ਕਿਹਾ, ਜੇਕਰ ਸਪੋਕਸਮੈਨ ਦੀ ਗੱਲ ਸੁਣ ਕੇ ਮੰਨ ਲੈਂਦੇ ਤਾਂ ਇਹ ਨਮੋਸ਼ੀ ਨਾ ਵੇਖਣੀ ਪੈਂਦੀ ਬਾਦਲ ਦਲ ਨੂੰ
ਸ੍ਰੀ ਫ਼ਤਿਹਗੜ੍ਹ ਸਾਹਿਬ (ਜੀ ਐਸ ਰੁਪਾਲ) : ਜੇਕਰ ਬਾਦਲ ਦਲ ਵਾਲੇ ਰੋਜ਼ਾਨਾ ਸਪੋਕਸਮੈਨ ਵਲੋਂ ਸਮੇਂ ਸਮੇਂ ’ਤੇ ਦਿਤੀਆਂ ਜਾਣ ਵਾਲੀਆਂ ਚੇਤਾਵਨੀਆਂ ’ਤੇ ਅਮਲ ਕੀਤਾ ਜਾਂਦਾ ਤਾਂ ਅੱਜ ਬਾਦਲ ਦਲ ਸਹੀ ਅਰਥਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਣ ਕੇ ਸਿੱਖ ਕੌਮ ਦੇ ਭਵਿੱਖ ਦਾ ਜ਼ਾਮਨ ਬਣ ਗਿਆ ਹੁੰਦਾ। ਪ੍ਰੰਤੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਸਲਾਹਕਾਰਾਂ ਨੇ ਸਦਾ ਹੀ ਪੰਥ ਦੁਸ਼ਮਣ ਹਮਦਰਦਾਂ ਦੇ ਇਰਾਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਸਰਗਰਮ ਭੂਮਿਕਾ ਨਿਭਾਈ।
ਇਹੋ ਵਜ੍ਹਾ ਹੈ ਕਿ ਅੱਜ ਸੱਚ ਚੰਦੂਮਾਜਰਾ ਦੇ ਸਿਰ ਚੜ੍ਹ ਕੇ ਬੋਲਿਆ ਹੈ ਅਤੇ ਉਹ ਇਹ ਕਹਿਣ ਲਈ ਮਜਬੂਰ ਹੋਇਆ ਹੈ ਕਿ ਸਾਡੀ ਹੈਸੀਅਤ ਤਾਂ ਅੱਜ ‘ਨੋਟਾ’ ਵਰਗੀ ਹੋ ਗਈ ਹੈ। ਇਹ ਵਿਚਾਰ ਗੁਰੂ ਘਰ ਪ੍ਰਬੰਧ ਸੁਧਾਰ ਲਹਿਰ ਪੰਜਾਬ ਦੇ ਪ੍ਰਧਾਨ ਜਥੇਦਾਰ ਰਤਨ ਸਿੰਘ ਨੇ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਤਾਕਤ ਦੇ ਨਸ਼ੇ ਵਿਚ ਚੰਦੂਮਾਜਰਾ ਵਰਗੇ ਅਕਾਲੀਆਂ ਨੇ ਹਮੇਸ਼ਾ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਸਪੋਕਸਮੈਨ ਉਤੇ ਬਾਦਲ ਅਕਾਲੀ ਦਲ ਅਤੇ ਇਸ ਦੇ ਅਖੌਤੀ ਹਮਦਰਦਾਂ ਵਲੋਂ ਜਦੋਂ ਅਪਣੇ ਨਾਪਾਕ ਇਰਾਦਿਆਂ ਦੀ ਪੂਰਤੀ ਲਈ ਹਮਲੇ ਕਰਵਾਏ ਗਏ ਤਾਂ ਜਿਥੇ ਹਰ ਇਨਸਾਫ਼ ਪਸੰਦ ਹਿਰਦਾ ਤੜਪ ਉਠਿਆ ਅਤੇ ਇਸ ਜ਼ੁਲਮ ਵਿਰੁਧ ਲੋਕੀਂ ਸੜਕਾਂ ’ਤੇ ਉਤਰ ਆਏ ਉਥੇ ਚੰਦੂਮਾਜਰਾ ਵਰਗੇ ਤਾਕਤ ਦੇ ਨਸ਼ੇ ਵਿਚ ਇਹ ਸੱਭ ਕੁੱਝ ਖੁਲ੍ਹੀਆਂ ਅੱਖਾਂ ਨਾਲ ਵੇਖ ਕੇ ਵੀ ਚੁੱਪ ਰਹੇ। ਜਥੇਦਾਰ ਰਤਨ ਸਿੰਘ ਨੇ ਕਿਹਾ ਕਿ ਇਸ ਦੇ ਬਾਵਜੂਦ ਵੀ ਸਿੱਖ ਹਿਤੈਸ਼ੀ ਸ. ਜੋਗਿੰਦਰ ਸਿੰਘ ਨੇ ਸਬਰ ਨਾਲ ਜਬਰ ਦਾ ਮੁਕਾਬਲਾ ਕਰਦੇ ਹੋਏ ਬਾਦਲ ਅਕਾਲੀ ਦਲ ਨੂੰ ਸਮੇਂ-ਸਮੇਂ ਤੇ ਨੇਕ ਸਲਾਹ ਦੇਣ ਦਾ ਅਪਣਾ ਸਿਲਸਿਲਾ ਜਾਰੀ ਰਖਿਆ।
ਉਨ੍ਹਾਂ ਕਿਹਾ ਕਿ ਫ਼ਰੀਦਕੋਟ ਅਤੇ ਖਡੂਰ ਸਾਹਿਬ ਵਿਧਾਨ ਸਭਾ ਹਲਕਿਆਂ ਤੋਂ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਦੀ ਲੱਖਾਂ ਵੋਟਾਂ ਦੇ ਫ਼ਰਕ ਨਾਲ ਹੋਈ ਜਿੱਤ ਸਿੱਖ ਕੌਮ ਦੇ ਵਿਚਾਰਾਂ ਦੀ ਤਰਜਮਾਨੀ ਕਰਦੀ ਹੈ। ਇਸ ਜਿੱਤ ਤੋਂ ਇਹ ਪ੍ਰਤੱਖ ਹੋ ਗਿਆ ਹੈ ਕਿ ਸਿੱਖ ਕੌਮ ਕੀ ਚਾਹੁੰਦੀ ਹੈ? ਪਰੰਤੂ ਹਕੂਮਤ ਦੇ ਨਸ਼ੇ ਵਿਚ ਬਾਦਲ ਦਲ ਨੇ ਕੌਮ ਦੀ ਆਤਮਾ ਦੀ ਹਰ ਆਵਾਜ਼ ਨੂੰ ਅਣਸੁਣਿਆ ਕੀਤਾ।
ਖਡੂਰ ਸਾਹਿਬ ਅਤੇ ਫ਼ਰੀਦਕੋਟ ਦੇ ਲੋਕਾਂ ਨੇ ਬਾਦਲ ਦਲ ਸਮੇਤ ਸਭਨਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਰੱਦ ਕਰ ਕੇ ਅਪਣਾ ਫ਼ੈਸਲਾ ਦਿਤਾ ਹੈ। ਜ: ਰਤਨ ਸਿੰਘ ਨੇ ਕਿਹਾ,‘‘ਅਜੇ ਵੀ ਸਮਾਂ ਹੈ ਡੁੱਲ੍ਹੇ ਬੇਰਾਂ ਦਾ ਜ਼ਿਆਦਾ ਨਹੀਂ ਵਿਗੜਿਆ।’’ ਸਪੋਕਸਮੈਨ ਦੇ ਸਿੱਖ ਹਿਤੈਸ਼ੀ ਸ. ਜੋਗਿੰਦਰ ਸਿੰਘ ਵਲੋਂ ਦਿਤੀ ਗਈ ਸਲਾਹ ’ਤੇ ਅਮਲ ਕਰਦਿਆਂ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਕੌਮ ਦੇ ਭਵਿੱਖ ਨੂੰ ਬਚਾਉਣ ਦੀ ਜੁਰੱਅਤ ਵਿਖਾਉਣ। ਇਸ ਮੌਕੇ ਸੁਰਜੀਤ ਸਿੰਘ ਦੇਧੜਾ ਅਤੇ ਗੁਰਨਾਮ ਸਿੰਘ ਹੁਸੈਨਪੁਰ ਵੀ ਮੌਜੂਦ ਸਨ।