
Panthak News : ਜਥੇਦਾਰ ਦੋਵੇਂ ਧੜਿਆਂ ਦੇ ਆਗੂਆਂ ਨੂੰ ਕਰ ਸਕਦੇ ਹਨ ਤਲਬ ਬਾਗ਼ੀ, ਅਕਾਲੀ ਮੀਟਿੰਗ ਵਿਚ ਬਣ ਸਕਦੀ ਹੈ ਪ੍ਰੀਜ਼ੀਡੀਅਮ ਤੇ ਸਲਾਹਕਾਰ ਕਮੇਟੀ
Meeting of Jathedars on Akal Takht Panthak News: ਅੱਜ ਦਾ ਦਿਨ ਪੰਥਕ ਮਸਲਿਆਂ ਨੂੰ ਲੈ ਕੇ ਅਹਿਮ ਰਹੇਗਾ। ਇਕ ਪਾਸੇ ਜਦ ਇਸ ਦਿਨ ਅਕਾਲ ਤਖ਼ਤ ਉਪਰ ਪੰਜੇ ਤਖ਼ਤਾਂ ਦੇ ਜਥੇਦਾਰਾਂ ਦੀ ਅਹਿਮ ਮੀਟਿੰਗ ਹੋ ਰਹੀ ਹੈ ਉਥੇ ਦੂਜੇ ਪਾਸੇ ਚੰਡੀਗੜ੍ਹ ਵਿਚ ਬਾਗ਼ੀ ਅਕਾਲੀ ਧੜੇ ਦੇ ਆਗੂ ਵੀ ਮੀਟਿੰਗ ਕਰ ਕੇ ਅਪਣੀ ਭਵਿੱਖ ਦੀ ਰਣਨੀਤੀ ਤਹਿਤ ਅਹਿਮ ਫ਼ੈਸਲੇ ਲੈਣ ਲਈ ਮੀਟਿੰਗ ਕਰ ਰਹੇ ਹਨ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਅੰਮ੍ਰਿਤਸਰ ਵਿਚ ਸੱਦੀ ਮੀਟਿੰਗ ਵਿਚ ਤਖ਼ਤਾਂ ਦੇ ਜਥੇਦਾਰਾਂ ਨੇ ਬਾਗ਼ੀ ਅਕਾਲੀ ਆਗੂਆਂ ਵਲੋਂ ਅਕਾਲ ਤਖ਼ਤ ਉਪਰ ਦਿਤੇ ਮਾਫ਼ੀ ਦੀ ਬੇਨਤੀ ਬਾਰੇ ਗ਼ਲਤੀਆਂ ਦੇ ਕਬੂਲਨਾਮੇ ਉਪਰ ਫ਼ੈਸਲਾ ਲੈਣਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਨਵੇਂ ਅਪਰਾਧਕ ਕਾਨੂੰਨਾਂ ਵਿਸ਼ੇਸ਼ ਤੌਰ ’ਤੇ ਰਾਜਸਥਾਨ ਸਰਕਾਰ ਵਲੋਂ ਸਿੱਖ ਆਗੂ ਵਿਰੁਧ ਦਰਜ ਦੇਸ਼ ਧ੍ਰੋਹ ਦੇ ਕੇਸ ਦੇ ਸੰਦਰਭ ਵਿਚ ਘੱਟ ਗਿਣਤੀਆਂ ਲਈ ਨਵੇਂ ਕਾਨੂੰਨਾਂ ਦੇ ਖ਼ਤਰਿਆਂ ਬਾਰੇ ਵੀ ਵਿਚਾਰ ਕੀਤੀ ਜਾਵੇਗੀ।
ਇਸੇ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਬਾਗ਼ੀ ਅਕਾਲੀ ਆਗੂਆਂ ਦੇ ਧੜੇ ਨਾਲ ਸਬੰਧਤ ਤਿੰਨ ਆਗੂ ਭਾਈ ਮਨਜੀਤ ਸਿੰਘ, ਬੀਬੀ ਕਿਰਨਜੋਤ ਕੌਰ ਅਤੇ ਕਰਨੈਲ ਸਿੰਘ ਪੰਜੋਲੀ ਨੇ ਜਥੇਦਾਰਾਂ ਦੀ ਮੀਟਿੰਗ ਤੋਂ ਪਹਿਲਾਂ ਗਿਆਨੀ ਰਘਬੀਰ ਸਿੰਘ ਨੂੰ ਮਿਲੇ ਹਨ। ਭਾਵੇਂ ਇਸ ਮਿਲਣੀ ਨੂੰ ਬਿਨਾਂ ਕਿਸੇ ਤੈਅ ਪ੍ਰੋਗਰਾਮ ਦੇ ਹੋਈ ਗ਼ੈਰ ਰਸਮੀ ਮਿਲਣੀ ਦਸਿਆ ਜਾ ਰਿਹਾ ਹੈ ਪਰ ਇਸ ਮਿਲਣੀ ਦੌਰਾਨ ਅਕਾਲੀ ਦਲ ਦੀ ਧੜੇਬੰਦੀ ਬਾਰੇ ਗੱਲਬਾਤ ਹੋੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਗੱਲ ਸੁਣਨ ਵਿਚ ਆ ਰਹੀ ਹੈ ਕਿ 15 ਜੁਲਾਈ ਨੂੰ ਤਖ਼ਤਾਂ ਦੇ ਜਥੇਦਾਰਾਂ ਦੀ ਹੋਣ ਵਾਲੀ ਮੀਟਿੰਗ ਵਿਚ ਬਾਗ਼ੀ ਧੜੇ ਦੇ ਆਗੂਆਂ ਤੋਂ ਇਲਾਵਾ ਦੂਜੇ ਧੜੇ ਵਿਚੋਂ ਸੁਖਬੀਰ ਬਾਦਲ ਤੇ ਕੁੱਝ ਹੋਰ ਆਗੂਆਂ ਨੂੰ ਵੀ ਤਖ਼ਤ ਉਪਰ ਸੱਦਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਬਾਗ਼ੀ ਧੜੇ ਦੇ ਕਬੂਲਨਾਮੇ ਵਿਚ ਗ਼ਲਤੀਆਂ ਲਈ ਮੁੱਖ ਤੌਰ ’ਤੇ ਸੁਖਬੀਰ ਬਾਦਲ ਦਾ ਹੀ ਜ਼ਿਕਰ ਕੀਤਾ ਗਿਆ ਹੈ। ਜਥੇਦਾਰ ਦੋਹਾਂ ਧੜਿਆਂ ਨੂੰ ਅਕਾਲ ਤਖ਼ਤ ਉਪਰ ਤਲਬ ਕਰ ਕੇ ਬਾਅਦ ਵਿਚ ਤਨਖ਼ਾਹ ਲਾਉਣ ਦਾ ਕੋਈ ਫ਼ੈਸਲਾ ਲੈਣਗੇ। ਇਹ ਵੀ ਚਰਚਾ ਹੈ ਕਿ ਇਸ ਤੋਂ ਬਾਅਦ ਉਹ ਦੋਹਾਂ ਧੜਿਆਂ ਨੂੰ ਏਕਤਾ ਕਰਨ ਲਈ ਵੀ ਕੋਈ ਹੁਕਮ ਦੇ ਸਕਦੇ ਹਨ। ਦੂਜੇ ਪਾਸੇ ਬਾਗ਼ੀ ਅਕਾਲੀ ਆਗੂਆਂ ਵਲੋਂ 15 ਜੁਲਾਈ ਨੂੰ ਚੰਡੀਗੜ੍ਹ ਵਿਚ ਜੋ ਮੀਟਿੰਗ ਰੱਖੀ ਗਈ ਹੈ ਉਸ ਵਿਚ ਪਿਛਲੀ ਮੀਟਿੰਗ ਵਿਚ ਹੋਈ ਚਰਚਾ ਮੁਤਾਬਕ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਲਈ ਇਕ ਪ੍ਰੀਜ਼ੀਡੀਅਮ ਤੇ ਸਲਾਹਕਾਰ ਕਮੇਟੀ ਬਣਾਈ ਜਾਵੇਗੀ।