
Panthak News: ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਸੰਭਾਲਣ ਲਈ ਸੂਬੇ ’ਚ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰ ਗਠਨ
Maharashtra Elections News: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਾਰਾਸ਼ਟਰ ’ਚ ਵਸਦੇ ਸਿੱਖਾਂ ਨੂੰ ਲੁਭਾਉਣ ਲਈ ਸੂਬਾ ਸਰਕਾਰ ਨੇ ਸਿੱਖਾਂ ਦੀਆਂ ਕਈ ਪ੍ਰਮੁੱਖ ਮੰਗਾਂ ਮੰਨ ਲਈਆਂ ਹਨ ਅਤੇ ਉਨ੍ਹਾਂ ਦੇ ਵਿਕਾਸ ਲਈ ਯੋਜਨਾਵਾਂ ਦਾ ਐਲਾਨ ਕੀਤਾ ਹੈ। ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਸੰਭਾਲਣ ਲਈ ਸਰਕਾਰ ਨੇ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕੀਤਾ ਹੈ। ਸਮਾਜ ਸੇਵੀ ਅਤੇ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਕਨਵੀਨਰ ਬਾਲ ਮਲਕੀਤ ਸਿੰਘ ਨੂੰ ਅਕੈਡਮੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ‘‘ਅਸੀਂ ਸਰਕਾਰ ਦੇ ਧਨਵਾਦੀ ਹਾਂ ਕਿ ਉਸ ਨੇ ਪੰਜਾਬੀ ਸਭਿਆਚਾਰ ਅਤੇ ਭਾਸ਼ਾ ਨੂੰ ਉਤਸ਼ਾਹਿਤ ਕਰਨ ਅਤੇ ਭਾਈਚਾਰੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਦਮ ਚੁਕੇ ਹਨ। ਉਨ੍ਹਾਂ ਕਿਹਾ ਕਿ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ (ਦਮਦਮੀ ਟਕਸਾਲ) ਸਮੇਤ ਕਈ ਪ੍ਰਮੁੱਖ ਜਥੇਦਾਰਾਂ ਨੇ ਮੰਗਾਂ ਪੂਰੀਆਂ ਕਰਵਾਉਣ ਲਈ ਮੋਰਚੇ ਤੋਂ ਅਗਵਾਈ ਕੀਤੀ।’’ ਇਸ ਤੋਂ ਇਲਾਵਾ ਸੂਬਾ ਘੱਟ ਗਿਣਤੀ ਕਮਿਸ਼ਨ ’ਚ ਸਿੱਖਾਂ ਨੂੰ ਨੁਮਾਇੰਦਗੀ ਦਿੰਦੇ ਹੋਏ ਚਰਨਦੀਪ ਸਿੰਘ (ਹੈਪੀ ਸਿੰਘ) ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹੀ ਨਹੀਂ ਸੂਬੇ ਨੇ ਜਸਪਾਲ ਸਿੰਘ ਸਿੱਧੂ ਸਮੇਤ 11 ਮੈਂਬਰੀ ਸਿੱਖ ਪ੍ਰਤੀਨਿਧਤਾ ਕਮੇਟੀ ਦਾ ਗਠਨ ਕੀਤਾ ਹੈ ਜੋ ਸਰਕਾਰ ਦਾ ਮਾਰਗ ਦਰਸ਼ਨ ਕਰੇਗੀ ਅਤੇ ਸਿੱਖਾਂ ਲਈ ਯੋਜਨਾਵਾਂ ਅਤੇ ਨੀਤੀਆਂ ਦੀ ਸਿਫ਼ਾਰਸ਼ ਕਰੇਗੀ।
ਸਿੱਖਾਂ ਦੀ ਬੇਨਤੀ ’ਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਚਿੱਠੀ ਲਿਖ ਕੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਤੋਂ ਨਾਂਦੇੜ ਨਾਲ ਰੇਲ ਸੰਪਰਕ ਵਧਾਉਣ ਅਤੇ ਪਨਵੇਲ ਨੂੰ ਨਾਂਦੇੜ ਨਾਲ ਜੋੜਨ ਵਾਲੀ ਵੰਦੇ ਭਾਰਤ ਰੇਲ ਗੱਡੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਫੜਨਵੀਸ ਨੇ ਨਵੀਂ ਮੁੰਬਈ ਵਿਚ ਸਿਡਕੋ ਦੀ ਜ਼ਮੀਨ ’ਤੇ ਪੰਜਾਬ ਭਵਨ ਬਣਾਉਣ ਦੇ ਨਾਲ-ਨਾਲ ਸਿੱਖਾਂ ਲਈ ਸਭਿਆਚਾਰਕ ਕੇਂਦਰ ਲਈ ਉਲਵੇ ਵਿਚ ਜ਼ਮੀਨ ਦਾ ਇਕ ਟੁਕੜਾ ਦੇਣ ਦੀ ਸਿਫ਼ਾਰਸ਼ ਵੀ ਕੀਤੀ ਹੈ। (ਏਜੰਸੀ)