ਹਰਿਆਣਾ ਕਮੇਟੀ ਦੇ ਪ੍ਰਧਾਨ ਨੇ ਸੰਗਤ ਨੂੰ ਵਧ ਤੋਂ ਵਧ ਵੋਟਾਂ ਬਣਾਉਣ ਵੀ ਅਪੀਲ ਕੀਤੀ
ਹਰਿਆਣਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਕਦੇ ਵੀ ਹਰਿਆਣਾ ਦੀ ਸਿੱਖ ਸੰਗਤ ਨਾਲ ਇਨਸਾਫ਼ ਨਹੀਂ ਕੀਤਾ। ਸ਼ੁਰੂ ਤੋਂ ਹੀ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਬਾਦਲ ਪਰਵਾਰ ਪਿਛਲੇ ਲੰਮੇ ਸਮੇਂ ਤੋਂ ਸੱਤਾ ’ਤੇ ਕਾਬਜ਼ ਹੋਣ ਦੇ ਬਾਵਜੂਦ ਹਰਿਆਣਾ ਸੂਬੇ ਦੀ ਸਿੱਖ ਕੌਮ ਨੂੰ ਨਜ਼ਰਅੰਦਾਜ ਕਰਦਾ ਆ ਰਿਹਾ ਹੈ ਅਤੇ ਹੁਣ ਜਦੋਂ ਹਰਿਆਣਾ ਸਰਕਾਰ ਨੇ ਸੂਬੇ ਦੇ ਸਿੱਖਾਂ ਨੂੰ ਐਚ.ਐਸ.ਜੀ.ਐਮ.ਸੀ. ਸੁਪਰੀਮ ਕੋਰਟ ਤੋਂ ਮਾਨਤਾ ਮਿਲਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਹਜ਼ਮ ਨਹੀਂ ਹੋ ਰਿਹਾ।
ਹੁਣ ਜਦੋਂ ਸੂਬਾ ਸਰਕਾਰ ਨੇ ਹਰਿਆਣਾ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਚਾਨਕ ਹਰਿਆਣਾ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ ਹੈ।
ਉਹ ਮੰਗਲਵਾਰ ਨੂੰ ਹਰਿਆਣਾ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜਥੇਦਾਰ ਅਸੰਧ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਪਰ ਹਰਿਆਣਾ ਤੋਂ ਆਏ ਮੈਂਬਰ ਦੀ ਕੋਈ ਸੁਣਵਾਈ ਨਹੀਂ ਹੋਈ। ਹਰਿਆਣਾ ਦੇ ਮੈਂਬਰਾਂ ਨੂੰ ਹਮੇਸ਼ਾ ਕੰਮ ਦਾ ਭਰੋਸਾ ਦੇ ਕੇ ਟਾਲ ਦਿਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਰਿਆਣਾ ਕਮੇਟੀ ਦੀ ਚੋਣ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਸੂਬੇ ਵਿਚ ਵਧ ਰਹੀਆਂ ਸਰਗਰਮੀਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਐਚ.ਐਸ.ਜੀ.ਐਮ.ਸੀ. ਪ੍ਰਧਾਨ ਨੇ ਕਿਹਾ ਕਿ ਸ਼ੁਕਰ ਹੈ ਕਿ ਬਾਦਲ ਪਰਵਾਰ ਅਤੇ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਕਮੇਟੀ ਦੀ ਹੋਂਦ ਨੂੰ ਪ੍ਰਵਾਨ ਕਰ ਲਿਆ ਹੈ, ਨਹੀਂ ਤਾਂ ਹੁਣ ਤੋਂ ਪਹਿਲਾਂ ਇਸ ਨੂੰ ਇਨਕਾਰ ਕੀਤਾ ਗਿਆ ਹੈ। ਹਰਿਆਣਾ ਕਮੇਟੀ ਦੇ ਪ੍ਰਧਾਨ ਨੇ ਦਸਿਆ ਕਿ 23 ਸਤੰਬਰ ਨੂੰ ਕੁਰੂਕਸ਼ੇਤਰ ਦੇ ਮੁੱਖ ਦਫ਼ਤਰ ਵਿਚ ਇਕ ਅਹਿਮ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਮੈਂਬਰ ਮੀਟਿੰਗ ਕਰਨਗੇ ਅਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਹਰਿਆਣਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪੂਰੀ ਤਰ੍ਹਾਂ ਉਤਸ਼ਾਹਤ ਹੈ। ਕਮੇਟੀ ਦੇ ਅਧਿਕਾਰੀ ਆਪੋ-ਅਪਣੇ ਇਲਾਕੇ ਵਿਚ ਸੰਗਤਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਵਧ ਤੋਂ ਵਧ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ।
ਇਸ ਮੌਕੇ ਹਰਿਆਣਾ ਕਮੇਟੀ ਮੈਂਬਰ ਸਾਹਬ ਸਿੰਘ, ਕਵਲਜੀਤ ਸਿੰਘ ਅਜਰਾਣਾ, ਐਚ.ਐਸ.ਜੀ.ਐਮ.ਸੀ. ਦੇ ਮੁੱਖ ਸਕੱਤਰ ਜਸਵਿੰਦਰ ਸਿੰਘ ਦੀਨਪੁਰ, ਸਕੱਤਰ ਸਰਬਜੀਤ ਸਿੰਘ, ਜਨਰਲ ਬਰਾਂਚ ਇੰਚਾਰਜ ਸਤਪਾਲ ਸਿੰਘ ਆਦਿ ਹਾਜ਼ਰ ਸਨ।