
ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੇ ਦੁਸ਼ਾਲਾ ਭੇਂਟ ਕੀਤਾ
ਲੁਧਿਆਣਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਾਰਥਕ ਢੰਗ ਨਾਲ ਮਨਾਉਣ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ, ਫ਼ਲਸਫ਼ੇ ਤੇ ਸਿਖਿਆਵਾਂ ਨੂੰ ਸਮੁੱਚੀ ਲੋਕਾਈ ਤਕ ਪਹੁੰਚਾਉਣ ਲਈ ਜਵੱਦੀ ਟਕਸਾਲ ਦੇ ਮੁਖੀ ਬਾਬਾ ਅਮੀਰ ਸਿੰਘ ਵਲੋਂ ਆਰੰਭ ਕੀਤੀ ਗਈ ਵਿਚਾਰ ਗੋਸ਼ਟੀਆਂ ਦੀ ਲੜੀ ਸਮੁੱਚੀ ਕੌਮ ਲਈ ਪ੍ਰੇਰਣਾ ਦਾ ਸਰੋਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਪ੍ਰਮੁੱਖ ਅਹੁਦੇਦਾਰ ਤਰਨਦੀਪ ਸਿੰਘ ਸੰਧਰ ਨੇ ਜਵੱਦੀ ਟਕਸਾਲ ਵਿਖੇ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੂੰ ਸਨਮਾਨਤ ਕਰਨ ਹਿਤ ਆਯੋਜਤ ਕੀਤੇ ਗਏ ਸਮਾਗਮ ਦੌਰਾਨ ਇਕੱਤਰ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਬਾਬਾ ਅਮੀਰ ਸਿੰਘ ਦੀ ਸੁਹਿਰਦਤਾ ਪੂਰਨ ਸੋਚ ਸਦਕਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਵੱਦੀ ਟਕਸਾਲ ਵਿਖੇ 'ਗੁਰੂ ਨਾਨਕ ਦੇਵ ਜੀ ਦੇ ਅਣਗੋਲੇ ਪੈਰੋਕਾਰ' ਵਿਸ਼ੇ ਉਪਰ ਜੋ ਵਿਸ਼ੇਸ਼ ਵਿਚਾਰ ਗੋਸ਼ਟੀ ਕਰਵਾਈ ਗਈ, ਉਹ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ, ਖ਼ਾਸ ਕਰ ਕੇ ਕੌਮ ਦੇ ਅਨਮੋਲ ਹੀਰੇ ਸਿਕਲੀਗਰ, ਵਣਜਾਰੇ, ਸਤਿਨਾਮੀਏ, ਉਦਾਸੀ, ਸਿੰਧੀ ਅਤੇ ਹੋਰ ਗੁਰੂ ਨਾਨਕ ਨਾਮ ਲੇਵਾ ਕਬੀਲਿਆਂ ਨੂੰ ਪੰਥਕ ਮੁੱਖ ਧਾਰਾ ਵਿਚ ਲਿਆਉਣ ਲਈ ਉਨ੍ਹਾਂ ਵਲੋਂ ਕੀਤੀ ਗਈ ਪਹਿਲਕਦਮੀ ਇਕ ਨਿੱਘਾ ਉਪਰਾਲਾ ਸੀ ਜਿਸ ਦੇ ਮੱਦੇਨਜ਼ਰ ਸਿਕਲੀਗਰ ਤੇ ਵਣਜਾਰਿਆਂ ਦੇ ਬੱਚਿਆਂ ਲਈ ਨਿਸ਼ਕਾਮ ਰੂਪ 'ਚ ਕਾਰਜ ਕਰ ਰਹੀ ਸੰਸਥਾ ਸਿੱਖ ਕੌਂਸਲ ਆਫ਼ ਸਕਾਟਲੈਂਡ ਜਵੱਦੀ ਟਕਸਾਲ ਦੇ ਮੁਖੀ ਬਾਬਾ ਅਮੀਰ ਸਿੰਘ ਦਾ ਤਹਿ ਦਿਲੋਂ ਧਨਵਾਦ ਪ੍ਰਗਟ ਕਰਦੀ ਹੈ।
ਇਸ ਦੌਰਾਨ ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਅਹੁਦੇਦਾਰ ਤਰਨਦੀਪ ਸਿੰਘ ਸੰਧਰ, ਰਣਜੀਤ ਸਿੰਘ ਖ਼ਾਲਸਾ, ਸੁਖਦੇਵ ਸਿੰਘ ਲਾਜ,ਪਦਮ ਸੁਰਜੀਤ ਪਾਤਰ, ਚਰਨਜੀਤ ਸਿੰਘ, ਦਰਸ਼ਨ ਸਿੰਘ ਪਲਾਈ ਕਿੰਗ ਤੇ ਬੀਬੀ ਰਵਿੰਦਰ ਕੌਰ ਨੇ ਸਾਂਝੇ ਰੂਪ ਵਿਚ ਕੌਂਸਲ ਵਲੋਂ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੇ ਦੁਸ਼ਾਲਾ ਭੇਂਟ ਕਰ ਕੇ ਸਨਮਾਨਤ ਕੀਤਾ।