ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਮਹਿਕਿਆ ਗੁਰਦੁਆਰਾ ਸਾਹਿਬ
ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਦਿੱਲੀ ਦੀ ਸੰਗਤ ਵਲੋਂ 50 ਕੁਇੰਟਲ ਦੇ ਕਰੀਬ ਵੱਖ ਵੱਖ ਕਿਸਮਾਂ ਦੇ ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਫੁੱਲਾਂ ਦੀ ਸੁਗੰਧ ਸੰਗਤਾਂ ਨੂੰ ਮੰਤਰ ਮੁਗਧ ਕਰ ਰਹੀ ਹੈ।
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਬਖ਼ਸ਼ ਸਿੰਘ ਬੱਚੀਵਿੰਡ ਨੇ ਦਸਿਆ ਕਿ ਗੁਲਾਬ, ਗੇਂਦਾ, ਗਲਦੋਦੀ, ਚਮੇਲੀ, ਸਟਾਰ ਜੈਸਮੀਨ, ਕਰੇਪ, ਟਿਊਲਿਪ, ਗੁਲ ਬਹਾਰ ਆਦਿ ਨਾਲ ਦਰਬਾਰ ਹਾਲ, ਦਰਸ਼ਨੀ, ਦੀਵਾਨ ਹਾਲ ਅਤੇ ਦਰਬਾਰ ਹਾਲ ਨੂੰ ਜਾਣ ਵਾਲਾ ਰਸਤਾ ਸਜਾਇਆ ਗਿਆ ਹੈ। ਇਹ ਫੁੱਲ ਥਾਈਲੈਂਡ, ਸਪੇਨ, ਬ੍ਰਾਜ਼ੀਲ, ਬੰਗਲੌਰ, ਹੈਦਰਾਬਾਦ ਅਤੇ ਹੋਰ ਥਾਵਾਂ ਤੋਂ 50 ਕਿਸਮਾਂ ਦੇ ਫੁੱਲ ਮੰਗਵਾਏ ਗਏ ਹਨ।
ਉਨ੍ਹਾਂ ਦਸਿਆ ਕਿ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਅਤੇ ਵੱਖ ਵੱਖ ਜਥੇਬੰਦੀਆਂ ਵਲੋਂ ਲੰਗਰਾਂ ਦੀ ਸੇਵਾ ਸ਼ੁਰੂ ਹੋ ਗਈ। ਇਸੇ ਤਰ੍ਹਾਂ ਪ੍ਰਕਰਮਾ ਸੇਵਾ ਸੁਸਾਇਟੀ ਵਲੋਂ ਮੁੱਖ ਦਰਬਾਰ ਸਾਹਿਬ ਨੂੰ ਸਜਾਉਣ ਦੀ ਸੇਵਾ ਕੀਤੀ ਗਈ ਹੈ। ਉਧਰ ਕੱਲ੍ਹ ਸ਼ਾਮ ਤਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 50000 ਹਜ਼ਾਰ ਦੇ ਕਰੀਬ ਸੰਗਤ ਮੱਥਾ ਟੇਕ ਚੁੱਕੀ ਸੀ ਅਤੇ ਲਗਾਤਾਰ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਸਨ।
ਗੁਰੂ ਨਾਨਕ ਸੇਵਕ ਜਥਾ ਠੱਟਾ ਟਿੱਬਾ ਬਾਹਰਾ ਵਲੋਂ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਲੰਗਰਾਂ ਦੀ ਸ਼ੁਰੂਆਤ ਕਰ ਦਿਤੀ ਗਈ। ਇਸ ਤਰ੍ਹਾਂ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਪ੍ਰਸ਼ਾਸਨ ਵਲੋਂ ਵੀ ਉਚਿਤ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਸਿਆ ਕਿ ਪਾਰਕਿੰਗ ਲਈ ਦਾਣਾ ਮੰਡੀ, ਅਰਬਨ ਅਸਟੇਟ ਵਿਚ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ।