
ਲਗਭਗ 130 ਅਫ਼ਗਾਨ ਹਿੰਦੂ ਅਤੇ ਸਿੱਖ ਹੁਣ ਵੀ ਅਫ਼ਗਾਨਿਸਤਾਨ ਵਿਚ ਹਨ
ਨਵੀਂ ਦਿੱਲੀ : ਵੀਰਵਾਰ ਨੂੰ ਅਫ਼ਗ਼ਾਨਿਸਤਾਨ ਤੋਂ ਸਿੱਖਾਂ ਦਾ ਇਕ ਵਫ਼ਦ ਨਵੀਂ ਦਿੱਲੀ ਪਹੁੰਚਿਆ। ਭਾਰਤ ਸਰਕਾਰ ਅਫ਼ਗ਼ਾਨਿਸਤਾਨ ਤੋਂ ਘੱਟ ਗਿਣਤੀਆਂ ਨੂੰ ਕੱਢਣ ਦੀ ਮੁਹਿੰਮ ਚਲਾ ਰਹੀ ਹੈ, ਜਿਸ ਦੇ ਤਹਿਤ ਇਹ ਸਿੱਖਾਂ ਦਾ ਜਥਾ ਦਿੱਲੀ ਪਹੁੰਚਿਆ। ਅਧਿਕਾਰੀਆਂ ਨੇ ਦਸਿਆ ਕਿ ਵੀਰਵਾਰ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਇੰਡੀਅਨ ਵਰਲਡ ਫ਼ੋਰਮ ਅਤੇ ਕੇਂਦਰ ਸਰਕਾਰ ਦੀ ਮਦਦ ਨਾਲ 21 ਹੋਰ ਅਫ਼ਗ਼ਾਨ ਸਿੱਖਾਂ ਨੂੰ ਕਾਬੁਲ ਤੋਂ ਇਥੇ ਲਿਆਂਦਾ ਗਿਆ ਹੇ। ਇਨ੍ਹਾਂ ਵਿਚ ਤਿੰਨ ਬੱਚੇ ਅਤੇ ਇਕ ਨਵਜਾਤ ਬੱਚਾ ਵੀ ਸ਼ਾਮਲ ਹੈ।
File Photo
ਇੰਡੀਅਨ ਵਰਲਡ ਫੋਰਮ ਦੇ ਮੁਖੀ ਪੁਨੀਤ ਸਿੰਘ ਚੰਡੋਕ ਨੇ ਕਿਹਾ ਕਿ ਅਸੀਂ ਇੰਡੀਅਨ ਵਰਲਡ ਫੋਰਮ ਵਲੋਂ ਹਰ ਸੰਭਵ ਮਦਦ ਕਰ ਰਹੇ ਹਾਂ। ਉਨ੍ਹਾਂ ਦੀ ਸੁਵਿਧਾ ਲਈ ਸਾਰੀ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਤੋਂ ਭਾਰਤ ਤਕ ਉਨ੍ਹਾਂ ਦੀ ਸੁਰੱਖਿਅਤ ਯਾਤਰਾ ਲਈ ਅਪਣੀ ਵਧੀਆ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਦਸਿਆ ਕਿ ਲਗਭਗ 130 ਅਫ਼ਗਾਨ ਹਿੰਦੂ ਅਤੇ ਸਿੱਖ ਹੁਣ ਵੀ ਅਫ਼ਗਾਨਿਸਤਾਨ ਵਿਚ ਹਨ ਅਤੇ ਭਾਰਤ ਸਰਕਾਰ ਕੋਲ ਵੀਜਾ ਜਾਰੀ ਕਰਨ ਲਈ ਲਗਭਗ 60 ਅਰਜ਼ੀਆਂ ਪੈਂਡਿੰਗ ਹਨ। ਇਸ ਜਥੇ ਵਿਚ ਅਫ਼ਗ਼ਾਨ ਸਿੱਖ 27 ਸਾਲਾ ਰਾਜਿੰਦਰ ਸਿੰਘ ਅਤੇ ਉਸਦੀ ਘਰਵਾਲੀ ਵੀ ਸ਼ਾਮਲ ਸੀ ਜਿਨ੍ਹਾਂ ਨੇ ਅਪਣੇ ਨਾਲ ਬੀਤੇ ਸਮੇਂ ਦੀ ਕਹਾਣੀ ਸਾਂਝੀ ਕੀਤੀ।
ਰਾਜਿੰਦਰ ਸਿੰਘ ਨੇ ਦਸਿਆ ਕਿ ਉਸ ਲਈ ਪਿਛਲਾ ਸਾਲ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ, ਜਦੋਂ ਉਨ੍ਹਾਂ ਨੇ ਤਾਲਿਬਾਨ ਦੇ ਕਬਜ਼ੇ ਵਾਲੇ ਕਾਬੁਲ ਵਿਚ ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ਅਪਣੇ ਅਜਨਮੇ ਬੱਚੇ ਨੂੰ ਖੋ ਦਿਤਾ ਅਤੇ ਦਿਨ ਰਾਤ ਡਰ ਦੇ ਸਾਏ ਵਿਚ ਰਹੇ। ਉਨ੍ਹਾਂ ਦਸਿਆ ਕਿ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਕਾਬੁਲ ਵਿਚ ਘੱਟ ਗਿਣਤੀ ਹਿੰਦੂ ਅਤੇ ਸਿਖ ਭਾਈਚਾਰੇ ਦੇ ਜ਼ਿਆਦਾਤਰ ਲੋਕਾਂ ਨੇ ਇਕ ਗੁਦਵਾਰੇ ਵਿਚ ਸ਼ਰਣ ਲਈ ਸੀ। ਅਸੀਂ ਭਾਰਤ ਸਰਕਾਰ ਨੂੰ ਮਦਦ ਦੀ ਮੰਗ ਕੀਤੀ ਸੀ ਕਿ ਅਸੀਂ ਉਥੋਂ ਨਿਕਲ ਸਕੀਏ।