
146 ਸੈਂਟੀਮੀਟਰ ਜਾਂ ਲਗਭਗ ਚਾਰ ਫੁੱਟ ਅਤੇ ਸਾਢੇ ਨੌਂ ਇੰਚ ਲੰਮੇ ਹਨ ਸਿਦਕਦੀਪ ਸਿੰਘ ਚਾਹਲ ਦੇ ਵਾਲ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸਿਦਕਦੀਪ ਸਿੰਘ ਚਾਹਲ ਨੇ ਦੁਨੀਆਂ ਭਰ ਦੇ ਨਾਬਾਲਗ ਮੁੰਡਿਆਂ ’ਚੋਂ ਸਭ ਤੋਂ ਲੰਮੇ ਵਾਲਾਂ ਦਾ ਵਿਸ਼ਵ ਰੀਕਾਰਡ ਬਣਾਇਆ ਹੈ। 15 ਵਰ੍ਹਿਆਂ ਦੇ ਇਸ ਸਿੱਖ ਮੁੰਡੇ ਨੇ ਅਪਣੀ ਜ਼ਿੰਦਗੀ ’ਚ ਕਦੇ ਵੀ ਵਾਲ ਨਹੀਂ ਕੱਟੇ।
ਗਿਨੀਜ਼ ਵਰਲਡ ਰਿਕਾਰਡ (ਜੀ.ਡਬਲਯੂ.ਆਰ.) ਨੇ 14 ਸਤੰਬਰ ਨੂੰ ਉਸ ਦੀ ਜਾਣ-ਪਛਾਣ ਕਰਾਉਂਦਾ ਵੀਡੀਉ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਜਿਸ ’ਚ ਸਿਦਕਦੀਪ ਕਹਿੰਦਾ ਹੈ, ‘‘ਲੋਕ ਕਹਿੰਦੇ ਹਨ ਕਿ ਮੇਰੇ ਵਾਲ ਬਹੁਤ ਲੰਮੇ, ਬਹੁਤ ਸੰਘਣੇ ਹਨ, ਕਾਸ਼ ਸਾਡੇ ਵਾਲ ਵੀ ਇਸ ਤਰ੍ਹਾਂ ਦੇ ਹੁੰਦੇ।’’ ਗਿਨੀਜ਼ ਬੁੱਕ ਆਫ਼ ਰੀਕਾਰਡਸ ਅਨੁਸਾਰ ਸਿਦਕਦੀਪ ਦੇ ਵਾਲ 146 ਸੈਂਟੀਮੀਟਰ ਜਾਂ ਲਗਭਗ ਚਾਰ ਫੁੱਟ ਅਤੇ ਸਾਢੇ ਨੌਂ ਇੰਚ ਲੰਮੇ ਹਨ।
ਸਿੱਖ ਹੋਣ ਨਾਤੇ ਚਾਹਲ ਦੇ ਮਾਤਾ-ਪਿਤਾ ਨੇ ਕਦੇ ਵੀ ਉਸ ਦੇ ਵਾਲ ਨਹੀਂ ਕੱਟੇ, ਅਤੇ ਉਹ ਵੀ ਹੁਣ ਇਸ ਦਾ ਪਾਲਣ ਕਰਦਾ ਹੈ। ਸਿੱਖ ਸਿਧਾਂਤਾਂ ਬਾਰੇ ਦੁਨੀਆਂ ਨੂੰ ਦਸਦਿਆਂ ਉਹ ਕਹਿੰਦਾ ਹੈ, ‘‘ਮੈਂ ਸਿੱਖ ਧਰਮ ਨੂੰ ਮੰਨਦਾ ਹਾਂ ਅਤੇ ਸਾਨੂੰ ਅਪਣੇ ਵਾਲ ਕੱਟਣ ਦੀ ਮਨਾਹੀ ਹੈ। ਸਿੱਖ ਧਰਮ ਦੇ ਮੁੱਖ ਸਿਧਾਂਤਾਂ ’ਚੋਂ ਇਕ ਇਹ ਵੀ ਹੈ ਕਿ ਕਦੇ ਵੀ ਅਪਣੇ ਵਾਲ ਨਾ ਕੱਟੋ, ਕਿਉਂਕਿ ਇਹ ਪਰਮਾਤਮਾ ਵਲੋਂ ਇਕ ਤੋਹਫ਼ਾ ਹੈ।’’
ਵੀਡੀਉ ’ਚ ਦਿਸਦਾ ਹੈ ਕਿ ਕਿਵੇਂ ਸਿਦਕਦੀਪ ਦੀ ਮਾਤਾ ਉਸ ਦੇ ਵਾਲਾਂ ਦਾ ਜੂੜਾ ਕਰ ਰਹੀ ਹੈ ਅਤੇ ਉਸ ਦੇ ਸਿਰ ’ਤੇ ਪਟਕਾ ਬੰਨ੍ਹਦੀ ਹੈ। ਸਿਦਕਦੀਪ ਦਸਦਾ ਹੈ ਕਿ ਏਨੇ ਲੰਮੇ ਵਾਲਾਂ ਨੂੰ ਸਿਰਫ਼ ਧੋਣ ’ਚ ਉਸ ਨੂੰ ਲਗਭਗ 20 ਮਿੰਟ ਲਗਦੇ ਹਨ, ਅਤੇ ਸੁੱਕਣ ਲਈ ਅੱਧੇ ਘੰਟੇ ਦਾ ਸਮਾਂ ਲਗਦਾ ਹੈ। ਇਸ ਤੋਂ ਬਾਅਦ, ਵਾਹ ਵਾਹੁਣ ’ਚ 10 ਤੋਂ 15 ਮਿੰਟ ਲਗਦੇ ਹਨ।
ਸਿਦਕਦੀਪ ਦਾ ਕਹਿਣਾ ਹੈ, ‘‘ਮੇਰੀ ਮਾਂ ਨੇ ਇਸ ਕੰਮ ’ਚ ਮੇਰੀ ਮਦਦ ਕੀਤੀ ਕਿਉਂਕਿ ਏਨੇ ਲੰਮੇ ਵਾਲਾਂ ਨੂੰ ਸੰਭਾਲਣਾ ਮੁਸ਼ਕਲ ਹੈ। ਜੇਕਰ ਮੇਰੀ ਮਾਂ ਨਾ ਹੁੰਦੀ, ਤਾਂ ਮੈਨੂੰ ਨਹੀਂ ਲਗਦਾ ਕਿ ਮੇਰੇ ਕੋਲ ਇਹ ਰੀਕਾਰਡ ਹੁੰਦਾ।’’
ਉਸ ਦੇ ਵਾਲ ਬਚਪਨ ਤੋਂ ਹੀ ਲੰਮੇ ਸਨ ਅਤੇ ਜਦੋਂ ਉਹ ਲਗਭਗ ਤਿੰਨ ਜਾਂ ਚਾਰ ਸਾਲਾਂ ਦਾ ਸੀ, ਇਹ ਉਸ ਦੇ ਮੋਢਿਆਂ ਤਕ ਪਹੁੰਚ ਗਏ ਸਨ। ਸਿਦਕਦੀਪ ਦਸਦਾ ਹੈ ਕਿ ਬਚਪਨ ਵਿਚ ਜਦੋਂ ਵੀ ਉਹ ਬਾਹਰ ਅਪਣੇ ਵਾਲ ਸੁਕਾਉਣ ਜਾਂਦਾ ਸੀ ਤਾਂ ਉਸ ਦੇ ਦੋਸਤ ਉਸ ਨੂੰ ਛੇੜਿਆ ਕਰਦੇ ਸਨ, ਜੋ ਉਸ ਨੂੰ ਪਸੰਦ ਨਹੀਂ ਸੀ। ਉਸ ਨੇ ਗੁੱਸੇ ਵਿਚ ਆ ਕੇ ਅਪਣੇ ਮਾਪਿਆਂ ਨੂੰ ਉਸ ਦੇ ਵਾਲ ਕੱਟਣ ਦੀ ਬੇਨਤੀ ਕੀਤੀ। ਹਾਲਾਂਕਿ, ਹੁਣ ਉਹ ਮਹਿਸੂਸ ਕਰਦਾ ਹੈ ਕਿ ਇਹ ਉਸ ਦੀ ਸ਼ਖ਼ਸੀਅਤ ਦਾ ਇਕ ਹਿੱਸਾ ਹਨ ਅਤੇ ਉਹ ਇਨ੍ਹਾਂ ਨੂੰ ਇਸੇ ਤਰ੍ਹਾਂ ਰੱਖਣ ਦੀ ਯੋਜਨਾ ਬਣਾ ਰਿਹਾ ਹੈ।
ਅਪਣੇ ਵਾਲਾਂ ਦੀ ਦੇਖਭਾਲ ਤੋਂ ਇਲਾਵਾ ਸਿਦਕਦੀਪ ਅਪਣਾ ਸਮਾਂ ਪੜ੍ਹਾਈ ਕਰਨ, ਕਸਰਤ ਕਰਨ, ਪੜ੍ਹਨ ਅਤੇ ਵੀਡੀਉ ਗੇਮਾਂ ਖੇਡਣ ’ਚ ਬਿਤਾਉਂਦਾ ਹੈ।
ਉਹ ਇਕ ਰੀਕਾਰਡ ਧਾਰਕ ਵਜੋਂ ਮਾਨਤਾ ਪ੍ਰਾਪਤ ਹੋਣ ’ਤੇ ਖੁਸ਼ ਹੈ। ਉਸ ਨੇ ਕਿਹਾ, ‘‘ਜਦੋਂ ਮੈਂ ਲੋਕਾਂ ਨੂੰ ਅਪਣੇ ਰੀਕਾਰਡ ਬਾਰੇ ਦਸਿਆ, ਤਾਂ ਉਨ੍ਹਾਂ ’ਚੋਂ ਜ਼ਿਆਦਾਤਰ ਮੇਰੇ ਲਈ ਖੁਸ਼ ਸਨ। ਕੁਝ ਹੱਸ ਵੀ ਪਏ। ਪਰ ਅੰਤ ’ਚ ਵਿਸ਼ਵ ਰੀਕਾਰਡ ਕਿਸ ਕੋਲ ਹੈ।’’
ਗਿਨੀਜ਼ ਵਰਲਡ ਰੀਕਾਰਡਸ ਦੀ ਵੈੱਬਸਾਈਟ ਅਨੁਸਾਰ, ਕਿਸੇ ਨਾਬਾਲਗ ਦੇ ਸਭ ਤੋਂ ਲੰਮੇ ਵਾਲਾਂ ਦਾ ਪਿਛਲਾ ਰੀਕਾਰਡ 200 ਸੈਂਟੀਮੀਟਰ (6 ਫੁੱਟ 6 ਇੰਚ) ਸੀ, ਜੋ ਸਾਥੀ ਭਾਰਤੀ ਨੀਲਾਂਸ਼ੀ ਪਟੇਲ ਦੇ ਨਾਂ ’ਤੇ ਸੀ। ਉਸ ਨੇ ਆਖਰਕਾਰ 2021 ’ਚ ਅਪਣੇ ਵਾਲ ਕੱਟ ਦਿਤੇ ਅਤੇ ਇਨ੍ਹਾਂ ਨੂੰ ਇਕ ਅਜਾਇਬ ਘਰ ਨੂੰ ਦਾਨ ਕਰ ਦਿਤਾ।
ਇਸ ਵੇਲੇ, ਕਿਸੇ ਵੀ ਜ਼ਿੰਦਾ ਬੰਦੇ ਦੇ ਨਾਂ ਸਭ ਤੋਂ ਲੰਮੇ ਵਾਲਾਂ ਦਾ ਰੀਕਾਰਡ ਨਹੀਂ ਹੈ, ਇਸ ਲਈ ਸਿਦਕਦੀਪ 18 ਸਾਲਾਂ ਦਾ ਹੋਣ ’ਤੇ ਇਹ ਖਿਤਾਬ ਲੈਣ ਲਈ ਤਿਆਰ ਹੈ।