
ਬਾਬਾ ਬੁੱਧ ਸਿੰਘ ਨੇ ਕਿਹਾ ਕਿ ਗਰੂ ਘਰ ਦਾ ਇਹ ਵਿਵਾਦ ਬਹੁਤ ਮੰਦਭਾਗਾ ਹੈ।
ਕਾਹਨੂੰਵਾਨ, 15 ਮਾਰਚ (ਨਿਸ਼ਾਨ ਸਿੰਘ ਚਾਹਲ): ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮਾਰਗ ਉਪਰ ਅੱਡਾ ਕੋਟ ਟੋਡਰਮੱਲ ਦੇ ਨੇੜੇ ਇਕ ਸੰਤ ਦੇ ਨਾਂ 'ਤੇ ਉਸਾਰੇ ਗਏ ਗੁਰਦੁਆਰਾ ਸ਼ਕਤੀਸਰ ਦੇ ਮੌਜੂਦਾ ਪ੍ਰਬੰਧਾਂ ਨੂੰ ਲੈ ਕੇ ਇਲਾਕੇ ਦੀ ਸੰਗਤ ਅਤੇ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਹੇ ਪ੍ਰਬੰਧਕਾਂ ਦਰਮਿਆਨ ਸਥਿਤੀ ਗੰਭੀਰ ਬਣੀ ਹੋਈ ਹੈ।
ਅੱਜ ਸਵੇਰੇ ਇਲਾਕੇ ਦੀ ਵੱਡੀ ਗਿਣਤੀ 'ਚ ਸੰਗਤ ਗੁਰਦਵਾਰੇ 'ਚ ਇਕੱਤਰ ਹੋ ਗਈ ਅਤੇ ਗੁਰਦਵਾਰੇ ਦੇ ਪ੍ਰਬੰਧਾਂ ਨੂੰ ਲੈ ਕੇ ਹਾਲਾਤ ਤਣਾਅ ਵਾਲੇ ਬਣ ਗਏ ਪਰ ਕਾਹਨੂੰਵਾਨ ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ ਵਿਸਫ਼ੋਟਕ ਹੋਈ ਸਥਿਤੀ ਉਪਰ ਕਾਬੂ ਪਾਇਆ। ਇਲਾਕੇ ਦੀ ਸੰਗਤ ਵਲੋਂ ਗੁਰਦਵਾਰੇ ਦੇ ਮੌਜੂਦਾ ਪ੍ਰਬੰਧਕ ਕੁਲਵੰਤ ਸਿੰਘ 'ਤੇ ਸੰਗਤ ਨਾਲ ਦੁਰਵਿਵਹਾਰ ਕਰਨ, ਗੁਰਦਵਾਰੇ ਦੀ ਮਾਇਆ ਹੜੱਪ ਕਰਨ ਅਤੇ ਗੁਰਦਵਾਰੇ ਦੇ ਇਕ ਸੇਵਾਦਾਰ ਦੇ ਗੰਭੀਰ ਸੱਟਾਂ ਲਗਾਉਣ ਦੇ ਦੋਸ਼ ਲਗਾਏ ਗਏ ਹਨ। ਇਲਾਕੇ ਦੇ ਮੋਹਤਬਰਾਂ ਕੈਪਟਨ ਸੁਰਜੀਤ ਸਿੰਘ, ਕਿਸ਼ੋਰ ਸਿੰਘ, ਸਰਪੰਚ ਕੁਲਦੀਪ ਸਿੰਘ, ਅਮਰੀਕ ਸਿੰਘ, ਸੂਬੇਦਾਰ ਅਰਜਨ ਸਿੰਘ ਆਦਿ ਨੇ ਦਸਿਆ ਕਿ ਇਸ ਗੁਰਦਵਾਰੇ ਦੇ ਪ੍ਰਬੰਧਾਂ ਨੂੰ ਵੇਖ ਰਹੇ ਕੁਲਵੰਤ ਸਿੰਘ ਵਲੋਂ ਜਿਥੇ ਆਪ ਹੁੰਦਰੀਆਂ ਕਰਦਿਆਂ ਹੋਇਆ ਸ਼ਰਾਰਤੀ ਅਨਸਰਾਂ ਨੂੰ ਇਸ ਗੁਰਦਵਾਰੇ 'ਚ ਪਨਾਹ ਦਿਤੀ ਜਾਂਦੀ ਹੈ, ਉਥੇ ਗੁਰਦਵਾਰਾ ਸਾਹਿਬ ਦੀ ਗੋਲਕ ਦੇ ਚੜ੍ਹਤ ਚੜ੍ਹਾਵੇ ਨੂੰ ਖ਼ੁਦ ਹੜੱਪ ਲਿਆ ਜਾ ਰਿਹਾ ਅਤੇ ਸੰਗਤ ਵਲੋਂ ਵਿਰੋਧ ਕਰਨ 'ਤੇ ਕੁਲਵੰਤ ਸਿੰਘ ਵਲੋਂ ਸੰਗਤ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ।
ਇਸ ਸਬੰਧੀ ਗੁਰਦੁਵਾਰੇ ਦੇ ਮੌਜੂਦਾ ਪ੍ਰਬੰਧਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਬਾਬਾ ਬੁੱਧ ਸਿੰਘ ਨਿੰਕੇ ਘੁੰਮਣਾਂ ਵਾਲਿਆਂ ਦੀ ਜ਼ਿੰਮੇਵਾਰੀ 'ਤੇ ਇਸ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਹਨ ਜਦਕਿ ਸੰਗਤ ਗੁਰੂ ਘਰ ਦੀ ਕਿਰਤ ਕਮਾਈ ਸੰਭਾਲਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਵਿਰੁਧ ਕੂੜ ਪ੍ਰਚਾਰ ਕਰ ਰਹੀ ਹੈ। ਬਾਬਾ ਬੁੱਧ ਸਿੰਘ ਨੇ ਕਿਹਾ ਕਿ ਗਰੂ ਘਰ ਦਾ ਇਹ ਵਿਵਾਦ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕੁਲਵੰਤ ਸਿੰਘ ਨੂੰ ਕਿਸੇ ਵੀ ਸਥਾਨ ਦੀ ਸੇਵਾ ਨਹੀਂ ਸੌਂਪੀ ਗਈ ਹੈ। ਬਾਬਾ ਬੁੱਧ ਸਿੰਘ ਨੇ ਕਿਹਾ ਕਿ ਕੁਲਵੰਤ ਸਿੰਘ ਉਨ੍ਹਾਂ ਦੇ ਪਿੰਡ ਦਾ ਜ਼ਰੂਰ ਹੈ ਪਰ ਇਸ ਗੁਰਦਵਾਰੇ ਦੇ ਵਿਵਾਦ 'ਚ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਥਾਣਾ ਕਾਹਨੂੰਵਾਨ ਦੇ ਮੁਖੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਸੰਗਤ ਅਤੇ ਕੁਲਵੰਤ ਸਿੰਘ ਨੂੰ 18 ਮਾਰਚ ਨੂੰ ਥਾਣਾ ਕਾਹਨੂੰਵਾਨ ਵਿਚ ਆਪੋ ਅਪਣਾ ਪੱਖ ਰੱਖਣ ਲਈ ਸਮਾਂ ਦਿਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਹੱਲ ਕਰਨ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।