ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਣਗੇ ਸਮਾਗਮ
ਚੌਕ ਮਹਿਤਾ (ਅੰਮ੍ਰਿਤਸਰ): ਹੱਕ ਤੇ ਸੱਚ ਦੀ ਖਾਤਿਰ ਧਰਮ ਲਈ ਸੀਸ ਨਿਸ਼ਾਵਰ ਕਰਨ ਵਾਲੇ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਧਾਰਮਿਕ ਸਮਾਗਮ 24 ਜਨਵਰੀ ਦਿਨ ਸ਼ਨੀਵਾਰ ਤੇ 25 ਜਨਵਰੀ ਦਿਨ ਐਤਵਾਰ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਂਰਾਸ਼ਟਰ) ਵਿਖੇ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਪੂਰਵਕ ਮਨਾਏ ਜਾ ਰਹੇ ਹਨ।ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੇ ਵੱਡੇ ਸਹਿਯੋਗ ਸਦਕਾ ਦਮਦਮੀ ਟਕਸਾਲ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਅਗਵਾਈ ਹੇਠ ਮਨਾਏ ਜਾ ਰਹੇ ਇੰਨ੍ਹਾਂ ਦੋ ਦਿਨਾਂ ਸ਼ਤਾਬਦੀ ਸਮਾਗਮਾਂ ‘ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੱਧ ਚੜ੍ਹ ਕੇ ਪੁੱਜਣ ਦਾ ਸੱਦਾ ਦਿੰਦੇ ਹੋਏ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਚੇਅਰਮੈਨ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਮਹਾਂਰਾਸ਼ਟਰ ਸਰਕਾਰ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਗਿ.ਕੁਲਵੰਤ ਸਿੰਘ ਨੇ ਕਿਹਾ ਕਿ ਰਾਜ ਪੱਧਰੀ ਹੋ ਰਹੇ ਇਹ ਧਾਰਮਿਕ ਸਮਾਗਮ ਬਹੁਤ ਵਿਸ਼ਾਲ ਪੱਧਰ ‘ਤੇ ਮਨਾਏ ਜਾਣਗੇ।
ਨੌਵੀਂ ਪਾਤਸ਼ਾਹੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੰਨ੍ਹਾਂ ਸ਼ਤਾਬਦੀ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਉੱਘੇ ਕੀਰਤਨੀਏ ਭਾਈ ਚਮਨਦੀਪ ਸਿੰਘ ਦਿੱਲੀ ਵਾਲੇ ਤੇ ਭਾਈ ਚਰਨਜੀਤ ਸਿੰਘ ਹੀਰਾ, ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ,ਭਾਈ ਕੁਲਦੀਪ ਸਿੰਘ ,ਭਾਈ ਬਲਜੀਤ ਸਿੰਘ, ਸੱਚਖੰਡ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਰਜੀਤ ਸਿੰਘ ਖਾਲਸਾ ,ਭਾਈ ਤੇਜਵਿੰਦਰ ਸਿੰਘ ਤੇ ਭਾਈ ਤੇਜਵੰਤ ਸਿੰਘ ਤੋਂ ਇਲਾਵਾ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਭਾਈ ਗੁਰਲਾਲ ਸਿੰਘ ਆਪਣੇ ਜਥਿਆ ਸਮੇਤ ਹਾਜ਼ਰੀ ਭਰਨਗੇ।ਇਸਦੇ ਨਾਲ ਬਹੁਤ ਸਾਰੀਆਂ ਪੰਥਕ ਸ਼ਖਸ਼ੀਅਤਾਂ,ਸੰਤ ਮਹਾਂਪੁਰਸ਼,ਪੰਥਕ ਵਿਦਵਾਨਾਂ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ,ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ,ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਦੇਸ਼ ਵਿਦੇਸ਼ ਤੋਂ ਹੋਰ ਵੱਡੀ ਗਿਣਤੀ ‘ਚ ਧਾਰਮਿਕ,ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾਂ ਇੰਨ੍ਹਾਂ ਸਮਾਗਮਾਂ ‘ਚ ਸ਼ਾਮਿਲ ਹੋਣਗੀਆਂ।
ਇਸਦੇ ਨਾਲ ਹੀ ਉਨ੍ਹਾਂ ਕੇਂਦਰ ਤੇ ਸੂਬੇੇ ਦੀਆਂ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਕਿ ਇੰਨ੍ਹਾਂ ਦੋ ਦਿਨ੍ਹਾਂ ਸ਼ਤਾਬਦੀ ਸਮਾਗਮਾਂ ਦੌਰਾਨ ਸੰਗਤਾਂ ਦੇ ਆਉਣ-ਜਾਣ ਲਈ ਉਚਿੱਤ ਪ੍ਰਬੰਧ ਕੀਤੇ ਜਾਣ ਤੇ ਯਾਤਰਾ ਨੂੰ ਆਸਾਨ ਤੇ ਸੌਖਾਲਾ ਬਣਾਉਣ ਲਈ ਵੱਧ ਤੋਂ ਵੱਧ ਹਵਾਈ ਜ਼ਹਾਜ਼,ਟ੍ਰੇਨਾਂ ਤੇ ਬੱਸਾਂ ਦੀ ਸੁਵਿਧਾ ਦਿੱਤੀ ਜਾਵੇ ਤਾਂ ਜੋ ਸੰਗਤਾਂ ਬਿੰਨ੍ਹਾਂ ਕਿਸੇ ਖੱਜਲ ਖੁਆਰੀ ਦੇ ਇੰਨ੍ਹਾਂ ਸਮਾਗਮਾਂ ‘ਚ ਸ਼ਾਮਿਲ ਹੋ ਕੇ ਸ਼ਤਾਬਦੀ ਸਮਾਗਮਾਂ ਦਾ ਲਾਹਾ ਲੈ ਸਕਣ।ਦੋਨਾਂ ਸ਼ਖਸ਼ੀਅਤਾਂ ਨੇ ਸਮੂਹ ਨਾਮ ਲੇਵਾ ਸੰਗਤਾਂ ਨੂੰ ਅਪੀਲ਼ ਕਰਦੇ ਹੋਏ ਕਿਹਾ ਕਿ ਸਮਾਗਮ ਦੌਰਾਨ ਸੰਗਤਾਂ ਲਈ ਰਹਿਣ-ਸਹਿਣ ਤੇ ਲੰਗਰਾਂ ਦਾ ਖੁੱਲ੍ਹਾਂ ਪ੍ਰਬੰਧ ਕੀਤਾ ਗਿਆ ਹੈ ਤੇ ਆਵਾਜਾਈ ਲਈ ਹਰ ਸੁਵਿਧਾ ਉਪਲੱਬਧ ਹੈ ।ਇਸ ਲਈ ਸਮੂਹ ਸੰਗਤਾਂ ਹੁੰਮ ਹੁੰਮਾ ਕੇ ਵੱਡੀ ਗਿਣਤੀ ‘ਚ ਸ੍ਰੀ ਹਜ਼ੂਰ ਸਾਹਿਬ ਪਹੁੰਚਣ ਤੇ ਸ਼ਤਾਬਦੀ ਸਮਾਗਮਾਂ ‘ਚ ਭਾਗ ਲੈ ਕੇ ਗੁਰੂ ਸਾਹਿਬ ਦੀ ਅਮੁੱਲੀ ਸ਼ਹਾਦਤ ਨੂੰ ਆਪਣਾ ਨਮਨ ਸਿਜਦਾ ਜ਼ਰੂਰ ਕਰਨ।
