Giani Kuldeep Singh Gargaj News: ਪੰਜਾਬ ਪੁਲਿਸ ਸਟੇਟ ਬਣਨ ਵੱਲ ਵਧ ਰਿਹਾ ਹੈ: ਗਿਆਨੀ ਕੁਲਦੀਪ ਸਿੰਘ ਗੜਗੱਜ
Published : Mar 20, 2025, 8:50 am IST
Updated : Mar 20, 2025, 10:06 am IST
SHARE ARTICLE
Giani Kuldeep Singh Gargaj News
Giani Kuldeep Singh Gargaj News

ਸਿੱਖਾਂ ਦਾ ਤਜਰਬਾ ਹੈ ਕਿ ਅੰਗਰੇਜ਼ੀ ਸ਼ਾਸਨ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਪੁਲਿਸ ਨੂੰ ਬੇਰੋਕ ਤਾਕਤਾਂ ਮਿਲੀਆਂ ਹਨ ਤਾਂ ਇਸ ਨਾਲ ਆਮ ਲੋਕਾਂ ਦਾ ਘਾਣ ਹੋਇਆ

ਸ੍ਰੀ ਅੰਮ੍ਰਿਤਸਰ:  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਇੱਕ ਲਿਖਤੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਪੁਲਿਸ ਸਟੇਟ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਗੁਰਬਾਣੀ ਅੰਦਰ ਫੁਰਮਾਣ ਹੈ; ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥ ਭਾਵ ਕਿ ਕਿਸਾਨ ਆਪਣੇ ਪਰਿਵਾਰ ਲਈ ਤੇ ਆਪਣੇ ਸਮਾਜ ਦੇ ਢਿੱਡ ਭਰਨ ਲਈ ਕਿਰਤ ਕਰਦਾ ਹੈ।

ਪਰ ਅੱਜ ਜੋ ਵਰਤਾਰਾ ਵਾਪਰ ਰਿਹਾ ਹੈ, ਜਿਸ ਤਰ੍ਹਾਂ ਗੱਲਬਾਤ ਕਰਕੇ ਆ ਰਹੇ ਕਿਸਾਨ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਧਰਨਾਕਾਰੀ ਕਿਸਾਨਾਂ ਖਿਲਾਫ਼ ਵੱਡਾ ਐਕਸ਼ਨ ਕਰਕੇ ਉਨ੍ਹਾਂ ਦੇ ਧਰਨਿਆਂ ਨੂੰ ਪੁੱਟਿਆ ਗਿਆ ਹੈ, ਇਹ ਸਭ ਜੋ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਹੈ ਉਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਧਰਨਿਆਂ ਵਿੱਚੋਂ ਨਿਕਲੀ ਸਰਕਾਰ ਹੀ ਅੱਜ ਜਮਹੂਰੀ ਕਦਰਾਂ ਕੀਮਤਾਂ ਨੂੰ ਦਬਾਉਣ ਉੱਤੇ ਤੁਰੀ ਹੋਈ ਹੈ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਵੱਡਾ ਸਵਾਲ ਇਹ ਹੈ ਕਿ ਜਦੋਂ ਭਾਰਤ ਅੰਦਰ ਸੰਵਿਧਾਨਕ ਲੋਕਤੰਤਰ ਤੇ ਨਿਆਂ ਦੀ ਵਿਵਸਥਾ ਹੈ ਤਾਂ ਉਸਦੀ ਬਜਾਏ ਇਸ ਤਰ੍ਹਾਂ ਸ਼ਰੇਆਮ ਅਣਮਨੁੱਖੀ ਤਰੀਕੇ ਦੀਆਂ ਕਾਰਵਾਈਆਂ ਕਰਨਾ ਕਿਸ ਲੋਕਤੰਤਰ ਤੇ ਨਿਆਂ ਤੰਤਰ ਦਾ ਹਿੱਸਾ ਹੈ? ਹਾਲਾਂਕਿ ਇਸ ਨਿਆਂ ਤੰਤਰ ਨੇ ਸਿੱਖਾਂ ਨੂੰ ਕਦੇ ਵੀ ਇਨਸਾਫ਼ ਨਹੀਂ ਦਿੱਤਾ ਪਰ ਜਿੰਨਾ ਕੁ ਵੀ ਨਿਆਂ ਦਾ ਪ੍ਰਬੰਧ ਹੈ, ਉਸਦੀ ਬਜਾਏ ਪੁਲਿਸ ਹੀ ਅਦਾਲਤ ਕਿਉਂ ਬਣੀ ਹੋਈ ਹੈ? 

ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖਾਂ ਦਾ ਤਜਰਬਾ ਹੈ ਕਿ ਅੰਗਰੇਜ਼ੀ ਸ਼ਾਸਨ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਪੁਲਿਸ ਨੂੰ ਬੇਰੋਕ ਤਾਕਤਾਂ ਮਿਲੀਆਂ ਹਨ ਤਾਂ ਇਸ ਨਾਲ ਆਮ ਲੋਕਾਂ ਦਾ ਘਾਣ ਹੋਇਆ ਹੈ। ਇਸਦੀ ਮਿਸਾਲ ਸਾਡੇ ਸਾਹਮਣੇ ਹੈ ਕਿ ਤੀਹ, ਪੈਂਤੀ ਸਾਲ ਪਹਿਲਾਂ ਜਦੋਂ ਪੁਲਿਸ ਨੂੰ ਲੋੜੋਂ ਵੱਧ ਤਾਕਤਾਂ ਮਿਲੀਆਂ ਤਾਂ ਉਸ ਦੀ ਦੁਰਵਰਤੋਂ ਕਰਦਿਆਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਅਤੇ ਉਨ੍ਹਾਂ ਕੇਸਾਂ ਵਿੱਚ ਅੱਜ ਸੀਬੀਆਈ ਅਦਾਲਤਾਂ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਹੋ ਰਹੀਆਂ ਹਨ ਪਰ ਅੱਜ ਫੇਰ ਉਹੀ ਮਾਹੌਲ ਬਣਾਇਆ ਜਾ ਰਿਹਾ ਹੈ।

ਅੱਜ ਵੀ ਅਜਿਹੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ, ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਫੌਜ ਦੇ ਇੱਕ ਕਰਨਲ ਤੇ ਉਸਦੇ ਪਰਿਵਾਰ ’ਤੇ ਪੁਲਿਸ ਦਾ ਤਸ਼ੱਦਦ ਢਾਹਿਆ ਗਿਆ ਤੇ ਸਾਬਕਾ ਤੇ ਮੌਜੂਦਾ ਫੌਜੀ ਅਧਿਕਾਰੀਆਂ ਵੱਲੋਂ ਦਬਾਅ ਪੈਣ ’ਤੇ ਜਦੋਂ ਦੋਸ਼ੀ ਪੁਲਿਸ ਵਾਲਿਆਂ ਤੇ ਕਾਰਵਾਈ ਕਰਨੀ ਪੈ ਰਹੀ ਹੈ ਤੇ ਉਸ ਵਿੱਚ ਪੁਲਿਸ ‘ਅਣਪਛਾਤੀ’ ਹੋ ਗਈ। ਇਸੇ ਤਰ੍ਹਾਂ ਅੱਜ ਕਿਸਾਨਾਂ ਤੇ ਤਸ਼ੱਦਦ ਢਾਹੇ ਜਾ ਰਹੇ ਹਨ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਨਾਲ ਕੋਈ ਮਸਲਾ ਪੈਦਾ ਹੋ ਰਿਹਾ ਹੈ ਤਾਂ ਇਸਦਾ ਹੱਲ ਗੱਲਬਾਤ ਨਾਲ ਕੱਢਿਆ ਜਾਣਾ ਚਾਹੀਦਾ ਹੈ।

ਕਿਉਂਕਿ ਹੁਣ ਤੱਕ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਧਰਨਿਆਂ ਵਿੱਚ ਵੀ ਜਾਂਦੀਆਂ ਰਹੀਆਂ ਹਨ ਤੇ ਉਨ੍ਹਾਂ ਤੋਂ ਸਮਰਥਨ ਵੀ ਲੈਂਦੀਆਂ ਰਹੀਆਂ ਹਨ ਤੇ ਅੱਜ ਉਨ੍ਹਾਂ ਹੀ ਕਿਸਾਨਾਂ ’ਤੇ ਚੜ੍ਹਾਈ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਅੰਦਰ ਨਿਆਂਕਾਰੀ ਕਾਨੂੰਨ ਦਾ ਰਾਜ ਨਾ ਹੋ ਕੇ ਪੁਲਿਸ ਦਾ ਰਾਜ ਹੈ ਤੇ ਇਹ ਬਹੁਤ ਖ਼ਤਰਨਾਕ ਗੱਲ ਹੈ ਕਿਉਂਕਿ ਜਦੋਂ-ਜਦੋਂ ਵੀ ਪੰਜਾਬ ਅੰਦਰ ਪੁਲਿਸ ਦਾ ਰਾਜ ਹੋਇਆ ਹੈ। ਪੰਜਾਬ ਨੇ ਇੱਕ ਲੰਮਾ ਸੰਤਾਪ ਭੋਗਿਆ ਹੈ । 
ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਫੁਰਮਾਣ ਹੈ; ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਰਾਜੇ ਦਾ ਕੰਮ ਨਿਆਂ ਕਰਨਾ ਹੁੰਦਾ ਹੈ ਅਤੇ ਮੌਜੂਦਾ ਹਾਕਮ ਤਾਂ ਚੁਣੇ ਵੀ ਲੋਕਾਂ ਨੇ ਹੀ ਵੋਟਾਂ ਪਾ ਕੇ ਹਨ। ਇਸ ਲਈ ਜਿੰਨਾਂ ਨੇ ਵੋਟਾਂ ਪਾਈਆਂ ਹਨ ਉਨ੍ਹਾਂ ਨੂੰ ਨਿਆਂ ਦੇਣ ਦੀ ਥਾਂ ਜਬਰ ਕਰਨ ਤੋਂ ਸਰਕਾਰ ਗੁਰੇਜ਼ ਕਰੇ। ਸਰਕਾਰ ਇਹ ਗੱਲ ਚੇਤੇ ਰੱਖੇ ਕਿ ਕਿਸਾਨਾਂ ਦੇ ਧਰਨੇ ਨੂੰ ਇਸ ਤਰ੍ਹਾਂ ਪੁਲਿਸ ਜਬਰ ਨਾਲ ਚੁੱਕੇ ਜਾਣ ਦਾ ਪੰਜਾਬੀ ਮਨਾਂ ਉੱਪਰ ਗਹਿਰਾ ਤੇ ਮਾੜਾ ਪ੍ਰਭਾਵ ਪਵੇਗਾ।

ਜਾਰੀ ਕਰਤਾ: ਇੰਚਾਰਜ ਸਕੱਤਰੇਤ
ਸ੍ਰੀ ਅਕਾਲ ਤਖ਼ਤ ਸਾਹਿਬ, 
ਸ੍ਰੀ ਅੰਮ੍ਰਿਤਸਰ ਸਾਹਿਬ।
ਮ: 99145-35153

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement