰਦਾ। ਸਾਧ ਦਾ ਪਾਲਕੀ 'ਤੇ ਬੈਠਣ ਨੂੰ ਵੀ ਜਾਇਜ਼ ਕਰਾਰ ਦਿੰਦੇ ਹੋਏ ਇਨ੍ਹਾਂ ਰਾਗੀਆਂ ਨੇ ਕਿਹਾ ਕਿ ''ਬਾਬਾ ਜੀ'' ਦੀ ਰੀਡ ਦੀ ਹੱਡੀ ਦਾ ਅਪ੍ਰੇਸ਼ਨ ਹੋਇਆ ਸੀ ਜਿਸ ਕਾਰਨ ਉਹ ਕੁਰਸੀ 'ਤੇ ਬੈਠੇ ਜਦਕਿ ਇਕ ਹੋਰ ਵੀਡੀਉ ਵਿਚ ਚਲ ਰਹੇ ਕੀਰਤਨ ਦੌਰਾਨ ਸਾਧ ਸਤਨਾਮ ਸਿੰਘ ਪਿਪਲੀ ਵਾਲਾ ਚੰਗਾ ਭਲਾ ਤੁਰਦਾ ਨਜ਼ਰ ਆ ਰਿਹਾ ਹੈ।
ਰਾਗੀਆਂ ਨੇ ਫ਼ੇਸਬੁਕ 'ਤੇ ਇਸ ਮਾਮਲੇ 'ਤੇ ਟਿਪਣੀਆਂ ਕਰਨ 'ਤੇ ਇਤਰਾਜ਼ ਕਰਦਿਆਂ ਕਿਹਾ ਕਿ ਫ਼ੇਸਬੁਕ ਵਾਲਾ ਪੰਥ ਜਾਣ-ਬੁਝ ਕੇ ਵਿਵਾਦ ਪੈਦਾ ਕਰ ਰਿਹਾ ਹੈ। ਪੰਥਕ ਹੋਣ ਦਾ ਦਾਅਵਾ ਕਰਦੇ ਰਾਗੀਆਂ ਵਲੋਂ ਅਜਿਹਾ ਕਰਨਾ ਪੰਥ ਲਈ ਮੰਦਭਾਗਾ ਹੈ।