
ਗੁਰਦਵਾਰਾ ਸ੍ਰੀ ਗੁਰੂ ਸਿੰਘ, ਸਭਾ, ਡਾ.ਮੁਖਰਜੀ ਨਗਰ ਦੀ ਕਾਰਜਕਾਰਨੀ ਦੀ ਇਕੱਤਰਤਾ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ...
ਨਵੀਂ ਦਿੱਲੀ, 13 ਮਈ (ਅਮਨਦੀਪ ਸਿੰਘ): ਗੁਰਦਵਾਰਾ ਸ੍ਰੀ ਗੁਰੂ ਸਿੰਘ, ਸਭਾ, ਡਾ.ਮੁਖਰਜੀ ਨਗਰ ਦੀ ਕਾਰਜਕਾਰਨੀ ਦੀ ਇਕੱਤਰਤਾ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ, ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ 'ਤੇ ਇੰਗਲੈਂਡ ਦੇ ਗੁਰਦਵਾਰੇ ਵਿਖੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਅਕਾਲ ਤਖ਼ਤ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ। ਕਮੇਟੀ ਦੇ ਪ੍ਰਧਾਨ ਸ.ਤਰਲੋਚਨ ਸਿੰਘ ਤੇ ਜਨਰਲ ਸਕੱਤਰ ਸ.ਹਰਪਾਲ ਸਿੰਘ ਤੇ ਸਮੂਹ ਮੈਂਬਰਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਦੁਨੀਆਂ ਭਰ ਵਿਚ ਸਿੱਖਾਂ ਨੂੰ ਨਮੋਸ਼ੀ ਦਿਵਾਉਣ ਵਾਲੇ ਇਸ ਕਾਰੇ ਨੂੰ
Bhai Amrik Singh
ਅੰਜਾਮ ਦੇਣ ਵਾਲਿਆਂ ਨੂੰ ਅਕਾਲ ਤਖ਼ਤ 'ਤੇ ਤਲਬ ਕਰ ਕੇ, ਮਿਸਾਲੀ ਸਜ਼ਾ ਦੇਣ ਤਾਕਿ ਕਿਸੇ ਹੋਰ ਦੀ ਅਜਿਹੀ ਹਿੰਮਤ ਨਾ ਹੋਵੇ ਕਿ ਉਹ ਕਿਸੇ ਵੀ ਸਿੱਖ ਪ੍ਰਚਾਰਕ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੋਸ਼ਿਸ ਕਰੇ। ਕਮੇਟੀ ਅਹੁਦੇਦਾਰਾਂ ਨੇ ਕਿਹਾ ਕਿ ਇਕ ਪਾਸੇ ਅੱਜ ਸਿੱਖ ਜਥੇਬੰਦੀਆਂ ਸੁਪਰੀਮ ਕੋਰਟ ਵਲੋਂ ਦਸਤਾਰ ਬਾਰੇ ਚੁਕੇ ਗਏ ਸਵਾਲਾਂ ਕਰ ਕੇ ਰੋਸ ਪ੍ਰਗਟਾ ਰਹੇ ਹਨ ਕਿ ਨਿਆਂਪਾਲਿਕਾ ਨੂੰ ਸਿੱਖਾਂ ਦੀ ਦਸਤਾਰ ਦੀ ਅਹਿਮੀਅਤ ਬਾਰੇ ਹੀ ਨਹੀਂ ਪਤਾ ਤੇ ਦੂਜੇ ਪਾਸੇ ਸਿੱਖ ਪ੍ਰਚਾਰਕਾਂ 'ਤੇ ਹਮਲੇ ਕਰ ਕੇ, ਪੱਗਾਂ ਲਾਹੁਣੀਆਂ ਹੋਰ ਵੱਡਾ ਦੁਖਾਂਤ ਹੈ ਜਿਸ ਨੂੰ ਸਮਾਂ ਰਹਿੰਦਿਆਂ ਰੋਕਿਆ ਜਾਣਾ ਚਾਹੀਦਾ ਹੈ।