
ਭਗਤਾਂ ਦੀਆਂ ਬਦਦੁਆਵਾਂ ਦੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਸਜ਼ਾ : ਸਾਧ
ਕੋਟਕਪੂਰਾ/ਤਰਨਤਾਰਨ, ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਈ ਇਕ ਵਿਵਾਦਤ ਵੀਡੀਉ 'ਚ ਸ੍ਰੀ ਚੰਦ ਨੂੰ ਭਗਵਾਨ ਮੰਨਣ ਵਾਲਾ ਇਕ ਸਾਧ ਦਾਅਵੇ ਕਰ ਰਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਮੌਕੇ ਭਗਤ ਬਾਣੀ ਨਾਲ ਵਿਤਕਰਾ ਕੀਤਾ ਜਿਸ ਕਰ ਕੇ ਉਨਾਂ ਨੂੰ ਤੱਤੀ ਤਵੀ 'ਤੇ ਬਿਠਾਉਣ ਦਾ ਸਰਾਪ ਅਤੇ ਬਦਦੁਆਵਾਂ ਵੀ ਭਗਤਾਂ ਵਲੋਂ ਮਿਲੀਆਂ ਸਨ। ਉਕਤ ਸਾਧ ਭਗਤ ਰਵੀਦਾਸ, ਭਗਤ ਨਾਮਦੇਵ ਅਤੇ ਭਗਤ ਕਬੀਰ ਜੀ ਦੀ ਬਾਣੀ ਦੀਆਂ ਕਈ ਉਦਾਹਰਣਾਂ ਦੇ ਕੇ ਗੁਰੂ ਅਰਜਨ ਦੇਵ ਜੀ ਵਿਰੁਧ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਹਿ ਰਿਹਾ ਹੈ ਕਿ ਗੁਰੂ ਜੀ ਨੇ ਭਗਤ ਬਾਣੀ ਨਾਲ ਛੇੜਛਾੜ ਕਰ ਕੇ ਗ਼ਲਤ ਬਾਣੀ ਦਰਜ ਕੀਤੀ ਜਿਸ ਦੀ ਉਨ੍ਹਾਂ ਨੂੰ ਸਜ਼ਾ ਵੀ ਮਿਲੀ ਹੈ। ਉਕਤ ਮਾਮਲੇ ਦਾ ਹੈਰਾਨੀਜਨਕ ਪੱਖ ਇਹ ਹੈ ਕਿ ਯੂ-ਟਿਊਬ 'ਤੇ ਪਈ ਉਕਤ ਵੀਡੀਉ ਨੂੰ ਹਜ਼ਾਰਾਂ ਲੋਕ ਵੇਖ ਚੁੱਕੇ ਹਨ ਜਿਨ੍ਹਾਂ 'ਚ ਹਿਰਦੇ ਵਲੂੰਧਰ ਮਹਿਕਮਾ ਵੀ ਸ਼ਾਮਲ ਹੈ ਪਰ ਕਿਸੇ ਨੇ ਉਕਤ ਸਾਧ ਵਿਰੁਧ ਬੋਲਣ ਦੀ ਜ਼ਰੂਰਤ ਤਕ ਨਹੀਂ ਸਮਝੀ।
Controversial video of a sadhu
ਭਾਈ ਜਸਵਿੰਦਰ ਸਿੰਘ ਰੁੜਕੀ ਕਲਾਂ ਦੀ ਫ਼ੇਸਬੁਕ ਰਾਹੀਂ ਜਨਤਕ ਹੋਈ ਉਕਤ ਵੀਡੀਉ 'ਤੇ ਲਿਖੀ ਟਿਪਣੀ 'ਚ ਉਨ੍ਹਾਂ ਲਿਖਿਆ ਹੈ, 'ਇਸ ਬੁਲਾਰੇ ਨੂੰ ਧਿਆਨ ਨਾਲ ਸੁਣਿਓ'! ਕਹਿੰਦਾ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਲਿਖਵਾਉਣ ਵੇਲੇ ਬਹੁਤ ਵੱਡੀ ਗ਼ਲਤੀ ਕੀਤੀ ਹੈ! ਅਖੇ, ਭਗਤਾਂ ਦੀ ਬਾਣੀ ਨੂੰ ਤੋੜ ਕੇ ਲਿਖਿਆ ਹੈ!' ਇਸ ਬੁਲਾਰੇ ਦੀਆਂ ਬਾਕੀ ਵੀਡੀਉ ਇਸ ਦੇ ਯੂ-ਟਿਊਬ ਚੈਨਲ 7urbani meaning 'ਤੇ ਵੇਖ ਸਕਦੇ ਹੋ। ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸਿੱਖ ਪ੍ਰਚਾਰਕਾਂ ਦੀਆਂ ਪੱਗਾਂ ਉਤਾਰਣ ਵਾਲਿਆਂ ਨੂੰ ਵੰਗਾਰ ਪਾਉਂਦਿਆਂ ਕਿਹਾ ਕਿ ਹੁਣ ਉਹ ਜ਼ਰੂਰ ਇਸ ਸਾਧ ਵਿਰੁਧ ਕਾਰਵਾਈ ਕਰਾਉਣ ਦੀ ਜੁਰਅੱਤ ਵਿਖਾਉਣ। ਮਾਝੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਸਲੇ ਸੁਹਿਰਦਤਾ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਨ।
ਤਰਨਤਾਰਨ ਦੀ ਰੀਪੋਰਟ ਅਨੁਸਾਰ: ਇਸ ਸਬੰਧੀ ਜਦ ਸਾਧ ਨਾਰਾਇਣ ਦਾਸ ਨੂੰ ਫ਼ੋਨ ਕੀਤਾ ਗਿਆ ਤਾਂ ਉਸ ਦੇ ਚੇਲੇ ਨੇ ਕਿਹਾ ਕਿ ਸਾਧ ਸਾਧਨਾ ਵਿਚ ਹੈ। ਚੇਲੇ ਨੇ ਕਿਹਾ ਕਿ ਸਾਧ ਨੂੰ ਇਹ ਨਹੀਂ ਬੋਲਣਾ ਚਾਹੀਦਾ ਸੀ, ਇਸ ਲਈ ਹੁਣ ਸਾਧ ਵਲੋਂ ਇਹ ਵੀਡੀਉ ਡਿਲੀਟ ਕਰ ਦਿਤੀ ਗਈ ਹੈ।