
ਜੀ.ਕੇ ਨੇ ਪਾਕਿ ਹਾਈ ਕਮਿਸ਼ਨ ਨੇੜੇ ਕੀਤਾ ਰੋਸ ਮੁਜ਼ਾਹਰਾ
ਨਵੀਂ ਦਿੱਲੀ (ਅਮਨਦੀਪ ਸਿੰਘ) : ਦਿੱਲੀ ਦੇ ਗੁਰਦਵਾਰਿਆਂ ਵਿਚ ਰੈਫ਼ਰੈਂਡਮ 2020 ਦੀ ਮੁਹਿੰਮ ਚਲਾਉਣ ਬਾਰੇ ਸਿੱਖਜ਼ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵਲੋਂ ਕੀਤੇ ਐਲਾਨ ਪਿਛੋਂ 'ਜਾਗੋ' ਪਾਰਟੀ ਨੇ ਦਿੱਲੀ ਵਿਖੇ ਪਾਕਿਸਤਾਨੀ ਹਾਈ ਕਮਿਸ਼ਨ ਸਾਹਮਣੇ ਰੋਸ ਮੁਜ਼ਾਹਰਾ ਕਰ ਕੇ ਪੰਨੂੰ ਤੇ ਆਈ ਐਸ ਆਈ ਦੇ ਪੁਤਲੇ ਫੂਕ ਕੇ ਰੋਸ ਪ੍ਰਗਟਾਇਆ।
Manjit singh Gk
ਜਾਗੋ ਨੇ ਰਾਏਸ਼ੁਮਾਰੀ ਦੇ ਨਾਂ ਹੇਠ ਸਿੱਖਾਂ ਨੂੰ ਗੁਮਰਾਹ ਕਰਨ ਤੇ ਵਰਗਲਾਉਣ ਦੇ ਦੋਸ਼ ਲਾਏ। 'ਜਾਗੋ' ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਪਣੇ ਹਮਾਇਤੀਆਂ ਨਾਲ ਪਾਕਿਸਤਾਨੀ ਹਾਈ ਕਮਿਸ਼ਨ ਕੋਲ ਚਾਣਕਿਆ ਪੁਰੀ ਵਿਖੇ ਕੂਚ ਕਰ ਰਹੇ ਸਨ ਪਰ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਰ ਕੇ ਕਿਸੇ ਨੂੰ ਵੀ ਹਾਈ ਕਮਿਸ਼ਨ ਨੇੜੇ ਨਹੀਂ ਜਾਣ ਦਿਤਾ।
Gurpatwant Singh Pannu
ਅਪਣੇ ਸੰਬੋਧਨ ਦੌਰਾਨ .ਜੀ.ਕੇ. ਨੇ ਪੰਨੂ 'ਤੇ ਚੀਨ ਅਤੇ ਪਾਕਿਸਤਾਨੀ ਏਜੰਸੀਆਂ ਕੋਲੋਂ ਫ਼ੰਡ ਲੈਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਦੇ ਸਹਿਯੋਗ ਨਾਲ ਅਮਰੀਕਾ ਤੋਂ ਸਿੱਖਜ਼ ਫਾਰ ਜਸਟਿਸ ਭਾਰਤ ਨੂੰ ਤੋੜਨ ਦੇ ਮਨਸੂਬੇ ਘੜ ਰਹੀ ਹੈ। ਇਸ ਨਾਲ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ। ਦਿੱਲੀ ਦੇ ਸਿੱਖ ਕਦੇ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਪੰਨੂ ਅਮਰੀਕਾ 'ਚ ਬੈਠ ਕੇ ਇਥੋਂ ਦੇ ਨੌਜਵਾਨਾਂ ਨੂੰ ਭੜਕਾਏ ਤੇ ਗੁਮਰਾਹ ਕਰੇ, ਉਸਦੀ ਕਿਸੇ ਵੀ ਮੁਹਿੰਮ ਨੂੰ ਦਿੱਲੀ ਵਿਚ ਨਹੀਂ ਚੱਲਣ ਦੇਵਾਂਗੇ।