
ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਸੱਜਣ ਕੁਮਾਰ ਵਿਰੁਧ ਚਸ਼ਮਦੀਦ ਗਵਾਹ ਰਹੀ ਬੀਬੀ ਨਿਰਪ੍ਰੀਤ ਕੌਰ ਨੇ ਭਾਰਤ ਸਰਕਾਰ ਦੇ ਸਰਬਉੱਚ ਜੱਜ ਨੂੰ ਚਿੱਠੀ ਲਿਖ.......
ਨਵੀਂ ਦਿੱਲੀ : ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਸੱਜਣ ਕੁਮਾਰ ਵਿਰੁਧ ਚਸ਼ਮਦੀਦ ਗਵਾਹ ਰਹੀ ਬੀਬੀ ਨਿਰਪ੍ਰੀਤ ਕੌਰ ਨੇ ਭਾਰਤ ਸਰਕਾਰ ਦੇ ਸਰਬਉੱਚ ਜੱਜ ਨੂੰ ਚਿੱਠੀ ਲਿਖ ਕੇ, ਤੇ ਇਸ ਦੀਆਂ ਕਾਪੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਭੇਜ ਕੇ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਮਰਨ ਪਿਛੋਂ 'ਭਾਰਤ ਰਤਨ' ਵਾਪਸ ਲੈਣ ਦੀ ਮੰਗ ਕਰਦਿਆਂ ਯੂਨੀਵਰਸਟੀਆਂ, ਸਰਕਾਰੀ ਸਕੀਮਾਂ ਤੇ ਹੋਰ ਅਦਾਰਿਆਂ ਤੋਂ ਵੀ ਗਾਂਧੀ ਦਾ ਨਾਂਅ ਹਟਾਉਣ ਦੀ ਮੰਗ ਕੀਤੀ ਹੈ। ਬੀਬੀ ਨਿਰਪ੍ਰੀਤ ਕੌਰ ਜੋ ਜਸਟਿਸ ਫ਼ਾਰ ਵਿਕਟਿਮ ਆਰਗੇਨਾਈਜ਼ੇਸ਼ਨ ਦੀ ਚੇਅਰਪਰਸਨ ਵੀ ਹਨ,
ਨੇ ਜਥੇਬੰਦੀ ਵਲੋਂ ਭਾਰਤ ਦੇ ਚੀਫ਼ ਜਸਟਿਸ ਨੂੰ ਲਿਖੀ ਚਿੱਠੀ ਵਿਚ ਪਿਛਲੇ ਸਾਲ 17 ਦਸੰਬਰ ਨੂੰ ਦਿੱਲੀ ਹਾਈ ਕੋਰਟ ਵਲੋਂ ਸਿੱਖ ਕਤਲੇਆਮ ਦੇ ਦੋਸ਼ੀ ਤੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਹਵਾਲਾ ਦਿਤਾ ਹੈ ਜਿਸ ਵਿਚ ਅਦਾਲਤ ਨੇ ਦੋਸ਼ੀਆਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੋਣ ਦੀ ਗੱਲ ਮੰਨੀ ਹੈ। ਬੀਬੀ ਨੇ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਦਾ ਹਵਾਲਾ ਦਿੰਦਿਆਂ ਕਿਹਾ, 'ਸੜਕਾਂ, ਸਟੇਡੀਅਮਾਂ, ਸਨਮਾਨਾਂ, ਹਵਾਈ ਅੱਡਿਆਂ, ਸਕੀਮਾਂ 'ਤੇ ਇਨ੍ਹਾਂ ਹਸਤੀਆਂ ਦੇ ਨਾਂਅ ਨਾ ਸਿਰਫ਼ ਇਨ੍ਹਾਂ ਨੂੰ ਹੀਰੋ ਬਣਾਉਂਦਾ ਹੈ,
ਬਲਕਿ ਇਸ ਨਾਲ ਵਿਧਵਾਵਾਂ, ਯਤੀਮ ਬੱਚਿਆਂ, ਪੀੜਤਾਂ ਤੇ ਉਨ੍ਹਾਂ ਸਾਰੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਭੁੱਕਿਆ ਜਾਂਦਾ ਹੈ ਜਿਨ੍ਹਾਂ ਕਤਲੇਆਮ ਹੰਢਾਇਆ ਤੇ ਸਾੜੇ ਗਏ। ਇਸ ਲਈ ਤੁਰਤ ਇਨ੍ਹਾਂ ਦਾ 'ਭਾਰਤ ਰਤਨ' ਵਾਪਸ ਲੈਣ ਲਈ ਸਬੰਧਤ ਮਹਿਕਮੇ ਨੂੰ ਹੁਕਮ ਦਿਤੇ ਜਾਣ ਤੇ ਇਨ੍ਹਾਂ ਦੇ ਨਾਂਅ ਹਟਾਏ ਜਾਣ। ਬੀਬੀ ਨਿਰਪ੍ਰੀਤ ਕੌਰ ਨੇ 'ਸਪੋਕਸਮੈਨ' ਨੂੰ ਦਸਿਆ, “ਭਾਵੇਂ ਰਾਜੀਵ ਗਾਂਧੀ ਜਹਾਨੋਂ ਕੂਚ ਕਰ ਚੁਕਿਆ ਹੈ, ਪਰ ਸਿੱਖਾਂ ਨੂੰ ਖ਼ਤਮ ਕਰਨ ਦੇ ਉਸ ਦੇ ਕਾਰੇ ਨਸ਼ਰ ਹੋ ਚੁਕੇ ਹਨ, ਇਸ ਲਈ ਇਹ 'ਭਾਰਤ ਰਤਨ' ਦੇ ਹੱਕਦਾਰ ਨਹੀਂ।''