Panthak News: ਰਾਜਪਾਲ ਪੰਜਾਬ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ, ਦੋਵਾਂ ਵਿਚਕਾਰ ਅਹਿਮ ਮਾਮਲਿਆਂ 'ਤੇ ਹੋਈ ਵਿਚਾਰ ਚਰਚਾ
Published : Jul 11, 2025, 3:09 pm IST
Updated : Jul 11, 2025, 3:09 pm IST
SHARE ARTICLE
Governor Gulab Chand Kataria and Giani Kuldeep Singh Gadhgaj
Governor Gulab Chand Kataria and Giani Kuldeep Singh Gadhgaj

ਜਥੇਦਾਰ ਗੜਗੱਜ ਨੇ ਰਾਜਪਾਲ ਕੋਲ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਲੱਗ ਰਹੀ ਪੇਪਰ ਫੈਕਟਰੀ ਦਾ ਮਾਮਲਾ ਵੀ ਉਠਾਇਆ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਸ੍ਰੀ ਕਟਾਰੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਉਨ੍ਹਾਂ ਦੇ ਰਿਹਾਇਸ਼ ਦਫ਼ਤਰ ਵਿਖੇ ਪੁੱਜ ਕੇ ਵਿਸ਼ੇਸ਼ ਮੁਲਾਕਾਤ ਕੀਤੀ।

ਇਸ ਮੌਕੇ ਜਥੇਦਾਰ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਰਾਜਪਾਲ ਕਟਾਰੀਆ ਨੂੰ ਸਿਰੋਪਾਓ, ਲੋਈ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਮੁਲਾਕਾਤ ਦੌਰਾਨ ਕਟਾਰੀਆ ਅਤੇ ਜਥੇਦਾਰ ਗੜਗੱਜ ਵਿਚਕਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਕਾਨੂੰਨ, ਚਮਕੌਰ ਸਾਹਿਬ ਦੇ ਨੇੜੇ ਪੇਪਰ ਫੈਕਟਰੀ ਅਤੇ ਮੱਤੇਵਾੜਾ ਜੰਗਲ ਨੇੜੇ ਵੱਸਦੇ ਗ਼ਰੀਬ ਪਰਿਵਾਰਾਂ ਦੇ ਉਜਾੜੇ, ਪੰਜਾਬ ਅੰਦਰ ਪੁਲਿਸ ਮੁਕਾਬਲੇ, ਧਰਮ ਪਰਿਵਰਤਨ ਆਦਿ ਜਿਹੇ ਅਹਿਮ ਮਾਮਲਿਆਂ ਉੱਤੇ ਵਿਚਾਰਾਂ ਹੋਈਆਂ।

ਮੁਲਾਕਾਤ ਉਪਰੰਤ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਬਹੁਤ ਚੰਗੇ ਮਹੌਲ ਵਿੱਚ ਗੱਲਬਾਤ ਹੋਈ, ਜਿਸ ਦੌਰਾਨ ਉਨ੍ਹਾਂ ਪਾਸ ਉਠਾਏ ਗਏ ਮਾਮਲਿਆਂ ਨੂੰ ਰਾਜਪਾਲ ਨੇ ਗੌਰ ਨਾਲ ਸੁਣਿਆ ਅਤੇ ਲੋੜੀਂਦੀ ਕਾਰਵਾਈ ਦੀ ਗੱਲ ਆਖੀ।

ਜਥੇਦਾਰ ਗੜਗੱਜ ਨੇ ਕਿਹਾ ਕਿ ਰਾਜਪਾਲ ਨੂੰ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਪੂਰੇ ਦੇਸ਼ ਅਤੇ ਵਿਸ਼ਵ ਵਿੱਚ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਅਜ਼ਾਦੀ ਦੇ ਸਿਧਾਂਤ ਨੂੰ ਦਰਸਾਉਂਦਿਆਂ ਚੰਗੇ ਤਰੀਕੇ ਨਾਲ ਮਨਾਈ ਜਾਣੀ ਚਾਹੀਦੀ ਹੈ। ਰਾਜਪਾਲ ਸ੍ਰੀ ਕਟਾਰੀਆ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਤੇ ਸਲਾਹ ਨਾਲ ਮਨਾਈ ਜਾਵੇ, ਕਿਉਂਕਿ ਇਹ ਸਿੱਖਾਂ ਦੀ ਨੁਮਾਇੰਦਾ ਕੇਂਦਰੀ ਧਾਰਮਿਕ ਸੰਸਥਾ ਹੈ ਜੋ ਗੁਰਮਤਿ ਸਮਾਗਮਾਂ ਵਿੱਚ ਸਿੱਖ ਰਵਾਇਤਾਂ, ਮਰਯਾਦਾ ਅਤੇ ਸਿਧਾਂਤਾਂ ਦੀ ਬਿਹਤਰ ਤਰਜਮਾਨੀ ਕਰਦੀ ਹੈ। 

ਜਥੇਦਾਰ ਗੜਗੱਜ ਨੇ ਰਾਜਪਾਲ ਕੋਲ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਲੱਗ ਰਹੀ ਪੇਪਰ ਫੈਕਟਰੀ ਦਾ ਮਾਮਲਾ ਵੀ ਉਠਾਇਆ, ਜਿਸ ਦਾ ਇਲਾਕੇ ਦੇ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੇ ਨੇੜੇ ਪ੍ਰਦੂਸ਼ਣ ਫੈਲੇਗਾ ਜੋ ਕਿ ਲੋਕਾਂ ਦੀ ਸਿਹਤ ਤੇ ਪੰਜਾਬ ਦੇ ਵਾਤਾਵਰਣ, ਹਵਾ ਤੇ ਪਾਣੀ ਲਈ ਠੀਕ ਨਹੀਂ ਹੈ।

ਜਥੇਦਾਰ ਗੜਗੱਜ ਨੇ ਮੱਤੇਵਾੜਾ ਜੰਗਲ ਦੇ ਨੇੜੇ ਵੱਸਦੇ ਗ਼ਰੀਬ ਪਰਿਵਾਰਾਂ ਦੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਜਾੜੇ ਦਾ ਮਾਮਲਾ ਵੀ ਰਾਜਪਾਲ ਪੰਜਾਬ ਦੇ ਕੋਲ ਉਠਾਇਆ, ਕਿਉਂਕਿ ਇਹ ਪਰਿਵਾਰ ਲੰਮੇ ਸਮੇਂ ਤੋਂ ਉੱਥੇ ਵੱਸੇ ਹੋਏ ਹਨ ਇਸ ਲਈ ਇਨ੍ਹਾਂ ਨੂੰ ਉਜਾੜਣਾ ਵਾਜਬ ਨਹੀਂ ਤੇ ਮਨੁੱਖੀ ਅਧਿਕਾਰਾਂ ਨੂੰ ਗਹਿਰੀ ਸੱਟ ਹੈ, ਜੋ ਕਿ ਪੰਜਾਬ ਦੇ ਸੁਭਾਅ ਨਾਲ ਨਹੀਂ ਰਲਦੀ।

ਜਥੇਦਾਰ ਗੜਗੱਜ ਨੇ ਰਾਜਪਾਲ ਸ੍ਰੀ ਕਟਾਰੀਆ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਬਣਾਉਣ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਹਨ ਅਤੇ ਧਰਮ ਗ੍ਰੰਥ ਸਾਰੇ ਹੀ ਸਤਿਕਾਰਯੋਗ ਹਨ। ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਹੈ, ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਹ ਕਾਰਜ ਛੇਤੀ ਹੀ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਵੀ ਗੁਰੂ ਘਰਾਂ ਅੰਦਰ ਹਰ ਸਮੇਂ ਪਹਿਰੇਦਾਰੀ ਯਕੀਨਾ ਬਣਾਉਣੀ ਚਾਹੀਦੀ ਹੈ।
ਜਥੇਦਾਰ ਗੜਗੱਜ ਨੇ ਰਾਜਪਾਲ ਪੰਜਾਬ ਕੋਲ ਪਿਛਲੇ ਸੱਤ ਮਹੀਨਿਆਂ ਅੰਦਰ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਮੁਕਾਬਲਿਆਂ ਦਾ ਮਾਮਲਾ ਵੀ ਉਠਾਇਆ, ਜਿਨ੍ਹਾਂ ਵਿੱਚ ਪੁਲਿਸ ਨੇ ਤਕਰੀਬਨ ਇੱਕੋ ਜਿਹੀ ਕਹਾਣੀ ਬਣਾਈ ਹੈ ਕਿ ਹਥਿਆਰ ਬਰਾਮਦ ਕਰਨ ਗਏ ਤੇ ਕਥਿਤ ਦੋਸ਼ੀਆਂ ਵੱਲੋਂ ਪੁਲਿਸ ਉੱਤੇ ਗੋਲੀ ਚਲਾਈ ਗਈ ਅਤੇ ਜਵਾਬੀ ਕਾਰਵਾਈ ਵਿੱਚ ਉਹ ਮਾਰੇ ਗਏ।

ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਅੰਦਰ ਲੋਕਾਂ ਨੂੰ ਨਿਆਂ ਦੇਣ ਲਈ ਅਦਾਲਤਾਂ ਹਨ ਤਾਂ ਫਿਰ ਸਜ਼ਾ ਵੀ ਅਦਾਲਤ ਨੂੰ ਹੀ ਦੇਣੀ ਚਾਹੀਦੀ ਹੈ ਅਤੇ ਮੁਕਾਬਲਿਆਂ ਵਿੱਚ ਕਿਸੇ ਨੂੰ ਸਜ਼ਾ ਦੇਣਾ ਗਲਤ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਪਿਛਲੇ ਦਿਨੀਂ ਅਬੋਹਰ ਅੰਦਰ ਹੋਇਆ ਵਪਾਰੀ ਭਰਾ ਦਾ ਕਤਲ ਵੀ ਬੇਹੱਦ ਮੰਦਭਾਗਾ ਹੈ, ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਪਰ ਅਮਨ ਕਾਨੂੰਨ ਨੂੰ ਦੇਖਣਾ ਸਰਕਾਰ ਦਾ ਕੰਮ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅੰਦਰ ਵੀ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਕਤਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਬੋਹਰ ਮਾਮਲੇ ਨਾਲ ਸਬੰਧਤ ਮਾਰੇ ਗਏ ਦੋ ਨੌਜਵਾਨ ਲੜਕਿਆਂ ਦੇ ਪਰਿਵਾਰਾਂ ਵੱਲੋਂ ਪੁਲਿਸ ਮੁਕਾਬਲਿਆਂ ਨੂੰ ਝੂਠਾ ਕਿਹਾ ਜਾ ਰਿਹਾ ਹੈ ਅਤੇ ਉਹ ਇਨਸਾਫ਼ ਲਈ ਅਵਾਜ਼ ਉਠਾ ਰਹੇ ਹਨ, ਇਸ ਦਾ ਸੱਚ ਅਤੇ ਝੂਠ ਤਾਂ ਸਮੇਂ ਨਾਲ ਸਾਹਮਣੇ ਆਵੇਗਾ, ਪਰ ਅਜਿਹੇ ਵਰਤਾਰੇ ਨੂੰ ਠੱਲ੍ਹ ਪੈਣੀ ਚਾਹੀਦੀ ਹੈ। ਪੰਜਾਬ ਪੁਲਿਸ ਰਾਜ ਬਣਨ ਵੱਲ ਨਹੀਂ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਸ੍ਰੀ ਕਟਾਰੀਆ ਨਾਲ ਧਰਮ ਪਰਿਵਰਤਨ ਦੇ ਮਾਮਲੇ ਉੱਤੇ ਵੀ ਵਿਚਾਰ ਹੋਈ।

ਉਨ੍ਹਾਂ ਕਿਹਾ ਕਿ ਲਾਲਚ, ਡਰ, ਪਖੰਡ ਅਤੇ ਝੂਠੀਆਂ ਕਰਾਮਾਤਾਂ ਦਾ ਮਹੌਲ ਸਿਰਜ ਕੇ ਧਰਮ ਪਰਿਵਰਤਨ ਕਰਵਾਉਣਾ ਬਿਲਕੁਲ ਠੀਕ ਨਹੀਂ ਅਤੇ ਇਹ ਵਿਚਾਰ ਹੋਈ ਹੈ ਕਿ ਪ੍ਰੇਮ ਨਾਲ ਪਰਿਵਰਤਨ ਕਰ ਗਏ ਪਰਿਵਾਰਾਂ ਨੂੰ ਵਾਪਸ ਲਿਆਉਣ ਲਈ ਯਤਨ ਕੀਤੇ ਜਾਣ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਸ. ਹਰਦੇਵ ਸਿੰਘ, ਸੂਚਨਾ ਅਧਿਕਾਰੀ ਸ. ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

SHARE ARTICLE

ਏਜੰਸੀ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement