Panthak News: ਦੇਸ਼ ਵਿਦੇਸ਼ ਵਿਚ ਸਿੱਖਾਂ ਦੇ ਹੋ ਰਹੇ ਕਤਲਾਂ ਵਿਰੁਧ ਰਾਸ਼ਟਰਪਤੀ ਨੂੰ ਮਿਲਾਂਗੇ : ਇਮਾਨ ਸਿੰਘ ਮਾਨ
Panthak News: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅੰਤਰਰਾਸ਼ਟਰੀ ਦਿਵਸ ਮੌਕੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਕਾਨਫ਼ਰੰਸ ਕਰਵਾਈ ਗਈ। ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਲੋਕ ਸਭਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਮਖ਼ਿਆਲੀ ਪੰਥਕ ਦਲਾਂ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਨੀਤੀ ਘੜਨੀ ਚਾਹੀਦੀ ਹੈ , ਤਾਂ ਜੋ ਆ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤੀਆਂ ਜਾ ਸਕਣ ਜੋ ਬੇਹੱਦ ਦੇਰੀ ਬਾਅਦ ਹੋ ਰਹੀਆਂ ਹਨ।
ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਦੇਸ਼ ਵਿਦੇਸ਼ ਵਿਚ ਮਿਥ ਕੇ ਸਿੱਖ ਕਤਲ ਹੋ ਰਹੇ ਹਨ। ਇਸ ਵਿਰੁਧ ਰਾਸ਼ਟਰਪਤੀ ਨੂੰ ਯਾਦ ਪੱਤਰ ਸੌਂਪਿਆ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਵਿਰਾਸਤੀ ਮਾਰਗ ਵਿਖੇ ਵਿਸ਼ਾਲ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
ਗੱਲਬਾਤ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਸਾਡੇ ਨਾਲ ਕੀ ਹੋਇਆ ਹੈ ਕਿਉਂਕਿ ਅਸੀਂ ਅਪਣੀਆਂ ਚੋਣਾਂ ਕਰਵਾਉਣ ਦੇ ਯੋਗ ਨਹੀਂ ਹਾਂ ਤੇ ਨਾ ਹੀ ਅਪਣੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਸਕੇ ਹਾਂ। ਅਸੀਂ ਅਪਣੀਆਂ ਜ਼ਮੀਰਾਂ ਗੁਆ ਚੁੱਕੇ ਹਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਗ਼ੁਲਾਮੀ ਨੂੰ ਸਵੀਕਾਰ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਅਪਣੇ ਆਪ ਨੂੰ ਅਸੀਂ ਸਿਰਫ਼ ਵੋਟਿੰਗ ਪ੍ਰਣਾਲੀ ਰਾਹੀਂ ਹੀ ਆਜ਼ਾਦ ਕਰ ਸਕਦੇ ਹਾਂ ਅਤੇ ਅਪਣੇ ਗੁਰਧਾਮਾਂ ਨੂੰ ਆਜ਼ਾਦ ਕਰਵਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਹਾ ਹੈ ਕਿ ਅਸੀਂ ਅਪਣੇ ਵਿਰੋਧੀਆਂ ਨੂੰ ਦੁਨੀਆਂ ਵਿਚ ਕਿਤੇ ਵੀ ਮਾਰ ਸਕਦੇ ਹਾਂ। ਇਸੇ ਨੀਤੀ ਅਨੁਸਾਰ ਹਰਦੀਪ ਸਿੰਘ ਨਿੱਝਰ, ਅਵਤਾਰ ਸਿੰਘ ਖੰਡਾ ਨੂੰ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਸਵੀਰਾਂ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
ਇਮਾਨ ਸਿੰਘ ਮਾਨ ਨੇ ਗੁਰੂ ਸਾਹਿਬ ਅਤੇ ਸਿੰਘ ਸਭਾ ਲਹਿਰ ਦੇ ਇਤਿਹਾਸ ਬਾਰੇ ਦਸਦਿਆਂ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਭੁੱਲ ਗਏ ਹਾਂ। ਸਿੱਖਾਂ ਨਾਲ ਬਹੁਤ ਸਾਰੀਆਂ ਬੇਇਨਸਾਫ਼ੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ 328 ਲਾਪਤਾ ਪਾਵਨ ਸਰੂਪਾਂ ਲਈ ਸਿੱਖ ਜੁਡੀਸ਼ੀਅਲ ਕਮਿਸ਼ਨ ਕੋਲ ਪਟੀਸ਼ਨ ਦਾਖ਼ਲ ਕੀਤੀ ਹੈ। ਪਰ ਕੋਈ ਨਿਆਂ ਦਾ ਰਾਹ ਨਹੀਂ ਮਿਲ ਰਿਹਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਹੋਏ 18 ਸਾਲ ਬੀਤ ਚੁੱਕੇ ਹਨ ਅਤੇ ਸਾਨੂੰ ਧਾਰਾ 87 ਵਿਚ ਸੋਧ ਕਰਨ ਦੀ ਲੋੜ ਹੈ ਕਿਉਂਕਿ ਸਾਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਰਕਾਰ ਦੇ ਹੱਥਾਂ ਵਿਚੋਂ ਲੈਣ ਅਤੇ ਵੋਟਿੰਗ ਪ੍ਰਣਾਲੀ ਸਥਾਪਤ ਕਰਨ ਦੀ ਲੋੜ ਹੈ। ਇਸ ਨਾਲ ਹੀ ਉਨ੍ਹਾਂ ਕੈਨੇਡਾ ਅਤੇ ਅਮਰੀਕਾ ਦੇ ਝੰਡੇ ਵੀ ਬੁਲੰਦ ਕੀਤੇ ਅਤੇ ਕੈਨੇਡਾ ਅਤੇ ਜਸਟਿਨ ਟਰੂਡੋ ਦੇ ਨਾਂ ’ਤੇ ਹਰਦੀਪ ਸਿੰਘ ਨਿੱਝਰ ਦੀ ਜਾਂਚ ਸ਼ੁਰੂ ਕਰਨ ਦੇ ਨਾਲ-ਨਾਲ ਅਮਰੀਕਾ ਸਰਕਾਰ ਦਾ ਧਨਵਾਦ ਵੀ ਕੀਤਾ।
ਪਲਵਿੰਦਰ ਸਿੰਘ ਤਲਵਾੜਾ ਪ੍ਰਧਾਨ ਜਥੇਬੰਦੀ (ਵਾਰਸ ਪੰਜਾਬ ਦੇ ਦੀਪ ਸਿੱਧੂ) ਨੇ ਕਿਹਾ ਕਿ ਸਾਨੂੰ ਸਿਮਰਨਜੀਤ ਸਿੰਘ ਮਾਨ ਦਾ ਧਾਰਮਕ ਅਤੇ ਸਿਆਸੀ ਤੌਰ ’ਤੇ ਸਮਰਥਨ ਕਰਨ ਦੀ ਲੋੜ ਹੈ ਕਿਉਂਕਿ ਉਹ ਸਿਰਫ਼ ਸਿੱਖਾਂ ਦੇ ਲੋਕਤੰਤਰ ਦੀ ਬਹਾਲੀ ਲਈ ਲੜ ਰਹੇ ਹਨ।
ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ 1925 ਦੇ ਗੁਰਦੁਆਰਾ ਐਕਟ ਵਿਚ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਰ ਪੰਜ ਸਾਲ ਬਾਅਦ ਹੋਣਗੀਆਂ । ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਤਾਂ ਸਿੱਖ ਕੌਮ ਗ਼ੁਲਾਮ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਚਾਹੁੰਦੇ ਹਨ ਕਿ ਸ਼੍ਰੋਮਣੀ ਕਮੇਟੀ ਚੋਣਾਂ ਹੋਣ ਤਾਂ ਘੱਟੋ-ਘੱਟ ਚੋਣਾਂ ਲਈ ਹੀ ਇਕਜੁਟ ਹੋ ਜਾਣ।