
ਰੋਜ਼ਾਨਾ ਸਪੋਕਸਮੈਨ ਤੇ ਉੱਚਾ ਦਰ ਬਾਬਾ ਨਾਨਕ ਵਿਰੁਧ ਕੰਮ ਕਰਨ ਵਾਲੇ ਪੰਥਕ ਨਹੀਂ ਹੋ ਸਕਦੇ
Panthak News: ਸ੍ਰੀ ਫ਼ਤਿਹਗੜ੍ਹ ਸਾਹਿਬ: ਗੁਰੂ ਘਰ ਪ੍ਰਬੰਧ ਸੁਧਾਰ ਲਹਿਰ ਪੰਜਾਬ ਦੇ ਪ੍ਰਧਾਨ ਜਥੇਦਾਰ ਰਤਨ ਸਿੰਘ ਨੇ ਕਿਹਾ ਹੈ ਕਿ ਬਾਦਲ ਦਲ ਦੇ ਸ਼ਾਸਨਕਾਲ ਦੌਰਾਨ ਹੀ ਸਿੱਖੀ ਮਰਿਆਦਾਵਾਂ ਦਾ ਸੱਭ ਤੋਂ ਵੱਧ ਘਾਣ ਹੋਇਆ ਹੈ ਜਿਸ ਦਾ ਖ਼ਮਿਆਜ਼ਾ ਸਿੱਖ ਕੌਮ ਅੱਜ ਵੀ ਭੁਗਤ ਰਹੀ ਹੈ। ਇਥੇ ‘ਰੋਜ਼ਾਨਾ ਸਪੋਕਸਮੈਨ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਅਦਾਲਤ ਵਲੋਂ ਸਿੱਖ ਦੇ ਨਾਮ ਨਾਲ ਸਿੰਘ ਜਾਂ ਕੌਰ ਲਗਾਉਣ ਬਾਰੇ ਅਪਣੀ ਜਥੇਬੰਦੀ ਦੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ ਦੀ ਪ੍ਰਾਪਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਅਪਣੀ ਪਕੜ ਬਰਕਰਾਰ ਰੱਖਣ ਲਈ ਅਤੇ ਕੇਂਦਰ ਵਿਚ ਲੋਕ ਸਭਾ ਦੀ ਮੈਂਬਰੀ ਅਤੇ ਵਜ਼ਾਰਤ ਦੇ ਮੋਹ ਵਿਚ ਬਾਦਲ ਪ੍ਰਵਾਰ ਨੇ ਸਿੱਖ ਕੌਮ ਨੂੰ ਫ਼ਿਰਕਾਪ੍ਰਸਤੀ ਦੀ ਮਾਂ ਭਾਰਤੀ ਜਨਤਾ ਪਾਰਟੀ ਕੋਲ ਗਹਿਣੇ ਪਾ ਦਿਤਾ ਸੀ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਸੱਤਾ ਦੇ ਲਾਲਚ ਵਿਚ ਬਾਦਲ ਪ੍ਰਵਾਰ ਨੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਦਾ ਘੋਰ ਅਪਰਾਧ ਕੀਤਾ ਜਿਸ ਦੇ ਸਿੱਟੇ ਵਜੋਂ ਉਸੇ ਦਿਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਮੁਢ ਬੱਝ ਗਿਆ ਜੋ ਅੱਜ ਥੰਮਣ ਦਾ ਨਾਮ ਨਹੀਂ ਲੈ ਰਿਹਾ।
ਜਥੇਦਾਰ ਰਤਨ ਸਿੰਘ ਨੇ ਅੱਗੇ ਕਿਹਾ ਕਿ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਅੰਦੋਲਨ ਕਰ ਰਹੇ ਸਿੱਖ ਧਰਨਾਕਾਰੀਆਂ ਉਤੇ ਚਲੀ ਗੋਲੀਬਾਰੀ ਵਿਚ ਸ਼ਹੀਦ ਹੋਣ ਵਾਲਿਆਂ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲ ਰਿਹਾ। ਅਜਿਹੇ ਵਿਚ ਬਾਦਲ ਪ੍ਰਵਾਰ ਅਪਣੀ ਜ਼ਿੰਮੇਵਾਰੀ ਤੋਂ ਕਿਸੇ ਤਰ੍ਹਾਂ ਵੀ ਬਚ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਅੱਜ ਹਾਲਤ ਇਹ ਬਣ ਚੁੱਕੀ ਹੈ ਕਿ ਦੇਸ਼ ਦੀਆਂ ਅਦਾਲਤਾਂ ਵੀ ਸਿੱਖ ਧਰਮ ਵਿਚ ਦਖ਼ਲ ਦਿੰਦੇ ਹੋਏ ਅਪਣੇ ਫ਼ਤਵੇ ਦੇ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਖ਼ੁਸ਼ਾਮਦ ਪ੍ਰਸਤਾਂ ਕੋਲੋਂ ‘ਫ਼ਖ਼ਰ ਏ ਕੌਮ’ ਦਾ ਖ਼ਿਤਾਬ ਪ੍ਰਾਪਤ ਕਰ ਕੇ ਅਕਾਲੀ ਲਹਿਰ ਦੇ ਸਵ: ਮਾਸਟਰ ਤਾਰਾ ਸਿੰਘ ਅਤੇ ਖੜਕ ਸਿੰਘ ਵਰਗੇ ਕੌਮਪ੍ਰਸਤਾਂ ਦੀ ਸ਼ਾਨ ਵਿਚ ਗੁਸਤਾਖ਼ੀ ਕੀਤੀ ਹੈ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿਤਾ ਗਿਆ ‘ਫ਼ਖ਼ਰ ਏ ਕੌਮ’ ਦਾ ਖ਼ਿਤਾਬ ਵਾਪਸ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਤਾਕਤ ਦੇ ਨਸ਼ੇ ਵਿਚ ਬਾਦਲ ਸਰਕਾਰ ਨੇ ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਨੂੰ ਬੰਦ ਕਰਵਾਉਣ ਲਈ ਇਸ ਦੇ ਦਫ਼ਤਰਾਂ ਉਤੇ ਹਮਲੇ ਕੀਤੇ ਅਤੇ ਜਾਇਦਾਦ ਨੂੰ ਨੁਕਸਾਨ ਪੁਚਾਇਆ। ਇਹੀ ਨਹੀਂ ‘ਉੱਚਾ ਦਰ ਬਾਬਾ ਨਾਨਕ ਦਾ’ ਵਰਗੀ ਸੰਸਥਾ ਅਤੇ ਇਮਾਰਤ ਉਸਾਰ ਕੇ ਸਿੱਖ ਕੌਮ ਨੂੰ ਦੇਣ ਵਾਲੇ ਚੀਫ਼ ਐਡੀਟਰ ਸ. ਜੋਗਿੰਦਰ ਸਿੰਘ ਵਿਰੁਧ ਸ੍ਰੀ ਅਕਾਲ ਤਖ਼ਤ ਪਾਸੋਂ ਜ਼ਬਾਨੀ ਫ਼ਤਵਾ ਜਾਰੀ ਕਰਵਾਉਣ ਦੀਆਂ ਸ਼ਰਮਨਾਕ ਚਾਲਾਂ ਚਲੀਆਂ ਭਾਵੇਂ ਇਸ ਵਿਚ ਉਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਅਜਿਹੇ ਵਿਚ ਜੇਕਰ ਕੋਈ ਅਦਾਲਤ ਅਜਿਹਾ ਕਰਦੀ ਹੈ ਤਾਂ ਇਹ ਸੱਭ ਬਾਦਲ ਦਲ ਵਲੋਂ ਸਿੱਖੀ ਕਦਰਾਂ ਕੀਮਤਾਂ ਨੂੰ ਭਾਜਪਾ ਦੇ ਰਹਿਮ ਕਰਮ ’ਤੇ ਛੱਡਣ ਦਾ ਨਤੀਜਾ ਕਿਹਾ ਜਾ ਸਕਦਾ ਹੈ। ਜਥੇਦਾਰ ਰਤਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਕਾਰਜਵਾਹਕ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਸਬੰਧੀ ਦਿਤੇ ਗਏ ਬਿਆਨ ਦੀ ਪ੍ਰਸ਼ੰਸਾ ਕਰਦਿਆਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਉਹ ਢਿੱਲਮਠ ਨੇੜੇ ਨਾ ਆਉਣ ਦੇਣ। ਇਸ ਮੌਕੇ ਕਰਮਜੀਤ ਸਿੰਘ ਭੁੱਚੀ, ਜਗਤਾਰ ਸਿੰਘ ਸ਼ਹੀਦਗੜ੍ਹ ਅਤੇ ਗੁਰਮੀਤ ਸਿੰਘ ਗੰਢੂਆਂ ਵੀ ਮੌਜੂਦ ਸਨ।