
ਲਗਭਗ ਦੋ ਸਾਲ ਤੋਂ ਹੋਂਦ 'ਚ ਆਈ ਗ਼ੈਰ ਸਿਆਸੀ ਤੇ ਨਿਰੋਲ ਸਿੱਖ ਨੌਜਵਾਨਾਂ ਦੀ ਧਾਰਮਕ ਜਥੇਬੰਦੀ, ਯੂਨਾਈਟਿਡ ਸਿੱਖ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ
ਚੰਡੀਗੜ੍ਹ, (ਜੀ.ਸੀ. ਭਾਰਦਵਾਜ) : ਲਗਭਗ ਦੋ ਸਾਲ ਤੋਂ ਹੋਂਦ 'ਚ ਆਈ ਗ਼ੈਰ ਸਿਆਸੀ ਤੇ ਨਿਰੋਲ ਸਿੱਖ ਨੌਜਵਾਨਾਂ ਦੀ ਧਾਰਮਕ ਜਥੇਬੰਦੀ, ਯੂਨਾਈਟਿਡ ਸਿੱਖ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸੁਧਾਰ ਕਰਨ ਦਾ ਬੀੜਾ ਚੁਕਿਆ ਹੈ। ਇਸ ਜਥੇਬੰਦੀ ਨੇ ਸ਼੍ਰੋਮਣੀ ਕਮੇਟੀ 'ਤੇ ਬਾਦਲ ਪਰਵਾਰ ਅਤੇ ਉਸ ਦੀ ਸੋਚ ਦਾ ਪਿਛਲੇ 40 ਸਾਲਾਂ ਤੋਂ ਚਲ ਰਹੇ ਕੰਟਰੋਲ ਅਤੇ ਗਲਬੇ ਨੂੰ ਵੀ ਵੰਗਾਰਿਆ ਹੈ। ਅੱਜ ਇਥੇ ਸੈਕਟਰ 28 ਦੇ ਗੁਰੂ ਗ੍ਰੰਥ ਸਾਹਿਬ ਭਵਨ 'ਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਇਸ ਪਾਰਟੀ ਦੇ ਪ੍ਰਧਾਨ, 30 ਕੁ ਸਾਲ ਦੇ
ਸਿੱਖ ਨੌਜਵਾਨ ਸ. ਜਸਵਿੰਦਰ ਸਿੰਘ ਤੇ ਜਨਰਲ ਸਕੱਤਰ ਸ. ਸੁਖਜਿੰਦਰ ਸਿੰਘ ਨੇ ਦਸਿਆ ਕਿ ਫਿਲਹਾਲ ਉਨ੍ਹਾਂ ਦੀ ਜਥੇਬੰਦੀ ਨੇ ਪਟਿਆਲਾ, ਬਰਨਾਲਾ ਤੇ ਮੋਹਾਲੀ ਜ਼ਿਲ੍ਹਿਆਂ 'ਚ ਅਪਣੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਨੁਮਾਇੰਦੇ ਤੈਨਾਤ ਕੀਤੇ ਹਨ ਜਿਹੜੇ ਲਗਾਤਾਰ ਚਰਚਾ ਕਰ ਕੇ, ਸੰਮੇਲਨਾਂ ਰਾਹੀਂ ਧਾਰਮਕ ਖੇਤਰ 'ਚ ਆਏ ਨਿਘਾਰ ਦਾ ਪਰਦਾਫ਼ਾਸ਼ ਕਰ ਰਹੇ ਹਨ। ਪਾਰਟੀ ਪ੍ਰਧਾਨ ਸ. ਜਸਵਿੰਦਰ ਸਿੰਘ ਨੇ ਇਹ ਵੀ ਦਸਿਆ ਕਿ ਪਾਰਟੀ ਦੇ ਵਿਸਥਾਰ ਲਈ ਮੋਹਾਲੀ ਦੀ ਜ਼ਿਲ੍ਹਾ ਇਕਾਈ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਬਾਦਲ ਪਰਵਾਰ ਨੇ ਸਿੱਖ ਕੌਮ ਨੂੰ ਚੜ੍ਹਦੀ ਕਲਾ 'ਚ ਰੱਖਣ ਦੀ ਬਜਾਏ ਸਿੱਖ ਧਰਮ ਨੂੰ ਅਪਣੇ ਪਰਵਾਰ ਦੇ ਬਿਜਨੈਸ ਨੂੰ ਤਰੱਕੀ ਦੇਣ ਲਈ ਸਾਰੀ ਗੋਲਕ ਦੀ ਮਾਇਆ ਵਰਤੀ ਹੈ। ਯੂਨਾਈਟਿਡ ਸਿੱਖ ਪਾਰਟੀ ਨੇ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਹੁੰਦਿਆਂ ਪਰਕਾਸ਼ ਸਿੰਘ ਬਾਦਲ ਨੇ 2015 'ਚ, ਡੇਰਾ ਪ੍ਰੇਮੀਆਂ ਤੇ ਉਸ ਦੇ ਮੁਖੀ ਨੂੰ, ਅਕਾਲ ਤਖ਼ਤ ਤੋਂ ਮਾਫ਼ੀ ਦਿਵਾਉਣ ਲਈ ਜਥੇਦਾਰ 'ਤੇ ਦਬਾਅ ਪਾਇਆ।
ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦੇ ਪੰਨਾ ਨੰਬਰ 163 'ਤੇ ਬਾਦਲਾਂ ਦੀ ਭੂਮਿਕਾ ਦਾ ਜ਼ਿਕਰ ਹੈ। ਸਿੱਖ ਨੌਜਵਾਨਾਂ ਦੀ ਇਸ ਜਥੇਬੰਦੀ ਨੇ ਆਸ ਪ੍ਰਗਟ ਕੀਤੀ ਕਿ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਬਾਦਲ ਦਲ ਵਿਰੁਧ ਸਾਫ਼-ਸੁਥਰੇ ਗੁਰਸਿੱਖਾਂ ਨੂੰ ਮੈਦਾਨ 'ਚ ਉਤਾਰ ਕੇ, ਗੁਰਦੁਆਰਿਆਂ ਦਾ ਪ੍ਰਬੰਧ, ਅਸਲੀ ਪੰਥਕ ਲੋਕਾਂ ਕੋਲ ਦਿਤਾ ਜਾਵੇਗਾ।