
ਪਾਕਿ: ਅਨੰਦ ਮੈਰਿਜ ਐਕਟ ਲਾਗੂ ਹੋਣਾ ਸਿੱਖਾਂ ਲਈ ਤਸੱਲੀ ਦੀ ਗੱਲ: ਸਰਨਾ
ਨਵੀਂ ਦਿੱਲੀ, 16 ਮਾਰਚ (ਅਮਨਦੀਪ ਸਿੰਘ): ਪਾਕਿਸਤਾਨ ਵਿਖੇ ਅਨੰਦ ਮੈਰਿਜ ਐਕਟ ਪਾਸ ਹੋਣ 'ਤੇ ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਾਕਿਸਤਾਨ ਦੇ ਸਿੱਖਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਵਖਰਾ ਅਨੰਦ ਮੈਰਿਜ ਐਕਟ ਪਾਸ ਹੋਣਾ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ ਵਲੋਂ ਸਿੱਖਾਂ ਵਾਸਤੇ ਵਖਰੇ ਵਿਆਹ ਕਾਨੂੰਨ ਨੂੰ ਪਾਸ ਕਰ ਦੇਣ ਪਿੱਛੋਂ ਭਾਰਤ ਪਿਛੋਂ ਪਾਕਿਸਤਾਨ ਪਹਿਲਾਂ ਅਜਿਹਾ ਦੇਸ਼ ਬਣ ਗਿਆ ਹੈ ਜਿਥੇ ਸਿੱਖਾਂ ਲਈ
ਵਖਰਾ ਵਿਆਹ ਕਾਨੂੰਨ ਕਾਇਮ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਇਕ ਦਹਾਕੇ ਤੋਂ ਲਹਿੰਦੇ ਪੰਜਾਬ ਵਿਚ ਆਨੰਦ ਮੈਰਿਜ ਐਕਟ ਅਮਲ ਵਿਚ ਲਿਆਉਣ ਲਈ ਯਤਨ ਕਰ ਰਹੇ ਸਨ ਜਿਸ ਕਰ ਕੇ ਹੁਣ ਸਿੱਖ ਅਪਣੇ ਵਿਆਹ ਤੇ ਹੋਰ ਮਸਲਿਆਂ ਦਾ ਨਬੇੜਾ ਆਨੰਦ ਮੈਰਿਜ ਐਕਟ ਰਾਹੀਂ ਕਰ ਸਕਣਗੇ। ਸ. ਸਰਨਾ ਨੇ ਦਸਿਆ ਕਿ ਜਦ ਪਾਕਿਸਤਾਨ ਦੇ ਸਿੱਖਾਂ ਨੇ ਆਨੰਦ ਮੈਰਿਜ ਐਕਟ ਲਈ ਲੋੜੀਂਦੀ ਮਦਦ ਮੰਗੀ ਸੀ ਤਾਂ ਉਨ੍ਹਾਂ ਸਿੱਖ ਵਿਦਵਾਨਾਂ ਵਲੋਂ ਤਿਆਰ ਕੀਤੇ ਗਏ ਆਨੰਦ ਮੈਰਿਜ ਐਕਟ ਦਾ ਖਰੜਾ ਪਾਕਿਸਤਾਨ ਸਰਕਾਰ ਨੂੰ ਭੇਜ ਦਿਤਾ ਸੀ, ਉਸੇ ਨੂੰ ਹੁਣ ਕਾਨੂੰਨ ਦਾ ਰੂਪ ਦੇ ਦਿਤਾ ਗਿਆ ਹੈ ਜਿਸ ਲਈ ਉਹ ਵਿਦਵਾਨਾਂ ਸਣੇ ਪਾਕਿਸਤਾਨ ਸਰਕਾਰ ਦੇ ਵੀ ਧਨਵਾਦੀ ਹਨ।