
'84 ਵਿਚ ਗੁਰਦਵਾਰਾ ਰਕਾਬ ਗੰਜ 'ਚ ਦੋ ਸਿੱਖਾਂ ਨੂੰ ਕਤਲ ਕਰਨ ਦਾ ਮਾਮਲਾ
ਨਵੀਂ ਦਿੱਲੀ : ਨਵੰਬਰ 1984 ਸਿੱਖ ਕਤਲੇਆਮ ਵਿਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਹੁਣ ਕਾਂਗਰਸੀ ਆਗੂ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਰੋਲ ਦੀ ਵੀ ਪੜਤਾਲ ਕਰੇਗੀ। ਅੱਜ ਇਥੇ ਪੱਤਰਕਾਰ ਮਿਲਣੀ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, “ਸਾਡੀ ਮੰਗ ਪਿਛੋਂ ਗ੍ਰਹਿ ਮੰਤਰਾਲੇ ਵਲੋਂ 9 ਅਪ੍ਰੈਲ ਨੂੰ ਐਸਆਈਟੀ ਮੁੜ ਕਾਇਮ ਕਰ ਕੇ, ਉਸ ਨੂੰ ਕਮਲ ਨਾਥ ਦੇ ਮਾਮਲੇ ਦੀ ਪੜਤਾਲ ਕਰਨ ਦਾ ਅਖ਼ਤਿਆਰ ਦੇ ਦਿਤਾ ਗਿਆ ਹੈ।
1984 anti-Sikh riots
ਹੁਣ ਸੱਜਣ ਕੁਮਾਰ ਪਿਛੋਂ ਕਮਲ ਨਾਥ ਵੀ ਸੀਖਾਂ ਪਿਛੇ ਹੋਵੇਗਾ। ਹੁਣ ਕਮਲ ਨਾਥ ਨੂੰ ਤੁਰਤ ਗ੍ਰਿਫ਼ਤਾਰ ਕਰ ਕੇ, ਉਸ ਤੋਂ ਪੁਛ ਪੜਤਾਲ ਕੀਤੀ ਜਾਵੇ ਅਤੇ ਉਹ ਤੁਰਤ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਵੇ।'' ਉਨ੍ਹਾਂ ਕਿਹਾ ਕਿ ਸਾਡੇ ਕੋਲ ਉਦੋਂ ਦੇ ਪੱਤਰਕਾਰ ਸੰਜੇ ਸੂਰੀ ਤੇ ਦਿੱਲੀ ਕਮੇਟੀ ਦੇ ਸਾਬਕਾ ਮੈਨੇਜਰ ਸ.ਮੁਖਤਿਆਰ ਸਿੰਘ ਚਸ਼ਮਦੀਦ ਗਵਾਹ ਹਨ, ਜੋ ਐਸਆਈਟੀ ਕੋਲ ਅਪਣੇ ਬਿਆਨ ਦੇਣਗੇ, ਇਸੇ ਆਧਾਰ 'ਤੇ ਕਮਲ ਨਾਥ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸ. ਸਿਰਸਾ ਨੇ ਦਸਿਆ ਨਵੰਬਰ 84 ਵਿਚ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਭੂਤਰੀਆਂ ਭੀੜਾਂ ਵਲੋਂ ਦੋ ਸਿੱਖਾਂ ਨੂੰ ਕਤਲ ਕਰ ਦਿਤਾ ਗਿਆ ਸੀ। ਉਦੋਂ ਪਾਰਲੀਮੈਂਟ ਥਾਣੇ ਵਿਚ 601/84 ਹੇਠ ਐਫ਼ਆਈਆਰ ਦਰਜ ਕੀਤੀ ਗਈ ਸੀ, ਪਰ ਇਸ ਵਿਚ ਕਮਲ ਨਾਥ ਦਾ ਨਾਂਅ ਦਰਜ ਨਹੀਂ ਸੀ ਕੀਤਾ ਗਿਆ।
Manjinder Singh Sirsa
ਉਨ੍ਹ੍ਹਾਂ ਕਿਹਾ, 84 ਮਾਮਲਿਆਂ ਦੀ ਪੜਤਾਲ ਲਈ ਐਸਆਈਟੀ ਕਾਇਮ ਹੋਣ ਪਿਛੋਂ ਅਸੀ ਮੰਗ ਕੀਤੀ ਸੀ ਕਿ ਕਿਉਂਕਿ ਗੁਰਦਵਾਰਾ ਰਕਾਬ ਗੰਜ ਸਾਹਿਬ 'ਤੇ ਹਮਲੇ ਵਿਚ ਕਮਲ ਨਾਥ ਦਾ ਹੱਥ ਸੀ, ਇਸ ਲਈ ਉਸ ਵਿਰੁਧ ਵੀ ਪੜਤਾਲ ਹੋਣੀ ਚਾਹੀਦੀ ਹੈ, ਪਰ ਉਦੋਂ ਐਸਆਈਟੀ ਨੇ ਅਪਣੀ ਹੱਦ ਦਾ ਹਵਾਲਾ ਦੇ ਕੇ ਇਸ ਮਾਮਲੇ ਦੀ ਪੜਤਾਲ ਨਾ ਕਰਨ ਬਾਰੇ ਆਖ ਦਿਤਾ ਸੀ। ਪਿਛੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਅਸੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਕੇ, ਕਮਲ ਨਾਥ ਵਿਰੁਧ ਪੜਤਾਲ ਕਰਨ ਦੀ ਮੰਗ ਕੀਤੀ ਸੀ, ਹੁਣ ਗ੍ਰਹਿ ਮੰਤਰਾਲੇ ਵਲੋਂ ਮੁੜ ਐਸਆਈਟੀ ਕਾਇਮ ਕਰ ਕੇ, ਉਸ ਨੂੰ ਕਮਲ ਨਾਥ ਵਿਰੁਧ ਵੀ ਪੜਤਾਲ ਕਰਨ ਦਾ ਹੁਕਮ ਦੇ ਦਿਤਾ ਹੈ। ਇਸ ਮੌਕੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਸ.ਕੁਲਵੰਤ ਸਿੰਘ ਬਾਠ ਤੇ ਹੋਰ ਅਹੁਦੇਦਾਰ ਹਾਜ਼ਰ ਸਨ।