
ਬਾਦਲਾਂ ਦੇ ਬੁਲਾਰੇ ਵਜੋਂ ਨਹੀਂ, ਸਗੋਂ ਸਿੱਖ ਪੰਥ ਦੇ ਨੁਮਾਇੰਦੇ ਵਜੋਂ ਪੇਸ਼ ਆਉੇਣ ਜਥੇਦਾਰ ਅਕਾਲ ਤਖ਼ਤ
ਨਵੀਂ ਦਿੱਲੀ (ਅਮਨਦੀਪ ਸਿੰਘ) : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਦਿਤੇ ਬਿਆਨ ਨੂੰ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਦਿੱਲੀ ਵਿਚਲੇ ਅਹੁਦੇਦਾਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਬਾਦਲਾਂ ਦੇ ਸਿਆਸੀ ਮੁਫ਼ਾਦਾਂ ਨੂੰ ਮੁੱਖ ਰੱਖ ਕੇ ਦਿਤਾ ਬਿਆਨ ਆਖਿਆ ਹੈ।
Akal Takht Sahib
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਦੇ ਲੋਕ ਸਿਆਸੀ, ਧਾਰਮਕ ਅਤੇ ਜਾਤ-ਪਾਤ ਦੇ ਵਖਰੇਵਿਆਂ ਤੋਂ ਉੱਤੇ ਉਠ ਕੇ ਦਿੱਲੀ ਦੇ ਵਿਰੋਧ ਵਿਚ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰ ਰਹੇ ਹਨ, ਅਜਿਹੇ ਵਿਚ ਜਥੇਦਾਰ ਅਕਾਲ ਤਖ਼ਤ ਦਾ ਬਿਆਨ ਬਾਦਲਾਂ ਦੇ ਸਿਆਸੀ ਹਿੱਤਾਂ ਨੂੰ ਪੂਰਨ ਵਾਲਾ ਹੈ।
Giani Harpreet Singh
ਕਿਸਾਨ ਮਾਰੂ ਕਾਲੇ ਕਾਨੂੰਨ ਸਿਰਫ਼ ਸਿੱਖਾਂ ਦਾ ਮਸਲਾ ਨਹੀਂ ਹਨ, ਸਗੋਂ ਇਸ ਕਾਨੂੰਨ ਕਰ ਕੇ ਸਮੁੱਚੀ ਪੰਜਾਬੀਅਤ ਕਿਸਾਨਾਂ ਦੇ ਹੱਕ ਵਿਚ ਇਕਮੁੱਠ ਹੋ ਚੁਕੀ ਹੈ। ਪਰ ਗਿਆਨੀ ਹਰਪ੍ਰੀਤ ਸਿੰਘ ਕੈਮਰਿਆਂ ਸਾਹਮਣੇ ਪਹਿਲਾਂ ਤੋਂ ਚੰਡੀਗੜ੍ਹੋਂ ਤਿਆਰ ਹੋ ਕੇ ਆਏ ਬਿਆਨ ਨੂੰ ਪੜ੍ਹ ਕੇ ਇਹ ਗ਼ਲਤ ਸੁਨੇਹਾ ਦੇਣ ਦੀ ਕੋਸ਼ਿਸ ਕਰ ਰਹੇ ਹਨ ਜਿਵੇਂ ਸਿੱਖ ਕੌਮ ਕਿਸਾਨੀ ਸੰਘਰਸ਼ ਦੀ ਹਮਾਇਤ ਨਹੀਂ ਕਰ ਰਹੀ ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ ਕੀਤੀ ਕਿ ਜਿਵੇਂ ਕਿਸਾਨੀ ਦਾ ਮਸਲਾ ਖ਼ਾਲਸ ਸਿੱਖ ਮਸਲਾ ਹੋਵੇ। ਇਸ ਤਰ੍ਹਾਂ ਜਥੇਦਾਰ ਜੀ ਨੂੰ ਕਿਸਾਨੀ ਸੰਘਰਸ਼ ਨੂੰ ਸਿੱਖ ਮਸਲੇ ਦੀ ਰੰਗਤ ਦੇ ਕੇ ਫ਼ਿਰਕੂ ਨਹੀਂ ਬਣਾਉਣਾ ਚਾਹੀਦਾ।
Sukhdev Singh Dhindsa
ਇਥੇ ਜਾਰੀ ਇਕ ਬਿਆਨ 'ਚ ਸੁਖਦੇਵ ਸਿੰਘ ਢੀਂਡਸਾ ਦੇ ਨੇੜਲੇ ਸ.ਬੰਨੀ ਜੌਲੀ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਜਦੋਂ ਨਿਰੋਲ ਪੰਥਕ ਮਸਲਿਆਂ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ 328 ਸਰੂਪਾਂ ਦੇ ਖ਼ੁਰਦ ਬੁਰਦ ਹੋਣ ਦਾ ਮਸਲਾ ਹੋਵੇ, 2015 ਵਿਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਿੱਖਾਂ 'ਤੇ ਪੁਲਿਸ ਗੋਲੀਬਾਰੀ ਕਰਨ ਦਾ ਮਸਲਾ ਹੋਵੇ ਜਾਂ ਗੁਰਦਵਾਰਾ ਗੋਲਕ ਨੂੰ ਅਖੌਤੀ ਖ਼ੁਰਦ ਬੁਰਦ ਕਰਨ ਦੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ 'ਤੇ ਸੰਗੀਨ ਦੋਸ਼ ਹੋਣ, ਇਨ੍ਹਾਂ ਸਾਰੇ ਹੀ ਮਸਲਿਆਂ ਬਾਰੇ ਜਥੇਦਾਰ ਮੌਨ ਹੋ ਕੇ ਕਿਉਂ ਰਹਿ ਜਾਂਦੇ ਹਨ? ਹੁਣ ਜਦੋਂ ਕਿਸਾਨੀ ਮਸਲਾ ਆਰਥਕ ਬਨਾਮ ਸਿਆਸੀ ਹੈ, ਤਾਂ ਕਿਉਂ ਜਥੇਦਾਰ ਬਾਦਲਾਂ ਦੇ ਘੜੇ ਬਿਆਨ ਪੜ੍ਹ ਕੇ ਗ਼ਲਤ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ?