
ਸ਼੍ਰੋਮਣੀ ਕਮੇਟੀ ਹੁਣ ਤਕ ਦੋ ਵਾਰ ਬਹਾਨਾ ਬਣਾ ਕੇ ਤਾਰੀਖ਼ਾਂ ਲੈ ਚੁਕੀ ਹੈ ਤੇ ਡਾ. ਦਿਲਗੀਰ ਦੀ ਪਟੀਸ਼ਨ ਦਾ ਜੁਆਬ ਦਾਇਰ ਨਹੀਂ ਕਰ ਸਕੀ।
ਤਰਨਤਾਰਨ 16 ਮਾਰਚ (ਚਰਨਜੀਤ ਸਿੰਘ): ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ ਵੱਲੋਂ ਅਕਾਲ ਤਖ਼ਤ ਦੇ ਪੁਜਾਰੀਆਂ ਦੇ ਹੁਕਮਨਾਮੇ ਦੇ ਖ਼ਿਲਾਫ਼ ਪੰਜਾਬ ਹਾਈ ਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਦਾ ਜਵਾਬ ਦੇਣ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਰ ਭੱਜ ਗਈ ਹੈ। ਸ਼੍ਰੋਮਣੀ ਕਮੇਟੀ ਹੁਣ ਤਕ ਦੋ ਵਾਰ ਬਹਾਨਾ ਬਣਾ ਕੇ ਤਾਰੀਖ਼ਾਂ ਲੈ ਚੁਕੀ ਹੈ ਤੇ ਡਾ. ਦਿਲਗੀਰ ਦੀ ਪਟੀਸ਼ਨ ਦਾ ਜੁਆਬ ਦਾਇਰ ਨਹੀਂ ਕਰ ਸਕੀ। ਬੀਤੇ ਦਿਨ ਵੀ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ ਹਾਈ ਕੋਰਟ ਦੇ ਜੱਜ ਨੂੰ ਕੁਝ ਹੋਰ ਸਮਾਂ ਦੇਣ ਵਾਸਤੇ ਅਰਜ਼ ਕੀਤੀ। ਹੁਣ ਅਦਾਲਤ ਨੇ ਸ਼੍ਰੋਮਣੀ ਕਮੇਟੀ ਨੂੰ 5 ਜੁਲਾਈ ਤਕ ਦੀ ਮੁਹਲਤ ਦੇ ਦਿਤੀ ਹੈ। ਚੇਤੇ ਰਹੇ ਕਿ ਡਾ ਦਿਲਗੀਰ ਦੀ ਪਟੀਸ਼ਨ ਦਾ ਜਵਾਬ ਦੇਣ ਵਾਸਤੇ ਸ਼੍ਰੋਮਣੀ ਕਮੇਟੀ ਇਕ
ਲੀਗਲ ਐਡਵਾਈਜ਼ਰੀ ਟੀਮ ਬਣਾਈ ਹੋਈ ਹੈ ਪਰ ਅਜਿਹਾ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਡਾ. ਦਿਲਗੀਰ ਦੀ ਪਟੀਸ਼ਨ ਵਿਚਲੇ ਨੁਕਤਿਆਂ ਨੂੰ ਕੱਟਣ ਵਾਸਤੇ ਕੋਈ ਦਲੀਲ ਜਾਂ ਜਵਾਬ ਨਹੀਂ ਤੇ ਉਹ ਬਹਾਨੇ ਬਣਾ ਕੇ ਕੇਸ ਨੂੰ ਲੰਮਾ ਲਿਜਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਪੁਜਾਰੀਆਂ ਉਤੇ ਭਾਰਤੀ ਵਿਧਾਨ, ਗੁਰਦੁਆਰਾ ਐਕਟ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਬੰਧ ਸਕੀਮ ਤਿੰਨਾਂ ਕਾਨੂੰਨੀ ਧਾਰਾਂ ਹੇਠ ਇਹ ਇਤਿਹਾਸਕ ਪਟੀਸ਼ਨ ਕੀਤੀ ਹੋਈ ਹੈ। ਉਸ ਨੇ ਸਿੱਖਾਂ ਨੂੰ ਅਕਾਲ ਤਖ਼ਤ 'ਤੇ ਤਲਬ ਕਰਨ ਵਾਲਿਆਂ ਨੂੰ ਹਾਈ ਕੋਰਟ ਵਿਚ ਤਲਬ ਕਰਵਾਇਆ ਹੋਇਆ ਹੈ। ਇਸ ਕੇਸ ਵਿਚ ਮਸ਼ਹੂਰ ਵਕੀਲ ਸ. ਨਵਕਿਰਨ ਸਿੰਘ ਡਾ ਦਿਲਗੀਰ ਦੇ ਕੇਸ ਦੀ ਪੈਰਵੀ ਕਰ ਰਹੇ ਹਨ।