
‘ਜਿਸ ਦਿਨ ਪੰਥ ਨੇ ਸਮਝਿਆ ਕਿ ਮੇਰੇ ’ਚ ਕਮੀਆਂ ਹਨ ਅਤੇ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ। ਮੈਂ ਹੱਥ ਜੋੜ ਕੇ ਸੇਵਾ ਛੱਡ ਦਿਆਂਗਾ।
Panthak News: ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸਾਹਿਬ ਦੇ ਨਵੇਂ ਬਣਾਏ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਤਮਸਤਕ ਹੋਏ। ਇਸ ਮੌਕੇ ’ਤੇ ਉਨ੍ਹਾਂ ਗੁਰੂਘਰ ਦੇ ਦਰਬਾਰ 'ਚ ਮੱਥਾ ਟੇਕਿਆ ਅਤੇ ਸਵੇਰ ਦੀ ਅਰਦਾਸ ਦੌਰਾਨ ਸ਼ਮੂਲੀਅਤ ਕੀਤੀ।
ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਪ ਅਸਥਾਨ ’ਤੇ ਸ਼ੀਸ਼ ਨਿਵਾਇਆ ਅਤੇ ਗੁਰੂ ਸਾਹਿਬ ਵੱਲੋਂ ਆਪਣੇ ਪਾਵਨ ਹਸਤ ਕਮਲਾਂ ਨਾਲ ਲਗਾਏ ਗਏ ਪਵਿੱਤਰ ਬੇਰੀ ਰੁੱਖ ਦੇ ਦਰਸ਼ਨ ਦੀਦਾਰੇ ਵੀ ਕੀਤੇ। ਇਸ ਉਪਰੰਤ ਉਹਨਾਂ ਵੱਲੋਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਗਿਆ।
ਪ੍ਰੈੱਸ ਕਾਨਫ਼ਰਸ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਅਕਤੂਬਰ ਮਹੀਨੇ ਦੇ ਵਿੱਚ ਪਾਕਿਸਤਾਨ ਵਿਖੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਐਮਨਾਬਾਦ ਅਤੇ ਲਾਹੌਰ ਆਦਿ ਵੱਖ-ਵੱਖ ਥਾਵਾਂ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਅਸਥਾਨਾਂ ਦੇ ਦਰਸ਼ਨ ਕੀਤੇ ਤੇ ਉਹ ਇੱਕ ਬੜਾ ਚੰਗਾ ਅਨੁਭਵ ਸੀ ਉਸ ਤੋਂ ਬਾਅਦ ਜਿਵੇਂ ਅਸੀਂ ਵਾਹਗਾ ਟੱਪਿਆ ਤਾਂ ਮੇਰੇ ਮਨ 'ਚ ਖ਼ਿਆਲ ਆਇਆ ਕਿ ਸੁਲਤਾਨਪੁਰ ਲੋਧੀ ’ਚ ਵੀ ਗੁਰੂ ਘਰ ਦੇ ਦਰਸ਼ਨ ਕਰਾ।
ਮਨ ਵਿੱਚ ਇੱਛਾ ਸੀ ਕਿ ਇਸ ਸਥਾਨ ’ਤੇ ਆਉਣਾ ਚਾਹੀਦਾ ਹੈ ਤਾਂ ਹੀ ਸਾਡੀ ਯਾਤਰਾ ਮੁਕਮਲ ਮੰਨੀ ਜਾਵੇਗੀ। ਅੱਜ ਗੁਰੂ ਪਾਤਸ਼ਾਹ ਨੇ ਬੜੀ ਮਿਹਰ ਕੀਤੀ, ਬੜੀ ਬਖ਼ਸ਼ਿਸ਼ ਕੀਤੀ ਕਿ ਅੱਜ ਅਸੀਂ ਅੰਮ੍ਰਿਤ ਵੇਲੇ ਇਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਬਾਰਕ ਸਥਾਨ ’ਤੇ ਆਏ ਹਾਂ ਤੇ ਦਿਲ ਗਦਗਦ ਹੋ ਗਿਆ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਤੁਹਾਡੀ ਦਸਤਾਰਬੰਦੀ ਦੌਰਾਨ ਕੁਝ ਲੋਕਾਂ ਵੱਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਕਿ ਮਰਿਆਦਾ ਦੀ ਉਲੰਘਣਾ ਹੋਈ ਹੈ ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਵਾਬ ਦਿੱਤਾ ਕਿ ਮੈਂ ਕਿਸੇ ਵੀ ਚੀਜ਼ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਸਮਝਦਾ ਹਾਂ ਕਿ ਅਸੀਂ ਸਾਰੇ ਹੀ ਇੱਕ ਗੁਰੂ ਪੰਥ ਦਾ ਹਿੱਸਾ ਹਾਂ ਤੇ ਗੁਰੂ ਪੰਥ ਦਾ ਹਿੱਸਾ ਹੋਣ ਦੇ ਨਾਤੇ ਗੁਰੂ ਪੰਥ ਦੇ ਪ੍ਰਤੀ ਸਾਡੇ ਸਾਰਿਆਂ ਦੇ ਬਹੁਤ ਸਾਰੇ ਫ਼ਰਜ਼ ਹਨ ਕਿ ਅਸੀਂ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹੀਏ ਤਾਂ ਉਸ ਲਈ ਅਸੀਂ ਤਤਪਰ ਹਾਂ ਬਾਕੀ ਗੁਰੂ ਨਾਨਕ ਪਾਤਸ਼ਾਹ ਸਭ ਸੱਚ ਜਾਣਦੇ ਹਨ ਗੁਰੂ ਤੋਂ ਕੁਝ ਵੀ ਲੁਕਿਆ ਨਹੀਂ ਹੁੰਦਾ। ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਹਨ।
ਇਸ ਸਮੇਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਗੁਰੂ ਦੀਆਂ ਸਮੂਹ ਸੰਗਤਾਂ ਹੋਲਾ ਮਹੱਲਾ ਮਨਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਰਹੀਆਂ ਨੇ ਤੁਸੀਂ ਅੱਜ ਇੱਥੇ ਹੋ ਕੀ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਆਪ ਜੀ ਨੂੰ ਅੱਜ ਉਥੇ ਹੋਣਾ ਚਾਹੀਦਾ ਸੀ। ਕੀ ਤੁਹਾਨੂੰ ਉਥੇ ਕਿਸੇ ਕਿਸਮ ਦਾ ਭੈਅ ਹੈ ? ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਾਤਸ਼ਾਹ ਕਹਿੰਦੇ ਹਨ ਕਿ ਜੇ ਤੁਸੀਂ ਚੰਗੇ ਕੰਮ ਕਰੋ ਤੇ ਡਰ ਕਾਹਦਾ, ਸਿੱਖ ਦਾ ਰੱਬ ਵੀ ਨਿਰਭਉ ਨਿਰਵੈਰ ਹੈ ਅਸੀਂ ਜਿਸ ਰੱਬ ਨੂੰ ਤਸਬਰ ਕਰਦੇ ਹਾਂ, ਬਾਣੀ ਦੇ ਰਾਹੀਂ ਉਸ ਦੇ ਗੁਣ ਸਾਡੇ ’ਚ ਵੀ ਆਉਂਦੇ ਹਨ। ਡਰ ਵਾਲੀ ਤਾਂ ਕੋਈ ਗੱਲ ਨਹੀਂ, ਆਪਣੇ ਭਰਾਵਾਂ ਤੋਂ ਵੀ ਕੋਈ ਡਰਦੈ।
ਆਨੰਦਪੁਰ ਸਾਹਿਬ ਖ਼ਾਲਸੇ ਦੀ ਜਨਮ ਭੂਮੀ ਹੈ ਅਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਸਾਹਿਬ ਸਾਡਾ ਜਨਮ ਸਥਾਨ ਹੈ। ਵਾਸੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਹਾਂ। ਸਾਡੇ ਮਾਤਾ ਜੀ ਮਾਤਾ ਸਾਹਿਬ ਕੌਰ ਹਨ ਅਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਸਾਡਾ ਇੱਕ ਸਾਂਝਾ ਪਰਿਵਾਰ ਹੈ। ਖ਼ਾਲਸਾ ਪੰਥ ਤਾਂ ਉਥੇ ਖ਼ਾਲਸਾ ਪੰਥ ਹੀ ਇਕੱਠਾ ਹੋਇਆ ਤੇ ਉਹ ਸਾਡੇ ਸਾਰੇ ਭਰਾ ਹਨ, ਸਾਨੂੰ ਡਰ ਕੋਈ ਨਹੀਂ ਹੈ। ਅਸਲ ਦੇ ਵਿੱਚ ਕੁਝ ਰੁਝੇਵੇਂ ਹਨ ਤੇ ਆਪਾਂ ਕਿਉਂ ਨਹੀਂ ਜਾਵਾਂਗੇ ਅਨੰਦਪੁਰ ਸਾਹਿਬ। ਜਦੋਂ ਪਰਿਵਾਰ ਇਕੱਠਾ ਹੁੰਦਾ ਹੈ ਉਦੋਂ ਹੀ ਖ਼ੁਸ਼ੀਆਂ ਦਾ ਮਾਹੌਲ ਹੁੰਦਾ ਹੈ।
ਸਾਬਕਾ ਜਥੇਦਾਰ ਨੂੰ ਹਟਾਉਣ ਦੇ ਫ਼ੈਸਲੇ ’ਤੇ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਸਵਾਲ 'ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੈਂ ਇਸ ’ਤੇ ਕੁਝ ਨਹੀਂ ਕਹਿਣਾ ਚਾਹਾਂਗਾ। ਇਹ ਜਥੇਦਾਰ ਸਾਹਿਬ ਦਾ ਮਸਲਾ ਨਹੀਂ ਹੈ। ਜਥੇਦਾਰ ਸਾਹਿਬ ਦਾ ਮਸਲਾ ਹੈ ਧਰਮ ਦਾ ਪ੍ਰਚਾਰ ਕਰਨਾ ਕਿਉਂਕਿ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਆਪਣੇ ਪੰਜਾਬ ਨੂੰ ਦੇਖਦੇ ਹਾਂ ਅੱਜ ਪੰਜਾਬ ਦੇ ਵਿੱਚ ਇੱਕ ਨਿਰਾਸ਼ਾ ਹੈ, ਸਾਡੇ ਪਿੰਡ ਖ਼ਾਲੀ ਹਨ ਅਤੇ ਪੰਜਾਬ ਗੁਰੂਆਂ ਦੇ ਨਾਮ’ ਤੇ ਜਿਉਂਦਾ ਪਰ ਪਿਛਲੇ ਕੁਝ ਸਮੇਂ ਤੋਂ ਇੱਥੇ ਨਿਰਾਸ਼ਾ ਹੈ, ਵੱਡੀ ਪੱਧਰ ’ਤੇ ਪ੍ਰਵਾਸ ਵੀ ਹੋਇਆ ਹੈ। ਤਾਂ ਇਹ ਜਿਹੜਾ ਉਦਾਸੀ ਦਾ ਆਲਮ ਹੈ। ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਇਸ ਨੂੰ ਤੋੜਨ ਦੀ ਲੋੜ ਹੈ। ਉਹ ਤੋੜਿਆ ਤਾਂ ਜਾ ਸਕਦਾ ਵੀ ਜੇ ਅਸੀਂ ਸਾਰੇ ਜਾਣੇ ਤਹਈਆ ਕਰੀਏ ਕਿ ਅਸੀਂ ਪਿੰਡ-ਪਿੰਡ ਪਹੁੰਚ ਕੇ ਧਰਮ ਪ੍ਰਚਾਰ ਕਰੀਏ।
ਪੰਜਾਬ ਦੇ ਮਾਝੇ ਮਾਲਵੇ 'ਚ ਹੋ ਰਹੇ ਧਰਮ ਪਰਿਵਰਤਨ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦਾ ਮਸਲਾ ਗੰਭੀਰ ਹੈ, ਮੈਂ ਸਮਝਦਾ ਹਾਂ ਕਿ ਇਸ ਮਾਮਲੇ ’ਚ ਸਾਡੀ ਗੁਰੂ ਤੋਂ ਦੂਰੀ ਵੱਡਾ ਕਾਰਨ ਹੈ। ਅਸੀਂ ਪਦਾਰਥਵਾਦੀ ਹੋ ਗਏ ਹਾਂ। ਸਾਡੇ ਸਾਹਮਣੇ ਇਤਿਹਾਸ ਇਹ ਹੈ ਕਿ ਸਾਡੇ ਬੰਦ ਬੰਦ ਕੱਟੇ ਗਏ, ਸਾਡੀਆਂ ਖੋਪੜੀਆਂ ਲਾਹ ਦਿੱਤੀਆਂ ਗਈਆਂ, ਸ਼ਰਤ ’ਤੇ ਇਹ ਹੁੰਦੀ ਸੀ ਕਿ ਧਰਮ ਛੱਡ ਦਿਓ ਪਰ ਕਿਸੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ ਛੱਡਿਆ ਨਹੀਂ ਕਿਉਂਕਿ ਗੁਰੂ ਨਾਲ ਅੰਦਰੋ ਜੁੜੇ ਹੋਏ ਸਨ।
ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ ਕਿ ਧਰਮ ਪ੍ਰਚਾਰ ਕਰੀਏ ਤੇ ਧਰਮ ਪ੍ਰਚਾਰ ਹੋਵੇਗਾ ਵੀ ਇੱਕ ਸਾਲ ਦੇ ਵਿੱਚ ਅਸੀਂ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਪਹੁੰਚ ਕਰਾਂਗੇ ਆਪਣੇ ਸਾਰੇ ਵੀਰਾਂ ਨੂੰ ਸਮੂਹ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਦਲ ਪੰਥਾਂ, ਨਿਰਮਲ ਸੰਪਰਦਾਵਾਂ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇਕਾਗਰ ਕਰ ਕੇ ਧਰਮ ਪ੍ਰਚਾਰ ਦੀ ਲਹਿਰ ਚਲਾਈ ਜਾਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਨੂੰ ਲੈ ਕੇ ਖੜ੍ਹੇ ਹੋਏ ਸਵਾਲ ਦੇ ਜਵਾਬ 'ਚ ਜਥੇਦਾਰ ਸਾਹਿਬ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਕੌਣ ਵੰਗਾਰ ਸਕਦੈ ..! ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵ ਉੱਚਤਾ ਅੱਜ ਵੀ ਉੱਥੇ ਹੀ ਹੈ ਤੇ ਉੱਥੇ ਹੀ ਰਹੇਗੀ। ਕਿਉਂਕਿ ਜਿਸ ਨੂੰ ਸਥਾਪਤ ਹੀ ਮੀਰੀ-ਪੀਰੀ ਦੇ ਮਾਲਕ ਨੇ ਕੀਤਾ ਇਹ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਕੋਈ ਚੈਲੇੰਜ ਕਰ ਦੇਵੇਗਾ।
ਬਾਕੀ ਅੱਜ ਮੈਂ ਆਇਆ ਤੇ ਕੱਲ੍ਹ ਨੂੰ ਮੇਰੇ ਥਾਂ ਤੇ ਕੋਈ ਹੋਰ ਵੀ ਆ ਸਕਦਾ। ਮੈਂ ਵਾਅਦਾ ਕਰਦਾ ਕਿ ਜਿਸ ਦਿਨ ਪੰਥ ਨੇ ਸਮਝਿਆ ਕਿ ਮੇਰੇ ’ਚ ਕਮੀਆਂ ਹਨ ਅਤੇ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ। ਮੈਂ ਹੱਥ ਜੋੜ ਕੇ ਸੇਵਾ ਛੱਡ ਦਿਆਂਗਾ ਤੇ ਜਿਹੜਾ ਸਾਥੋਂ ਬਾਅਦ ਸਿੰਘ ਸਾਹਿਬ ਆਵੇਗਾ। ਉਸ ਨੂੰ ਮੈਂ ਖ਼ੁਦ ਦਸਤਾਰ ਦੇ ਕੇ ਆਵਾਂਗਾ ਕਿਉਂਕਿ ਪਰਿਵਰਤਨ ਸ੍ਰਿਸ਼ਟੀ ਦਾ ਨਿਯਮ ਹੈ, ਇਸ ਨੂੰ ਟਾਲਿਆ ਨਹੀਂ ਜਾ ਸਕਦਾ।
ਇਸ ਦੌਰਾਨ ਪੱਤਰਕਾਰਾਂ ਦੇ ਸਵਾਲ ਦੇ ਜਵਾਬ ’ਚ ਸਿੰਘ ਸਾਹਿਬ ਨੇ ਕਿਹਾ ਕਿ ਉਹ ਸਮੂਹ ਸਾਬਕਾ ਜਥੇਦਾਰ ਸਾਹਿਬਾਨ ਦਾ ਸਨਮਾਨ ਕਰਦੇ ਹਨ। ਉਹ ਜ਼ੁਬਾਨ ਸੜ ਜਾਵੇ ਜਿਹੜੀ ਸਤਿਕਾਰਤ ਸ਼ਖ਼ਸ਼ੀਅਤਾਂ ਬਾਰੇ ਮਾੜਾ ਬੋਲੇ। ਮੇਰੇ ਵਰਗਾ ਇੱਕ ਨਾਚੀਜ਼ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚ ਕਿਵੇਂ ਕਮੀਆਂ ਕੱਢ ਸਕਦੈ।
ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਸਵਾਲ ਦੇ ਜਵਾਬ ’ਚ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਕੋਈ ਅਕਾਲੀ ਦਲ ਦਾ ਨੁਮਾਇੰਦਾ ਨਹੀਂ ਹੈ। ਮੈਂ ਪੰਥ ਦਾ ਨੁਮਾਇੰਦਾ ਹਾਂ ਇਸ ਲਈ ਪੰਥ ਨੂੰ ਮਜ਼ਬੂਤ ਕਰਨ ਦੇ ਯਤਨ ਹੋਣਗੇ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੀ ਯਤਨ ਹੋਣਗੇ।