
ਦਰਬਾਰ ਸਾਹਿਬ ਵਿਖੇ ਵਰਤੇ ਜਾਂਦੇ ਪਲਾਸਟਿਕ ਦੇ ਲਿਫ਼ਾਫ਼ੇ ਪਹਿਲੀ ਅਪ੍ਰੈਲ ਤੋਂ ਬੰਦ ਹੋ ਜਾਣਗੇ ਤੇ ਇਨ੍ਹਾਂ ਦੀ ਥਾਂ ਮੱਕੀ ਅਤੇ ਆਲੂਆਂ ਤੋਂ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਹੋਵੇਗੀ
ਅੰਮ੍ਰਿਤਸਰ, 15 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਦਰਬਾਰ ਸਾਹਿਬ ਵਿਖੇ ਵਰਤੇ ਜਾਂਦੇ ਪਲਾਸਟਿਕ ਦੇ ਲਿਫ਼ਾਫ਼ੇ ਪਹਿਲੀ ਅਪ੍ਰੈਲ ਤੋਂ ਬੰਦ ਹੋ ਜਾਣਗੇ ਅਤੇ ਇਨ੍ਹਾਂ ਦੀ ਥਾਂ ਮੱਕੀ ਅਤੇ ਆਲੂਆਂ ਤੋਂ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਹੋਵੇਗੀ। ਇਸ ਸਬੰਧ ਵਿਚ ਪੰਜਾਬ ਪ੍ਰਦੂਸ਼ਣ ਕੇਂਦਰ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਮੀਟਿੰਗ ਕੀਤੀ। ਪੰਨੂ ਨੇ ਦਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੂਬੇ ਅੰਦਰ ਪ੍ਰਦੂਸ਼ਣ ਦੇ ਖ਼ਾਤਮੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਦੀ ਤਾਜ਼ਾ ਕੋਸ਼ਿਸ਼ ਪੰਜਾਬ ਵਿਚੋਂ ਪਲਾਸਟਿਕ ਦੇ ਲਿਫ਼ਾਫ਼ੇ ਖ਼ਤਮ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਲਿਫ਼ਾਫ਼ਿਆਂ ਦੀ ਲੋੜ ਨੂੰ ਨਕਾਰਿਆਂ ਨਹੀਂ ਜਾ ਸਕਦਾ ਪਰ ਇਸ ਦੀ ਥਾਂ 'ਤੇ ਹੋਰ ਬਦਲ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਸਿਆ ਕਿ ਪਲਾਸਟਿਕ ਦੀ ਥਾਂ ਆਲੂ ਅਤੇ ਮੱਕੀ
ਤੋਂ ਤਿਆਰ ਕੀਤੇ ਗਏ ਗਲਣਸ਼ੀਲ ਲਿਫ਼ਾਫ਼ੇ ਚੰਗਾ ਬਦਲ ਹਨ। ਇਨ੍ਹਾਂ ਲਿਫ਼ਾਫ਼ਿਆਂ ਨੂੰ ਤਿਆਰ ਕਰਨ ਲਈ ਚਾਰ ਫ਼ਰਮਾਂ ਨਾਲ ਗੱਲ ਕੀਤੀ ਜਾ ਚੁੱਕੀ ਹੈ ਅਤੇ ਅਗਲੇ ਸਮੇਂ ਇਸ ਵਿਚ ਹੋਰ ਵਾਧਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਦੇ ਖ਼ਾਤਮੇ ਲਈ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਨਿਰੰਤਰ ਯਤਨਸ਼ੀਲ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਖ਼ਤਮ ਕਰਨ ਦੀ ਮੁਹਿੰੰਮ ਦਾ ਸਾਥ ਦਿਤਾ ਜਾਵੇਗਾ। ਜਾਣਕਾਰੀ ਅਨੁਸਾਰ ਦਰਬਾਰ ਸਾਹਿਬ ਵਿਖੇ 200 ਕੁਇੰਟਲ ਸਾਲਾਨਾ ਦੇ ਕਰੀਬ ਲਿਫ਼ਾਫ਼ਿਆਂ ਦੀ ਵਰਤੋਂ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਪਿੰਨੀ ਪ੍ਰਸ਼ਾਦ ਦੀ ਪੈਕਿੰਗ ਲਈ ਵੀ 65 ਕੁਇੰਟਲ ਦੇ ਲਗਭਗ ਲਿਫ਼ਾਫ਼ੇ ਵਰਤੇ ਜਾਂਦੇ ਹਨ।