
ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਂਟ ਹੋਏ ਸਰੂਪ ਦੇ ਮਾਮਲੇ ਵਿੱਚ ਤਖ਼ਤ ਸਾਹਿਬ ਤੋਂ ਪੁੱਜੀ ਪੰਜ ਪਿਆਰਿਆਂ ਦੀ ਟੀਮ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ
ਬਰਨਾਲਾ (ਲਖਵੀਰ ਚੀਮਾ) - ਬਰਨਾਲਾ ਵਿਖੇ ਪਿੰਡ ਟੱਲੇਵਾਲ ਦੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ’ਚ ਬੀਤੀ ਰਾਤ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਂਟ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਣ ’ਤੇ ਮੌਕੇ ’ਤੇ ਪੁਲਿਸ ਪ੍ਰਸ਼ਾਸ਼ਨ, ਐਸਜੀਪੀਸੀ ਮੈਂਬਰ, ਐਸਜੀਪੀਸੀ ਮੁਲਾਜ਼ਮ, ਪੰਚਾਇਤ ਅਤੇ ਪਿੰਡ ਵਾਸੀ ਪੁੱਜ ਗਏ। ਘਟਨਾ ਦੀ ਸੂਚਨਾ ਤੁਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਟੀਮ ਨੂੰ ਦਿੱਤੀ ਗਈ। ਜਿਹਨਾਂ ਵਲੋਂ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ।
ਇਸ ਘਟਨਾ ਲਈ ਪੰਜ ਪਿਆਰਿਆਂ ਦੀ ਟੀਮ ਵਲੋਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਕਿਉਂਕਿ ਰਾਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸੁੱਖ ਆਸਣ ਨਹੀਂ ਕੀਤਾ ਗਿਆ। ਜਿਸ ਕਰਕੇ ਅਚਾਨਕ ਅੱਗ ਲੱਗਣ ਕਾਰਨ ਸਰੂਪ ਅਗਨ ਭੇਂਟ ਹੋ ਗਏ। ਇਸ ਤੋਂ ਇਲਾਵਾ ਇਸ ਅੱਗ ਨਾਲ ਦਰਬਾਰ ਸਾਹਿਬ ਵਿਚ ਪਿਆ ਸਾਰਾ ਸਮਾਨ ਵੀ ਅੱਗ ਦੀ ਭੇਂਟ ਚੜ੍ਹ ਗਿਆ। ਅੱਗ ਏਨੀ ਭਿਆਨਕ ਸੀ ਕਿ ਅੱਗ ਲੱਗਣ ਵਾਲੇ ਦਰਬਾਰ ਸਾਹਿਬ ਦੇ ਉਪਰਲੀ ਇਮਾਰਤ ’ਤੇ ਸੱਚਖੰਡ ਵਿਚ ਪਏ ਸਰੂਪਾਂ ਤੱਕ ਵੀ ਇਸ ਦਾ ਸੇਕ ਪੁੱਜ ਗਿਆ।
ਜਦਕਿ ਉਹਨਾਂ ਸਰਪੂਾਂ ਦਾ ਬਚਾਅ ਰਹਿ ਗਿਆ। ਇਸ ਘਟਨਾ ਦਾ ਪੰਜ ਪਿਆਰਿਆਂ ਦੀ ਟੀਮ ਵਲੋਂ ਸਖ਼ਤ ਐਕਸ਼ਨ ਲੈਂਦਿਆਂ ਤੁਰੰਤ ਗੁਰਦੁਆਰਾ ਸਾਹਿਬ ਵਿੱਚੋਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਰੂਪ ਪਿੰਡ ਦੇ ਹੋਰ ਗੁਰੂਘਰ ਵਿਚ ਭੇਜ ਦਿੱਤੇ ਗਏ, ਉਥੇ ਅਗਨ ਭੇਂਟ ਹੋਏ ਸਰੂਪ ਨੂੰ ਗੋਇੰਦਵਾਲ ਸਾਹਿਬ ਵਿਖੇ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਘਟਨਾ ਲਈ ਜ਼ਿੰਮੇਵਾਰ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਅਤੇ ਗ੍ਰੰਥੀ ਸਿੰਘ ਨੂੰ 18 ਅਪ੍ਰੈਲ ਨੂੰ ਤਖ਼ਤ ਸਾਹਿਬ ’ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜ ਪਿਆਰਿਆਂ ਅਤੇ ਐਸਜੀਪੀਸੀ ਦੇ ਅੰਤਰਿਗ ਕਮੇਟੀ ਮੈਂਬਰ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਦੱਸਿਆ ਕਿ ਟੱਲੇਵਾਲ ਦੇ ਗੁਰਦੁਆਰਾ ਰਵਿਦਾਸ ਜੀ ਵਿਖੇ ਬਹੁਤ ਦੁੱਖਦਾਈ ਘਟਨਾ ਵਾਪਰੀ ਹੈ। ਜਿੱਥੇ ਸ਼ਾਰਟ ਸਰਕਟ ਕਾਰਨ ਗੁਰੂ ਘਰ ਅੰਦਰ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਅਗਨ ਭੇਂਟ ਹੋ ਗਿਆ। ਇੱਥੇ ਪਹੁੰਚ ਕੇ ਅਗਨ ਭੇਂਟ ਹੋਏ ਸਰੂਪ ਦੀ ਸੇਵਾ ਸੰਭਾਲ ਕਰਕੇ ਗੋਇੰਦਵਾਲ ਸਾਹਿਬ ਲਈ ਰਵਾਨਾ ਕਰ ਦਿੱਤੇ ਹਨ। ਜਦੋਂਕਿ ਸੱਚਖੰਡ ਸਾਹਿਬ ਵਿੱਚ ਬਿਰਾਜਮਾਨ ਬਾਕੀ ਦੇ 4 ਸਰੂਪ ਵੀ ਨੇੜੇ ਦੇ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਪਹੁੰਚਾ ਦਿੱਤੇ ਗਏ ਹਨ।
ਉਹਨਾਂ ਕਿਹਾ ਕਿ ਇਸ ਘਟਨਾ ਲਈ ਸਿੱਧੇ ਤੌਰ ’ਤੇ ਪ੍ਰਬੰਧਕੀ ਅਣਗਹਿਲੀ ਜ਼ਿੰਮੇਵਾਰ ਹੈ ਕਿਉਂਕਿ ਘਟਨਾ ਸਮੇਂ ਇੱਥੇ ਐਲਈਡੀ, ਪੱਖੀ ਚੱਲ ਰਹੀ ਸੀ, ਜਿੱਥੇ ਇਹ ਅੱਗ ਲੱਗੀ ਹੈ। ਉਹਨਾਂ ਕਿਹਾ ਕਿ ਇਸ ਗੁਰੂ ਘਰ ਵਿੱਚ ਰਹਿਤ ਮਰਿਯਾਦਾ ਦੇ ਉਲਟ ਗੁਰੂ ਸਾਹਿਬ ਦਾ ਸੁੱਖ ਆਸਣ ਵੀ ਨਹੀਂ ਕੀਤਾ ਜਾਂਦਾ ਸੀ। ਜਿਸ ਲਈ ਗ੍ਰੰਥੀ ਸਾਹਿਬ ਅਤੇ ਪ੍ਰਬੰਧਕ ਜ਼ਿੰਮੇਵਾਰ ਹਨ। ਜਿਹਨਾਂ ਨੇ ਆਪਣਾ ਲਿਖਤੀ ਤੌਰ ’ਤੇ ਦੋਸ਼ ਕਬੂਲ ਲਿਆ ਹੈ। ਉਹਨਾਂ ਕਿਹਾ ਕਿ ਇਸ ਘਟਨਾ ਉਪਰੰਤ ਜ਼ਿੰਮੇਵਾਰ ਪ੍ਰਬੰਧਕਾਂ ਨੂੰ 18 ਅਪ੍ਰੈਲ ਨੂੰ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਹੈ।
Giani Harpreet Singh
ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਜੀ ਦੇ ਧਿਆਨ ’ਚ ਲਿਆ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਪੁੱਜੇ ਡੀਐਸਪੀ ਮਹਿਲ ਕਲਾਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਂਟ ਹੋਏ ਸਰੂਪ ਦੇ ਮਾਮਲੇ ਵਿੱਚ ਤਖ਼ਤ ਸਾਹਿਬ ਤੋਂ ਪੁੱਜੀ ਪੰਜ ਪਿਆਰਿਆਂ ਦੀ ਟੀਮ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਉਹਨਾਂ ਕੋਲ ਲਿਖ਼ਤੀ ਤੌਰ ’ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਤਾਂ ਉਹ ਕਾਰਵਾਈ ਕਰਨਗੇ। ਫ਼ਿਲਹਾਲ ਮਾਹੌਲ ਸ਼ਾਂਤਮਈ ਹੈ।