
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਸੰਗਤਾਂ ਦਾ ਭੁਲੇਖਾ ਕੀਤਾ ਦੂਰ
ਅੰਮ੍ਰਿਤਸਰ : ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ ਮੀਡੀਆ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਕੁਝ ਸ਼ਰਧਾਲੂਆਂ ਵੱਲੋਂ ਭੇਟ ਕੀਤੇ ਗਏ ਸੋਨੇ ਦੇ ਦੋ ਹਰਮੋਨੀਅਮ ਤੇ ਸੋਨੇ ਦੇ ਚਵਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਦਕਿ ਅਸਲ ’ਚ ਇਹ ਹਰਮੋਨੀਅਮ ਸੋਨੇ ਦੇ ਨਹੀਂ ਬਲਕਿ ਇਨ੍ਹਾਂ ’ਤੇ ਸਿਰਫ਼ ਸਨਮਾਇਕਾ ਹੀ ਸੁਨਹਿਰੇ ਰੰਗ ਦਾ ਚੜ੍ਹਾਇਆ ਗਿਆ ਹੈ। ਇਸ ਤੋਂ ਇਲਾਵਾ ਚਵਰ ਦੀ ਵੀ ਸਿਰਫ਼ ਡੰਡੀ ਹੀ ਸੋਨੇ ਦਾ ਹੈ। ਇਸ ਦੀ ਪੁਸ਼ਟੀ ਖ਼ੁਦ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕੀਤੀ ਹੈ। ਇਹ ਸਾਰਾ ਸਮਾਨ ਸ਼ਰਧਾਲੂਆਂ ਨੇ ਆਪਣੀ ਪਛਾਣ ਗੁਪਤ ਰਖਦੇ ਹੋਏ ਇਹ ਸਾਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਹੱਥੀਂ ਭੇਟ ਕੀਤਾ। ਇਸ ਦੌਰਾਨ ਸਾਮਾਨ ਭੇਟ ਕਰਨ ਵਾਲੇ ਕੁਝ ਸਿੰਘਾਂ ਨੂੰ ਸਿਰੋਪਾਓ ਵੀ ਬਖਸ਼ਿਸ਼ ਕੀਤਾ ਗਿਆ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਅੱਠ ਅਕਤੂਬਰ ਨੂੰ ਕੁਝ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਨਹਿਰ ਰੰਗ ਦੇ ਦੋ ਹਰਮੋਨੀਅਮ ਤੇ ਇਕ ਸੋਨੇ ਦੀ ਚਵਰ ਭੇਟ ਕੀਤੀ ਸੀ। ਉਸ ਦਿਨ ਤੋਂ ਹੀ ਇੰਟਰਨੈੱਟ ਮੀਡੀਆ ’ਤੇ ਇਨ੍ਹਾਂ ਦੋਵਾਂ ਵਸਤਾਂ ਨੂੰ ਸੋਨੇ ਦੀਆਂ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ। ਇਸ ਸਬੰਧੀ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਸਪੱਸ਼ਟ ਕੀਤਾ ਕਿ ਜਿਹੜੇ ਦੋ ਸੋਨੇ ਦੇ ਹਰਮੋਨੀਅਮ ਪ੍ਰਚਾਰੇ ਜਾ ਰਹੇ ਹਨ, ਉਹ ਲੱਕੜ ਦੇ ਹਨ। ਉਨ੍ਹਾਂ ’ਤੇ ਸਿਰਫ਼ ਸੁਨਹਿਰੀ ਰੰਗ ਦਾ ਸਨਮਾਇਕਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਰਸੀਦ ਕੱਟ ਕੇ ਇਸ ਨੂੰ ਰਜਿਸਟਰ ’ਚ ਵੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭੇਟ ਕੀਤਾ ਗਏ ਚਵਰ ਦੀ ਸਿਰਫ਼ ਡੰਡੀ ਸੋਨੇ ਦੀ ਹੈ। ਹਾਲਾਂਕਿ ਉਸ ’ਤੇ ਕਿੰਨਾ ਸੋਨਾ ਲੱਗਾ ਹੈ, ਇਹ ਵੀ ਪੂਰਾ ਸਪੱਸ਼ਟ ਨਹੀਂ ਹੈ।
ਇਸ ਤੋਂ ਪਹਿਲਾਂ 19 ਅਕਤੂਬਰ 2024 ਨੂੰ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਭੇਟੇ ਕੀਤੇ ਗਏ ਫੁੱਲਦਾਨ ਵੀ ਸੋਨੇ ਦੇ ਦੱਸੇ ਗਏ ਸਨ। ਇਹ ਵੀ ਕਿਹਾ ਗਿਆ ਸੀ ਇਨ੍ਹਾਂ ਦੀ ਕੀਮਤ 20 ਕਰੋੜ ਰੁਪਏ ਹੈ। ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਇਨ੍ਹਾਂ ਫੁੱਲਦਾਨਾਂ ਦੀ ਕੀਮਤ ਵੀ ਕਰੋੜ ਵੀ ਦੱਸੀ ਜਾ ਰਹੀ ਹੈ ਪਰ ਇਹ ਸਪਸ਼ਟ ਨਹੀਂ, ਕਿਉਂਕਿ ਇਨ੍ਹਾਂ ਦੀ ਕੀਮਤ ਮਾਪੀ ਨਹੀਂ ਗਈ ਪਰ ਇਹ ਸਾਫ਼ ਹੈ ਕਿ ਇਹ ਪੂਰੀ ਤਰ੍ਹਾਂ ਸੋਨੇ ਦੇ ਨਹੀਂ ਹਨ। ਇਨ੍ਹਾਂ ਦਾ ਬੇਸ ਪਿੱਤਲ ਦਾ ਹੈ ਤੇ ਇਨ੍ਹਾਂ ’ਤੇ ਸੋਨੇ ਦੀ ਝਾਲ/ਪਰਤ ਹੈ। ਇਨ੍ਹਾਂ ਬਾਰੇ ਵੀ ਇਸੇ ਤਰ੍ਹਾਂ ਰਜਿਸਟਰ ’ਚ ਦਰਜ ਹੈ।
ਜ਼ਿਕਰਯੋਗ ਹੈ ਕਿ ਅਕਸਰ ਸ੍ਰੀ ਹਰਿਮੰਦਰ ਸਾਹਿਬ ਨੂੰ ਭੇਟ ਕੀਤੇ ਗਏ ਸਾਮਾਨ ਦੀ ਕੀਮਤ ਪਹਿਲਾਂ ਕਰੋੜਾਂ ’ਚ ਦੱਸੀ ਜਾਂਦੀ ਹੈ, ਜਦਕਿ ਅਸਲ ’ਚ ਇਹ ਹਜ਼ਾਰਾਂ ਤੇ ਲੱਖਾਂ ਦੀ ਕੀਮਤ ਦਾ ਨਿਕਲਦਾ ਹੈ। ਹੁਣ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਕੱਤਰ ਹਰਭਜਨ ਸਿੰਘ ਵਕਤਾ ਨੇ ਦੱਸਿਆ ਕਿ ਜਲਦ ਹੀ ਇਸ ਸਬੰਧੀ ਇਕ ਵੀਡੀਓ ਜਾਰੀ ਕਰ ਕੇ ਸੰਗਤ ਨੂੰ ਸਪੱਸ਼ਟ ਕੀਤਾ ਜਾਵੇਗਾ ਕਿ ਉਪਰੋਕਤ ਸਮਾਨ ਦਾ ਅਸਲ ਸੱਚ ਕੀ ਹੈ? ਫਿਲਹਾਲ ਆਮ ਲੋਕਾਂ ਨੂੰ ਇਹੋ ਦਿਖਾਈ ਦੇ ਰਿਹਾ ਹੈ ਕਿ ਪਿਛਲੇ ਸਾਲ 20 ਕਰੋੜ ਰੁਪਏ ਕੀਮਤ ਦੇ ਫੁੱਲਦਾਨ ਤੇ ਇਸ ਵਾਰੇ ਦੋ ਸੋਨੇ ਦੇ ਹਰਮੋਨੀਅਮ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੇ ਗਏ ਹਨ।