
ਦਿੱਲੀ ਵਿਚ ਰਹਿ ਰਹੇ ਅਫ਼ਗਾਨੀ ਸਿੱਖ ਰੀਫ਼ਿਊਜੀਆਂ ਨੂੰ ਭਾਰਤੀ ਨਾਗਰਿਕਤਾ ਦਿਵਾਉਣ ਦਾ ਮਾਮਲਾ ਢਾਈ ਦਹਾਕਿਆਂ......
ਨਵੀਂ ਦਿੱਲੀ, 27 ਅਗੱਸਤ (ਅਮਨਦੀਪ ਸਿੰਘ): ਦਿੱਲੀ ਵਿਚ ਰਹਿ ਰਹੇ ਅਫ਼ਗਾਨੀ ਸਿੱਖ ਰੀਫ਼ਿਊਜੀਆਂ ਨੂੰ ਭਾਰਤੀ ਨਾਗਰਿਕਤਾ ਦਿਵਾਉਣ ਦਾ ਮਾਮਲਾ ਢਾਈ ਦਹਾਕਿਆਂ ਬਾਅਦ ਅਜੇ ਵੀ ਲਟਕਿਆ ਹੋਇਆ ਹੈ। ਅਫਗ਼ਾਨਿਸਤਾਨ ਵਿਚ ਹੋਈ ਖ਼ਾਨਾਜੰਗੀ ਪਿਛੋਂ ਸਾਲ 1992 ਵਿਚ ਕਾਬੁਲ ਤੇ ਅਫ਼ਗ਼ਾਨਿਸਤਾਨ ਤੋਂ ਉਜੜ ਕੇ, ਭਾਰਤ ਆਏ ਹਜ਼ਾਰਾਂ ਸਿੱਖਾਂ ਵਿਚੋਂ ਤਕਰੀਬਨ ਢਾਈ ਤਿੰਨ ਹਜ਼ਾਰ ਸਿੱਖ ਅਜੇ ਵੀ ਨਾਗਰਿਕਤਾ ਲੈਣ ਲਈ ਹੱਥ ਪੈਰ ਮਾਰ ਰਹੇ ਹਨ।
ਤਿਲਕ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੱਛਮੀ ਜ਼ਿਲ੍ਹਾ ਵਿਕਾਸ ਕਮੇਟੀ ਦੇ ਚੇਅਰਮੈਨ ਸ.ਜਰਨੈਲ ਸਿੰਘ ਅਫ਼ਗ਼ਾਨੀ ਰੀਫ਼ਿਊਜ਼ੀਆਂ ਨੂੰ ਨਾਗਰਿਕਤਾ ਦਿਵਾਉਣ ਲਈ ਅੱਗੇ ਆਏ ਹਨ। 'ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਸ. ਜਰਨੈਲ ਸਿੰਘ ਨੇ ਕਿਹਾ ਕਿ ਅਜੇ ਵੀ ਤਕਰੀਬਨ ਢਾਈ ਤੋਂ ਤਿੰਨ ਹਜ਼ਾਰ ਅਫ਼ਗ਼ਾਨੀ ਰਿਫ਼ਿਊਜੀ ਹਨ, ਜਿਨ੍ਹਾਂ ਨੂੰ ਨਾਗਰਿਕਤਾ ਨਹੀਂ ਮਿਲੀ। ਉਨ੍ਹਾਂ ਦਸਿਆ ਕਿ ਅੱਜ ਅਫ਼ਗ਼ਾਨੀ ਜਥੇਬੰਦੀਆਂ ਦੀ ਇਕ ਕਮੇਟੀ ਵੀ ਕਾਇਮ ਕੀਤੀ ਗਈ ਹੈ, ਜੋ ਲੋੜ ਮੁਤਾਬਕ ਐਸਡੀਐਮ ਨਾਲ ਇਸ ਮਸਲੇ 'ਤੇ ਮੀਟਿੰਗ ਕਰ ਕੇ, ਲੋੜੀਂਦਾ ਸਹਿਯੋਗ ਕਰੇਗੀ।
ਅੱਜ ਸ.ਜਰਨੈਲ ਸਿੰਘ ਦੀ ਅਗਵਾਈ ਵਿਚ ਇਥੋਂ ਦੇ ਗੁਰਦਵਾਰਾ ਗੁਰੂ ਅਰਜਨ ਦੇਵ, ਮਹਾਂਵੀਰ ਨਗਰ ਵਿਖੇ ਇਕ ਵਿਸ਼ੇਸ਼ ਕੈਂਪ ਲਾਇਆ ਗਿਆ ਜਿਸ ਵਿਚ ਐਸਡੀਐਮ ਪਟੇਲ ਨਗਰ ਜਤਿਨ ਗੋਇਲ ਨੇ ਪੁੱਜ ਕੇ, ਅਫ਼ਗ਼ਾਨੀ ਰੀਫ਼ਿਊਜੀਆਂ ਦੀ ਲਟਕੀ ਪਈ ਦਰਖ਼ਾਸਤਾਂ, ਕਾਗ਼ਜ਼ਾਂ ਦੀ ਪੜਤਾਲ ਤੇ ਹੋਰ ਸਬੰਧਤ ਨੁਕਤਿਆਂ ਬਾਰੇ ਖੁਲ੍ਹ ਕੇ ਦਸਿਆ। ਐਸਡੀਐਮ ਨੇ ਭਰੋਸਾ ਦਿਤਾ ਕਿ ਮਹੀਨੇ ਵਿਚ ਇਕ ਮੀਟਿੰਗ ਹੋਵੇਗੀ ਤੇ ਉਸ ਵਿਚ ਹੋਈ ਕਾਰਵਾਈ ਬਾਰੇ ਪੜਚੋਲ ਕੀਤੀ ਜਾਵੇਗੀ। ਕੈਂਪ ਵਿਚ ਭੁਪਿੰਦਰ ਸਿੰਘ ਸੰਨੀ ਸਣੇ ਮਾਲੀਆ ਮਹਿਕਮੇ ਦੇ ਅਫਸਰ ਤੇ ਮੁਲਾਜ਼ਮ, ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਸ.ਮਨੋਹਰ ਸਿੰਘ, ਸ.ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।