ਇਸ ਵਾਰ ਫੁੱਲਾਂ ਦੀ ਸਜਾਵਟ ਦੀ ਸੇਵਾ ਅੰਮ੍ਰਿਤਸਰ ਨਿਵਾਸੀ ਭਾਈ ਸਵਿੰਦਰਪਾਲ ਸਿੰਘ ਪਾਲਕੀ ਸਾਹਿਬ ਵਾਲਿਆਂ ਦੇ ਪਰਿਵਾਰ ਵਲੋਂ ਕਰਵਾਈ ਜਾ ਰਹੀ ਹੈ ।
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਰਧਾਲੂਆਂ ਵਲੋਂ ਦੇਸੀ ਵਿਦੇਸ਼ੀ ਰੰਗ- ਬਿਰੰਗੇ, ਮਹਿਕਦੇ ਫੁੱਲਾਂ ਨਾਲ ਸਜਾਵਟ ਦੀ ਸੇਵਾ ਦੀ ਸ਼ੁਰੂਆਤ ਹੋ ਗਈ ਹੈ । ਇਸ ਵਾਰ ਫੁੱਲਾਂ ਦੀ ਸਜਾਵਟ ਦੀ ਸੇਵਾ ਅੰਮ੍ਰਿਤਸਰ ਨਿਵਾਸੀ ਭਾਈ ਸਵਿੰਦਰਪਾਲ ਸਿੰਘ ਪਾਲਕੀ ਸਾਹਿਬ ਵਾਲਿਆਂ ਦੇ ਪਰਿਵਾਰ ਵਲੋਂ ਕਰਵਾਈ ਜਾ ਰਹੀ ਹੈ ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦਸਿਆ ਕਿ ਦਿੱਲੀ ਤੋਂ ਰੰਗ ਬਿਰੰਗੇ ਦੇਸ ਵਿਦੇਸ਼ ਦੇ ਵੱਖ–ਵੱਖ 50 ਕਿਸਮਾਂ ਦੇ ਫੁੱਲਾਂ ਦੇ ਪੰਜ ਟਰੱਕ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਗਏ ਹਨ ਤੇ ਸਜਾਵਟ ਲਈ ਕੋਲਕਾਤਾ ਤੋਂ ਆਏ 100 ਮਾਹਰ ਕਾਰੀਗਰਾਂ ਤੋਂ ਇਲਾਵਾ 125 ਦੇ ਕਰੀਬ ਸ਼ਰਧਾਲੂਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਤੇ ਬਾਹਰ ਦੀਵਾਰਾਂ, ਸਾਰੇ ਪ੍ਰਵੇਸ਼ ਦੁਆਰਾਂ, ਛੱਤਾਂ, ਵਰਾਂਡਿਆਂ, ਗੁੰਬਦਾਂ, ਡਿਉੜੀਆਂ, ਜੰਗਲਿਆਂ ਤੇ ਹੋਰਨਾਂ ਥਾਵਾਂ ’ਤੇ ਲਗਾਉਣ ਲਈ ਫੁੱਲਾਂ ਦੀਆਂ ਲੜੀਆਂ, ਗੁਲਦਸਤੇ ਆਦਿ ਤਿਆਰ ਕਰਨ ਦੀ ਸੇਵਾ ਅਰੰਭ ਕਰ ਦਿਤੀ ਗਈ ਹੈ।