'ਜਥੇਦਾਰਾਂ' ਨੇ ਹੀ ਬਾਦਲ ਪਿਉ-ਪੁੱਤਰ ਨੂੰ ਲਿਆਂਦਾ ਕਟਹਿਰੇ ਵਿਚ
ਕੋਟਕਪੂਰਾ : ਤਖ਼ਤ ਦਮਦਮਾ ਸਾਹਿਬ ਦੇ ਤਤਕਾਲੀਨ ਜਥੇਦਾਰ ਗਿਆਨੀ ਗੁਰਮੁਖ ਸਿੰਘ ਵਲੋਂ ਬਕਾਇਦਾ ਪ੍ਰੈਸ ਕਾਨਫ਼ਰੰਸ ਕਰ ਕੇ ਬਾਦਲਾਂ ਵਲੋਂ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦੇਣ ਦੇ ਪਾਏ ਗਏ ਦਬਾਅ ਬਾਰੇ ਪ੍ਰਗਟਾਵਾ ਕਰਨ ਅਤੇ ਉਸ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਪਟਨਾ ਸਾਹਿਬ ਦੇ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਭੇਜੇ ਲਿਖਤੀ ਪੱਤਰ ਦੇ ਆਧਾਰ 'ਤੇ ਸੌਦਾ ਸਾਧ ਨੂੰ ਬਿਨ ਮੰਗੇ ਮਾਫ਼ੀ ਦੇਣ ਦੇ ਮਾਮਲੇ 'ਚ ਬਾਦਲ ਪਿਉ-ਪੁੱਤ ਫਸਦੇ ਨਜ਼ਰ ਆ ਰਹੇ ਹਨ। ਅਕਾਲ ਤਖ਼ਤ ਤੋਂ ਸੌਦਾ ਸਾਧ ਨੂੰ ਮਾਫ਼ੀ ਦੇਣ ਦੇ ਮਾਮਲੇ ਨੇ ਇਕ ਵਾਰ ਫਿਰ ਤੂਲ ਫੜ ਲਈ ਹੈ।
ਦਰਅਸਲ ਅਕਤੂਬਰ 2015 'ਚ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ (ਸਿੱਟ) ਦੀ ਚਾਰਜਸ਼ੀਟ 'ਚ ਵੱਡਾ ਪ੍ਰਗਟਾਵਾ ਹੋਇਆ ਹੈ। ਉਕਤ ਚਾਰਜਸ਼ੀਟ 'ਚ ਸ਼ਾਮਲ ਗਿਆਨੀ ਇਕਬਾਲ ਸਿੰਘ ਪਟਨਾ ਦੇ ਪੱਤਰ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਧਾਰਨ ਕਰਨ ਦੇ ਮਾਮਲੇ 'ਚ ਸੌਦਾ ਸਾਧ ਨੂੰ ਮਾਫ਼ੀ ਦਿਵਾਉਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਅਰਥਾਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਬਾਅ ਕਾਰਨ ਸੌਦਾ ਸਾਧ ਨੂੰ ਤਖ਼ਤਾਂ ਦੇ 'ਜਥੇਦਾਰਾਂ' ਵਲੋਂ ਮਾਫ਼ੀ ਦਿਤੀ ਗਈ।
'ਐਸਆਈਟੀ' ਗੋਲੀਕਾਂਡ ਦੀਆਂ ਘਟਨਾਵਾਂ ਨੂੰ ਅਕਾਲ ਤਖ਼ਤ ਤੋਂ ਸੌਦਾ ਸਾਧ ਨੂੰ ਮਿਲੀ ਮਾਫ਼ੀ ਨਾਲ ਜੋੜ ਰਹੀ ਹੈ ਤੇ ਜਾਂਚ ਟੀਮ ਵਲੋਂ ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਸੌਦਾ ਸਾਧ ਕੋਲੋਂ ਪੁਛਗਿਛ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਟ ਨੇ ਫ਼ਰੀਦਕੋਟ ਦੀ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਿਸ ਵਿਚ ਗਿਆਨੀ ਇਕਬਾਲ ਸਿੰਘ ਦੇ ਇਕ ਪੱਤਰ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਗਿਆਨੀ ਇਕਬਾਲ ਸਿੰਘ ਨੇ ਸਿਟ ਦੇ ਪ੍ਰਮੁੱਖ ਮੈਂਬਰ ਆਈ.ਜੀ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਲਿਖਿਆ ਸੀ ਜਿਸ ਵਿਚ ਉਨ੍ਹਾਂ 24 ਸਤੰਬਰ 2015 ਨੂੰ ਅਕਾਲ ਤਖ਼ਤ ਸਾਹਿਬ 'ਤੇ ਸੌਦਾ ਸਾਧ ਨੂੰ ਮਾਫ਼ੀ ਦੇਣ ਦਾ ਪੂਰਾ ਮਾਮਲਾ ਉਜਾਗਰ ਕੀਤਾ ਸੀ।
ਚਾਰਜਸ਼ੀਟ 'ਚ ਸ਼ਾਮਲ ਇਸ 7 ਪੰਨਿਆਂ ਦੀ ਚਿੱਠੀ 'ਚ ਗਿਆਨੀ ਇਕਬਾਲ ਸਿੰਘ ਨੇ ਲਿਖਿਆ ਹੈ ਕਿ 23 ਸਤੰਬਰ 2015 ਨੂੰ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੱਦੇ 'ਤੇ ਅੰਮ੍ਰਿਤਸਰ ਪੁੱਜੇ ਸੀ, ਉਨ੍ਹਾਂ ਨੂੰ ਮੀਟਿੰਗ ਦਾ ਵਿਸ਼ਾ ਨਹੀਂ ਦੱਸਿਆ ਗਿਆ ਸੀ, ਜਦੋਂ ਉਨ੍ਹਾਂ ਨੂੰ ਮੀਟਿੰਗ ਦਾ ਵਿਸ਼ਾ ਪਤਾ ਲੱਗਾ ਤਾਂ ਉਨ੍ਹਾਂ ਸੌਦਾ ਸਾਧ ਨੂੰ ਮਾਫ਼ੀ ਦੇਣ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਦੇ ਵਾਰ-ਵਾਰ ਵਿਰੋਧ ਕਰਨ 'ਤੇ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਸੌਦਾ ਸਾਧ ਨੂੰ ਮਾਫ਼ੀ ਦੇਣੀ ਹੀ ਪਏਗੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਇੱਛਾ ਪ੍ਰਗਟਾਈ ਹੈ।
ਚਿੱਠੀ 'ਚ ਗਿਆਨੀ ਇਕਬਾਲ ਸਿੰਘ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਮਾਫ਼ੀਨਾਮੇ ਲਈ ਡੇਰਾ ਮੁਖੀ ਦੀ ਚਿੱਠੀ ਮੰਗੀ ਤਾਂ ਉਸ 'ਚ ਮਾਫ਼ੀ ਵਰਗੀ ਕੋਈ ਗੱਲ ਨਹੀਂ ਸੀ ਤੇ ਇਸ ਗੱਲ ਦਾ ਵੀ ਉਨ੍ਹਾਂ ਵਿਰੋਧ ਕੀਤਾ ਸੀ। ਉਨ੍ਹਾਂ ਦੇ ਵਿਰੋਧ ਕਰਨ ਤੋਂ ਬਾਅਦ ਚਿੱਠੀ 'ਚ ਖ਼ੁਦ ਹੀ 'ਖ਼ਿਮਾ ਯਾਚਨਾ' ਸ਼ਬਦ ਜੋੜਿਆ ਗਿਆ ਸੀ ਤੇ ਧਮਕੀ ਦਿੰਦਿਆਂ ਜ਼ਬਰਦਸਤੀ ਉਨ੍ਹਾਂ ਕੋਲੋਂ ਦਸਤਖ਼ਤ ਕਰਵਾਏ ਗਏ। ਉਨ੍ਹਾਂ ਚਿੱਠੀ 'ਚ ਇਹ ਵੀ ਲਿਖਿਆ ਹੈ ਕਿ ਮਾਫ਼ੀਨਾਮੇ ਨੂੰ ਲੈ ਕੇ ਮੀਟਿੰਗ 'ਚ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਨੂੰ ਵਾਰ-ਵਾਰ ਸੁਖਬੀਰ ਬਾਦਲ ਦਾ ਫ਼ੋਨ ਆ ਰਿਹਾ ਸੀ।
ਗਿਆਨੀ ਇਕਬਾਲ ਸਿੰਘ ਨੇ ਇਥੋਂ ਤਕ ਦੋਸ਼ ਲਾਇਆ ਕਿ ਡੇਰਾ ਮੁਖੀ ਨੂੰ ਮਾਫ਼ੀ ਦੇਣ ਦੇ ਫ਼ੈਸਲੇ 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਦਲਜੀਤ ਸਿੰਘ ਚੀਮਾ ਦੀ ਵੀ ਅਹਿਮ ਭੂਮਿਕਾ ਰਹੀ। ਗਿਆਨੀ ਇਕਬਾਲ ਸਿੰਘ ਨੂੰ ਇਹ ਵੀ ਪਤਾ ਲੱਗਾ ਸੀ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਮਲ ਸਿੰਘ ਨੂੰ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰੀ ਨਿਵਾਸ ਬੁਲਾਇਆ ਗਿਆ ਸੀ। ਪਹਿਲਾਂ ਗਿਆਨੀ ਗੁਰਮੁਖ ਸਿੰਘ ਅਤੇ ਹੁਣ ਗਿਆਨੀ ਇਕਬਾਲ ਸਿੰਘ ਵਲੋਂ ਸੱਚਾ ਬਿਆਨ ਦੇਣ ਨਾਲ ਬਾਦਲਾਂ ਦੀਆਂ ਮੁਸੀਬਤਾਂ 'ਚ ਵਾਧਾ ਹੋਣਾ ਸੁਭਾਵਕ ਹੈ।