
ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨਾਲ ਮੁਲਾਕਾਤ ਕਰਦਿਆਂ ਦਸਿਆ ਕਿ ਕਿਸ ਤਰ੍ਹਾਂ ਮੱਧ ਪ੍ਰਦੇਸ਼ 'ਚ ਪੁਲਿਸ ਸਿਕਲੀਗਰਾਂ 'ਤੇ ਝੂਠੇ ਪਰਚੇ ਦਰਜ ਕਰ ਰਹੀ ਹੈ
ਨਵੀਂ ਦਿੱਲੀ: 8 ਮਾਰਚ (ਅਮਨਦੀਪ ਸਿੰਘ): ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਅੱਜ ਮੱਧ ਪ੍ਰਦੇਸ਼ ਤੋਂ ਪੁੱਜੇ ਸਿਕਲੀਗਰਾਂ ਸਿੱਖਾਂ ਨੇ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨਾਲ ਮੁਲਾਕਾਤ ਕਰਦਿਆਂ ਦਸਿਆ ਕਿ ਕਿਸ ਤਰ੍ਹਾਂ ਮੱਧ ਪ੍ਰਦੇਸ਼ 'ਚ ਪੁਲਿਸ ਸਿਕਲੀਗਰਾਂ 'ਤੇ ਝੂਠੇ ਪਰਚੇ ਦਰਜ ਕਰ ਰਹੀ ਹੈ ਜਿਸ ਨਾਲ ਸਿਕਲੀਗਰ ਰੁਜ਼ਗਾਰ ਤੋਂ ਮੁਥਾਜ ਹੁੰਦੇ ਜਾ ਰਹੇ ਹਨ। ਸਿਕਲੀਗਰਾਂ 'ਤੇ ਦਰਜ ਹੋਏ ਪੁਲਿਸ ਮਾਮਲਿਆਂ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਸ.ਜੀ.ਕੇ. ਨੇ ਕਿਹਾ ਕਿ ਸਾਨੂੰ ਇਕ ਅਜਿਹੀ ਨੀਤੀ ਘੜਨ ਦੀ ਲੋੜ ਹੈ ਜਿਸ ਨਾਲ ਸਿਕਲੀਗਰਾਂ 'ਤੇ ਜੋ ਹਥਿਆਰ ਵੇਚਣ ਦੇ ਦੋਸ਼ ਲੱੱਗਦੇ ਹਨ, ਉਹ ਨਾਲ ਹੋਵੇ ਕਿਉਂਕਿ ਇਸ ਤਰ੍ਹਾਂ ਸਮੁੱਚੀ ਕੌਮ ਨੂੰ ਬਦਨਾਮੀ ਝੱਲਣੀ ਪੈਂਦੀ ਹੈ। ਸ.ਜੀ.ਕੇ. ਨੇ ਸਿਕਲੀਗਰਾਂ ਦੇ ਵਫ਼ਦ ਨੂੰ ਭਰੋਸਾ ਦਿਤਾ ਕਿ ਪਹਿਲਾਂ ਵੀ ਸਿਕਲੀਗਰਾਂ ਖ਼ਿਲਾਫ ਦਿੱਲੀ ਵਿਚ ਚਲ ਰਹੇ ਮੁਕੱਦਮਿਆਂ ਵਿਚ ਕਮੇਟੀ ਕਾਨੂੰਨੀ ਮਦਦ ਕਰ ਰਹੀ ਹੈ, ਉਸੇ ਤਰ੍ਹਾਂ ਉਹ ਹੁਣ ਵੀ ਸਿਕਲੀਗਰਾਂ ਨੂੰ ਸਹਿਯੋਗ ਦਿੰਦੇ ਰਹਿਣਗੇ। ਸਿਕਲੀਗਰਾਂ ਦੀ ਭਲਾਈ ਲਈ ਕਾਰਜਰਤ ਸਿੱਖ ਕੌਂਸਿਲ ਆਫ਼
ਸਕਾਟਲੈਂਡ ਦੇ ਅਹੁਦੇਦਾਰਾਂ ਸ.ਗੁਰਦੀਪ ਸਿੰਘ ਅਤੇ ਸੁਲੱਖਣ ਸਿੰਘ ਨੇ ਸ.ਜੀ.ਕੇ. ਨੂੰ ਅਪੀਲ ਕੀਤੀ ਕਿ ਉਹ ਸਿਕਲੀਗਰਾਂ ਦੀ ਹਰ ਢੰਗ ਨਾਲ ਮਦਦ ਕਰਨ। ਸ.ਜੀ.ਕੇ. ਨੇ ਕਿਹਾ ਕਿ ਕਮੇਟੀ ਘੱਟ-ਗਿਣਤੀਆਂ ਦੀ ਸਰਕਾਰੀ ਭਲਾਈ ਸਕੀਮਾਂ ਦਾ ਵੀ ਫਾਇਦਾ ਸਿਕਲੀਗਰਾਂ ਨੂੰ ਦਿਵਾਉਣ ਲਈ ਮਦਦ ਕਰੇਗੀ ਤਾ ਕਿ ਸਿਕਲੀਗਰਾਂ ਦੇ ਨੌਜਵਾਨਾ ਨੂੰ ਪੈਰਾਂ 'ਤੇ ਖੜਾ ਕੀਤਾ ਜਾ ਸਕੇ।ਉਨਾਂ੍ਹ ਕਿਹਾ ਕਿ ਕਮੇਟੀ ਵਲੋਂ ਇੰਦੌਰ ਨੇੜੇ ਕਾਇਮ ਹੋਈ ਆਈ.ਟੀ.ਆਈ. ਲਈ 5 ਲੱਖ ਦੀ ਮਦਦ ਕੀਤੀ ਗਈ ਸੀ, ਇਸ ਅਦਾਰੇ ਤੋਂ ਸਿਕਲੀਗਰਾਂ ਦੇ ਨੌਜਵਾਨਾਂ ਨੂੰ ਕੋਰਸ ਕਰ ਕੇ ਹੁਨਰਮੰਦ ਬਣਨਾ ਚਾਹੀਦਾ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਸ.ਭੁਪਿੰਦਰ ਸਿੰਘ ਭੁੱਲਰ ਤੇ ਕਮੇਟੀ ਦੇ ਬੁਲਾਰੇ ਸ.ਪਰਮਿੰਦਰਪਾਲ ਸਿੰਘ ਵੀ ਸ਼ਾਮਲ ਸਨ।