
ਸੁਖਬੀਰ ਬਾਦਲ ਦੀ ਸੌਦਾ ਸਾਧ ਨਾਲ ਯਾਰੀ ਪੁਗਾਉਣ ਦੀ ਸਾਜ਼ਸ਼ ਬੇਨਕਾਬ
ਕੋਟਕਪੂਰਾ, 17 ਅਗੱਸਤ (ਗੁਰਿੰਦਰ ਸਿੰਘ) : 14 ਅਕਤੂਬਰ 2015 ਨੂੰ ਤਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਕੋਟਕਪੂਰਾ ਪੁਲਿਸ ਵਲੋਂ ਸਿੱਖ ਪ੍ਰਚਾਰਕਾਂ ਵਿਰੁਧ ਦਰਜ ਕੀਤੇ ਗਏ ਝੂਠੇ ਮਾਮਲੇ 'ਚੋਂ ਐਸ.ਆਈ.ਟੀ ਵਲੋਂ ਕਲੀਨ ਚਿਟ ਮਿਲਣ 'ਤੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ 'ਸਿਟ' ਵਲੋਂ ਸਿੱਖ ਪ੍ਰਚਾਰਕਾਂ ਨੂੰ ਮਿਲੀ ਕਲੀਨਚਿਟ ਨੇ ਇਕ ਵਾਰ ਫਿਰ ਸੁਖਬੀਰ ਬਾਦਲ ਦਾ ਝੂਠ ਨੰਗਾ ਕਰ ਦਿਤਾ। ਅੱਜ ਸਪੱਸ਼ਟ ਹੋ ਗਿਆ ਹੈ ਕਿ ਪਰਚਾ ਰੱਦ ਕਰਨ ਦਾ ਐਲਾਨ ਕਰ ਕੇ ਅਮਲੀ ਰੂਪ 'ਚ ਪਰਚਾ ਬਹਾਲ ਰੱਖ ਕੇ ਸੁਖਬੀਰ ਨੇ ਸਮੁੱਚੀ ਸਿੱਖ ਸੰਗਤ ਅਤੇ ਮੀਡੀਆ ਨਾਲ ਧੋਖਾ ਕੀਤਾ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਪ੍ਰਚਾਰਕ ਤੇ 'ਦਰਬਾਰ-ਏ-ਖ਼ਾਲਸਾ' ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਲੀਨਚਿਟ ਮਿਲਣ ਮਗਰੋਂ ਜਾਰੀ ਕੀਤੇ ਇਕ ਪ੍ਰੈੱਸ ਬਿਆਨ 'ਚ ਕਰਦਿਆਂ ਅੱਗੇ ਦਸਿਆ ਕਿ ਅਕਤੂਬਰ 2015 ਵਿਚ ਹੋਈ ਬੇਅਦਬੀ ਦੇ ਰੋਸ ਵਜੋਂ ਸਿੱਖ ਪ੍ਰਚਾਰਕਾਂ ਦੀ ਅਗਵਾਈ 'ਚ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ 'ਤੇ ਥਾਣਾ ਸਿਟੀ ਕੋਟਕਪੂਰਾ 'ਚ ਥਾਣਾ ਮੁਖੀ ਗੁਰਦੀਪ ਸਿੰਘ ਪੰਧੇਰ ਵਲੋਂ ਸੰਗੀਨ ਧਾਰਵਾਂ ਤਹਿਤ ਮੁਕੱਦਮਾ ਨੰਬਰ 192 ਦਰਜ ਕੀਤਾ ਗਿਆ ਸੀ ਜਿਸ ਤਹਿਤ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਤੇ ਸਿੱਖ ਨੌਜਵਾਨਾਂ ਉਪਰ ਅਤਿਆਚਾਰ ਵੀ ਢਾਹਿਆ ਗਿਆ ਪਰ ਤਤਕਾਲੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸਿੱਖ ਸੰਗਤ ਦੇ ਦਬਾਅ ਪਿੱਛੋਂ ਸਾਰੇ ਪਰਚੇ ਵਾਪਸ ਲੈਣ ਦਾ ਐਲਾਨ ਕਰ ਕੇ ਹਿਰਾਸਤ 'ਚ ਲਏ ਸਾਰੇ ਸਿੰਘਾਂ ਨੂੰ ਰਿਹਾਅ ਕਰ ਦਿਤਾ ਗਿਆ ਸੀ ਜਿਸ ਨਾਲ ਸਮੁੱਚੀ ਸਿੱਖ ਸੰਗਤ ਅਤੇ ਪਰਚੇ 'ਚ ਨਾਮਜ਼ਦ ਸਿੰਘ ਇਹ ਵਿਸ਼ਵਾਸ ਕਰ ਗਏ ਕਿ ਸ਼ਾਇਦ ਪਰਚਾ ਰੱਦ ਹੋ ਗਿਆ ਹੈ, ਜਦਕਿ ਪਰਚਾ ਰੱਦ ਨਹੀਂ ਸੀ ਕੀਤਾ ਗਿਆ ਜਿਸ ਦੀ ਬਣਦੀ ਤਫ਼ਤੀਸ਼ ਕਰ ਕੇ ਬੀਤੇ ਦਿਨੀਂ 'ਸਿਟ' ਵਲੋਂ ਸਾਫ਼ ਕੀਤਾ ਗਿਆ ਹੈ ਕਿ ਉਕਤ ਪਰਚਾ ਗ਼ਲਤ ਦਰਜ ਕੀਤਾ ਗਿਆ ਸੀ, ਸਿਟ ਦੀ ਉਕਤ ਪੜਤਾਲ ਨੇ ਸੁਖਬੀਰ ਬਾਦਲ ਦੇ ਧੋਖੇਬਾਜ਼ ਤੇ ਝੂਠਾ ਹੋਣ ਦਾ ਪ੍ਰਮਾਣ ਦਿਤਾ ਹੈ।
Photo
ਉਨ੍ਹਾਂ ਹੋਰ ਵਿਸਥਾਰ 'ਚ ਜਾਂਦਿਆਂ ਕਿਹਾ ਕਿ ਇਸ ਤੋਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਸੁਖਬੀਰ ਬਾਦਲ ਪਰਚੇ ਨੂੰ ਬਰਕਰਾਰ ਰੱਖ ਕੇ ਸੌਦਾ ਸਾਧ ਨਾਲ ਯਾਰੀ ਪੁਗਾਉਣ ਦੀ ਤਾਕ 'ਚ ਸੀ। ਭਾਈ ਮਾਝੀ ਨੇ ਦਾਅਵਾ ਕੀਤਾ ਕਿ ਡੇਰਾ ਸਿਰਸਾ ਦੇ ਪੈਰੋਕਾਰ ਡੇਰੇ ਦਾ ਸੁਨੇਹਾ ਮਿਲਦੇ ਹੀ ਅਪਣੀ ਵੋਟ ਡੇਰੇ ਮੁਤਾਬਕ ਪਾਉਂਦੇ ਰਹੇ ਹਨ ਜਿਸ ਨਾਲ ਸੁਖਬੀਰ ਸੌਦਾ ਸਾਧ ਨੂੰ ਖ਼ੁਸ਼ ਕਰ ਕੇ ਸਮੁੱਚੇ ਪੈਰੋਕਾਰਾਂ ਦੀ ਵੋਟ ਹਾਸਲ ਕਰਨ 'ਚ ਕਾਮਯਾਬ ਹੋਣ ਦੀ ਤਾਕ 'ਚ ਸੀ।