
Panthak News: 'ਮੈਂ ਕਦੇ ਵੀ ਚੰਦੂਮਾਜਰਾ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿਤਾ ਅਤੇ ਪੁਸ਼ਾਕ ਸਬੰਧੀ ਫੈਲਾਈ ਜਾ ਰਹੀ ਖ਼ਬਰ ਕੋਰਾ ਝੂਠ'
Sukhdev Singh Dhindsa Speak on Prof. Prem Singh Chandumajra Panthak News: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਇਥੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਸੌਦਾ ਸਾਧ ਨੂੰ ਪੁਸ਼ਾਕ ਦੇਣ ਬਾਰੇ ਸਾਜ਼ਸ਼ ਤਹਿਤ ਇਕ ਝੂਠੀ ਤੇ ਪੁਰਾਣੀ ਖ਼ਬਰ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀ ਹੈ ਤਾਂ ਜੋ ਮੇਰੇ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਚਾਲੇ ਸਬੰਧ ਵਿਚ ਦਰਾੜ ਪਾਈ ਜਾ ਸਕੇ।
ਉਨ੍ਹਾਂ ਕਿਹਾ ਇਸ ਖ਼ਬਰ ਨੂੰ ਫੈਲਾਉਣ ਨਾਲ ਪ੍ਰੋ.ਚੰਦੂਮਾਜਰਾ ਦੇ ਅਕਸ ਨੂੰ ਵੀ ਖ਼ਰਾਬ ਕਰਨ ਦੀ ਡੂੰਘੀ ਸਾਜ਼ਸ਼ ਰਚੀ ਜਾ ਰਹੀ ਹੈ। ਢੀਂਡਸਾ ਨੇ ਕਿਹਾ ਕਿ ਕੁੱਝ ਸਾਲ ਪਹਿਲਾਂ ਇਕ ਝੂਠੀ ਤੇ ਬੇਬੁਨਿਆਦ ਖ਼ਬਰ ਜਾਣ ਬੁਝ ਕੇ ਨਸਰ ਕਰਵਾਈ ਗਈ ਸੀ ਕਿ ਮੈਂ ਇਹ ਬਿਆਨ ਦਿਤਾ ਸੀ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਪੁਸ਼ਾਕ ਪ੍ਰੋ .ਚੰਦੂਮਾਜਰਾ ਨੇ ਪਹੁੰਚਾਈ ਸੀ।
ਉਨ੍ਹਾਂ ਕਿਹਾ ਕਿ ਇਸ ਖ਼ਬਰ ਦਾ ਉਨ੍ਹਾਂ ਤੁਰਤ ਖੰਡਨ ਕਰ ਦਿਤਾ ਸੀ ਪਰ ਅੱਜ ਕੁਝ ਸਰਾਰਤੀ ਅਨਸਰ ਜਾਣਬੁੱਝ ਕੇ ਉਹੀ ਖ਼ਬਰ ਮੁੜ ਮੈਨੂੰ ਅਤੇ ਪ੍ਰੋ.ਚੰਦੂਮਾਜਰਾ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਤੇ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਚੰਦੂਮਾਜਰਾ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿਤਾ ਅਤੇ ਪੁਸ਼ਾਕ ਸਬੰਧੀ ਫੈਲਾਈ ਜਾ ਰਹੀ ਖ਼ਬਰ ਕੋਰਾ ਝੂਠ ਹੈ। ਉਨ੍ਹਾ ਕਿਹਾ ਕਿ ਜਲਦ ਹੀ ਉਨ੍ਹਾਂ ਵਲੋ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਨੂੰ ਦਿਤੀ ਜਾਵੇਗੀ ਤਾਂ ਕਿ ਮੁਲਜ਼ਮਾਂ ਵਿਰੁਧ ਕਾਰਵਾਈ ਕੀਤੀ ਜਾ ਸਕੇ।