
ਚੀਫ਼ ਖ਼ਾਲਸਾ ਦੀਵਾਨ ਚੋਣ
ਇਕ ਉਮੀਦਵਾਰ ਨੇ ਅਪਣੀ ਜ਼ਮੀਨ ਦੀਵਾਨ ਨੂੰ ਸੋਨੇ ਦੇ ਭਾਅ ਵੇਚੀ ਤੇ ਵਿਦਿਆਰਥਣਾਂ ਨੂੰ ਨਰਕ ਵਿਖਾ ਦਿਤਾ
ਤਰਨਤਾਰਨ, 16 ਮਾਰਚ (ਚਰਨਜੀਤ ਸਿੰਘ): ਚੀਫ਼ ਖ਼ਾਲਸਾ ਦੀਵਾਨ ਦੀ 25 ਮਾਰਚ ਨੂੰ ਹੋਣ ਜਾ ਰਹੀ ਚੋਣ ਤੋਂ ਪਹਿਲਾਂ ਜੋ ਸੱਚ ਸਾਹਮਣੇ ਆ ਰਿਹਾ ਹੈ, ਉਸ ਨੇ ਹਰ ਸ਼ਰਧਾਵਾਨ ਸਿੱਖ ਨੂੰ ਇਹ ਸੋਚਣ ਤੇ ਮਜਬੂਰ ਕਰ ਦਿਤਾ ਹੈ ਕਿ ਇਸ ਸੰਸਥਾ ਦੀ ਹਾਲਤ ਵੀ ਬਾਕੀ ਸੰਸਥਾਵਾਂ ਤੋਂ ਵਖਰੀ ਨਹੀਂ ਹੈ। ਦੀਵਾਨ ਦੇ ਮੈਂਬਰਾਂ ਵਿਚ ਕਦੇ ਗੁਰਸਿੱਖੀ ਜੀਵਨ ਜਾਚ ਜੋ ਦੀਵਾਨ ਦੇ ਮੈਂਬਰਾਂ ਹੋਣ ਦੀ ਪਹਿਲੀ ਸ਼ਰਤ ਹੈ, ਉਹ ਮਨਫ਼ੀ ਹੋ ਜਾਂਦੀ ਹੈ ਤੇ ਕਦੇ ਇਹ ਮੈਂਬਰ ਦੀਵਾਨ ਨੂੰ ਇਕ ਕਲਬ ਦੀ ਤਰਜ ਤੇ ਚਲਾਉਂਦੇ ਨਜ਼ਰ ਆਉਂਦੇ ਹਨ ਜਿਥੋਂ ਇਹ ਲੋਕ ਲਾਭ ਲੈ ਸਕਣ। ਜਾਣਕਾਰੀ ਮੁਤਾਬਕ ਦੀਵਾਨ ਦੇ ਅਹੁਦੇਦਾਰ ਦੀ ਚੋਣ ਲੜ ਰਹੇ ਇਕ ਸੱਜਣ ਨੇ ਅਪਣੀ ਨਕਾਰਾ ਜ਼ਮੀਨ ਜੋ ਕੋਡੀਆਂ ਦੇ ਭਾਅ ਲਈ ਸੀ, ਨੂੰ ਸੋਨੇ ਦੇ ਭਾਅ ਤੇ ਦੀਵਾਨ ਨੂੰ ਮੜ ਦੇ ਦਿਤੀ ਜੋ ਸਿੱਧੇ ਤੌਰ 'ਤੇ ਦੀਵਾਨ ਦੇ ਹੀ ਵਿਧਾਨ ਦੀ ਉਲੰਘਣਾ ਹੈ।
ਭਰਾੜੀਵਾਲ ਦੇ ਕੂੜਾ ਡੰਪ ਦੇ ਨਾਲ ਸਥਿਤ ਕਰੀਬ ਦੋ ਏਕੜ ਜ਼ਮੀਨ 'ਤੇ ਦੀਵਾਨ ਨੇ ਚਰਨਜੀਤ ਸਿੰਘ ਚੱਢਾ ਦੇ ਪ੍ਰਧਾਨਗੀ ਕਾਲ ਵਿਚ ਨਰਸਿੰਗ ਟ੍ਰੇਨਿੰਗ ਲਈ ਇਕ ਕਾਲਜ ਖੋਲ੍ਹਿਆ ਗਿਆ। ਇਸ ਕਾਲਜ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪੜ੍ਹਣ ਵਾਲੀਆਂ ਵਿਦਿਆਰਥਣਾਂ ਨੂੰ ਜ਼ਿੰਦਗੀ ਜੀਉਣ ਲਈ ਜੋ ਜਦੋਜਹਿਦ ਕਰਨੀ ਪੈਂਦੀ ਹੈ, ਉਹ ਸ਼ਬਦਾਂ ਵਿਚ ਬਿਆਨ ਕਰਨੀ ਔਖੀ ਹੈ। ਅਪਣਾ ਨਾਂ ਨਾ ਛਾਪੇ ਜਾਣ ਦੀ ਸ਼ਰਤ 'ਤੇ ਵਿਦਿਆਰਥਣਾਂ ਨੇ ਦਸਿਆ ਕਿ ਸਾਰਾ ਦਿਨ ਬਦਬੂ ਕਾਰਨ ਇਸ ਥਾਂ 'ਤੇ ਰਹਿਣਾ ਮੁਹਾਲ ਹੈ। ਰਾਤ ਨੂੰ ਹੋਸਟਲ ਵਿਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਇਸ ਜ਼ਮੀਨ 'ਤੇ ਬਣੇ ਕਾਲਜ ਦਾ ਵਿਦਿਆਰਥਣਾਂ ਨੂੰ ਕੋਈ ਲਾਭ ਹੋਇਆ ਹੋਵੇ ਜਾਂ ਨਹੀ ਪਰ ਮੈਂਬਰਾਂ ਨੂੰ ਇਸ ਦਾ ਭਰਪੂਰ ਲਾਭ ਹਾਸਲ ਹੋਇਆ ਹੈ।