
ਸੁਧਾਰ ਲਹਿਰ ਵਾਲਿਆਂ ਨੂੰ ਧਾਮੀ ਦਾ ਜਵਾਬ- ਕਿਹਾ, ਮਲਾਈਆਂ ਖਾਣ ਨੂੰ ਤਾਂ ਇਹ ਸਾਰੇ ਹਰ ਸਮੇਂ ਨਾਲ ਸੀ ਤੇ ਹੁਣ ਇਨ੍ਹਾਂ ਨੂੰ ਸੁਧਾਰ ਚੇਤੇ ਆ ਗਿਐ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਮਗਰੋਂ ਹੋਈ ਅੰਤ੍ਰਿੰਗ ਕਮੇਟੀ ਦੀ ਪਲੇਠੀ ਇਕੱਤਰਤਾ ’ਚ ਦੇਸ਼ ਦੇ ਹਵਾਈ ਅੱਡਿਆਂ ਅੰਦਰ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਾਉਣ ਤੋਂ ਰੋਕਣ, ਕੈਨੇਡਾ ਘਟਨਾ ਮਾਮਲੇ ’ਚ ਸਿੱਖਾਂ ਵਿਰੁਧ ਸਿਰਜੇ ਜਾ ਰਹੇ ਬਿਰਤਾਂਤ, ਪਾਕਿਸਤਾਨ ਦੂਤਾਵਾਸ ਵਜੋਂ ਸਿੱਖ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿਚ ਵੀਜ਼ੇ ਕੱਟੇ ਜਾਣ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਬਣ ਰਹੀਆਂ ਵੋਟਾਂ ਸਮੇਤ ਹੋਰ ਪੰਥਕ ਮਾਮਲਿਆਂ ’ਤੇ ਅਹਿਮ ਮਤੇ ਪਾਸ ਕੀਤੇ ਗਏ।
ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਅੰਦਰ ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਾ ਕੇ ਡਿਊਟੀ ਕਰਨ ਤੋਂ ਰੋਕਣਾ ਸਿੱਖਾਂ ਦੀ ਧਾਰਮਕ ਅਜ਼ਾਦੀ ’ਤੇ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਬੇਹੱਦ ਗੰਭੀਰ ਮਾਮਲੇ ’ਤੇ ਹਰ ਪੱਧਰ ’ਤੇ ਅਵਾਜ਼ ਉਠਾਉਣ ਦੇ ਨਾਲ-ਨਾਲ ਸਿੱਖਾਂ ਦੀ ਧਾਰਮਕ ਅਜ਼ਾਦੀ ਲਈ ਖੜ੍ਹਨ ਵਾਸਤੇ ਵਚਨਬੱਧ ਹੈ ਅਤੇ ਇਸ ਮਾਮਲੇ ਨੂੰ ਸਰਕਾਰ ਨਾਲ ਵਿਚਾਰਨ ਲਈ ਜਲਦ ਹੀ ਸ਼੍ਰੋਮਣੀ ਕਮੇਟੀ ਦਾ ਇਕ ਵਫ਼ਦ ਭੇਜਿਆ ਜਾਵੇਗਾ।
ਹਿੰਦੂ ਮੰਦਰ ਉਤੇ ਸਿੱਖਾਂ ਵਲੋਂ ਹਮਲਾ ਪ੍ਰਚਾਰ ਕੇ ਸਿੱਖਾਂ ਦੇ ਅਕਸ ਨੂੰ ਢਾਅ ਲਗਾਉਣ ਦੀ ਨੀਵੇਂ ਪੱਧਰ ਦੀ ਕੋਸ਼ਿਸ਼ ਦਾ ਨੋਟਿਸ ਲੈਂਦਿਆਂ ਅੰਤ੍ਰਿੰਗ ਕਮੇਟੀ ਵਲੋਂ ਨਿੰਦਾ ਮਤਾ ਪਾਸ ਕੀਤਾ ਗਿਆ ਹੈ। ਇਸੇ ਦੌਰਾਨ ਐਡਵੋਕੇਟ ਧਾਮੀ ਅਤੇ ਹੋਰ ਅਹੁਦੇਦਾਰਾਂ ਨੇ ਸਿੱਖ ਇਤਿਹਾਸ ਰੀਸਰਚ ਬੋਰਡ ਵਲੋਂ ਤਿਆਰ ਕੀਤੀ ਗਈ ਪੁਸਤਕ “ਸਿੱਖ ਸੰਘਰਸ਼ 1984 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ” ਵੀ ਜਾਰੀ ਕੀਤੀ ਗਈ।
ਸੁਧਾਰ ਲਹਿਰ ਵਾਲਿਆਂ ਨੂੰ ਧਾਮੀ ਦਾ ਜਵਾਬ- ਕਿਹਾ, ਮਲਾਈਆਂ ਖਾਣ ਨੂੰ ਤਾਂ ਇਹ ਸਾਰੇ ਹਰ ਸਮੇਂ ਨਾਲ ਸੀ ਤੇ ਹੁਣ ਇਨ੍ਹਾਂ ਨੂੰ ਸੁਧਾਰ ਚੇਤੇ ਆ ਗਿਐ
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੁਧਾਰ ਲਹਿਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸੁਧਾਰ ਲਹਿਰ ਵਾਲੇ ਮਾੜੀ ਰਾਜਨੀਤੀ ਕਰ ਰਹੇ ਹਨ। ਪਹਿਲਾਂ ਸੁਖਬੀਰ ਸਿੰਘ ਬਾਦਲ ਵਿਰੁਧ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਿਕਾਇਤ ਦਿਤੀ। ਸੁਖਬੀਰ ਬਾਦਲ ਨੇ ਤਾਂ ਸਾਰਾ ਕੱੁਝ ਹੀ ਅਪਣੀ ਝੋਲੀ ਵਿਚ ਪੁਆ ਲਿਆ।
ਇਨ੍ਹਾਂ ਨੂੰ ਉਹ ਵੀ ਬਰਦਾਸ਼ਤ ਨਹੀਂ ਹੋਇਆ। ਇਹ ਤਾਂ ਅਪਣੀ ਮਰਜ਼ੀ ਦੀ ਸਜ਼ਾ ਲਗਵਾਉਣਾ ਚਾਹੁੰਦੇ ਹਨ। ਇਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦੇ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ ਲਗਦਾ। ਇਹ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਫ਼ੈਸਲਾ ਸਾਡੀ ਮਰਜ਼ੀ ਦਾ ਨਾ ਹੋਇਆ ਤਾਂ ਅਸੀਂ ਵਿਰੋਧ ਕਰਾਂਗੇ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮਲਾਈਆਂ ਖਾਣ ਨੂੰ ਤਾਂ ਇਹ ਸਾਰੇ ਹਰ ਸਮੇਂ ਨਾਲ ਸੀ ਤੇ ਹੁਣ ਇਨ੍ਹਾਂ ਨੂੰ ਸੁਧਾਰ ਚੇਤੇ ਆ ਗਿਆ ਹੈ। ਰਾਜਨੀਤੀ ਸਮੇਂ ਇਸ ਤਰ੍ਹਾਂ ਦੇ ਬੋਲ ਕੁਬੋਲ ਨਾ ਬੋਲੋ ਕਿ ਕਿਸੇ ਥਾਂ ’ਤੇ ਇਕੱਠਿਆਂ ਬੈਠਣ ਸਮੇਂ ਸ਼ਰਮਿੰਦਗੀ ਮਹਿਸੂਸ ਹੋਵੇ।